ਦਿੜ੍ਹਬਾ ਦੇ ਪਿੰਡ ਤੂਰ ਬਣਜਾਰਾ 'ਚ ਪਰਿਵਾਰ ਦੀ ਸਹਿਮਤੀ ਨਾਲ ਹੋਇਆ ਗੁਲਜਾਰ ਸਿੰਘ ਦਾ ਅੰਤਿਮ ਸਸਕਾਰ- ਪੁੱਤ ਨੇ ਕੀਤਾ ਖੁਲਾਸਾ, ਕਿਹਾ ਭਰਾ ਨੂੰ ਸਰਕਾਰੀ ਨੌਕਰੀ ਮਿਲੀ, ਖਰਚਾ ਵੀ ਸਰਕਾਰ ਨੇ ਕੀਤਾ
ਤੂਰ ਬਣਜਾਰਾ ਖੁਦਕੁਸ਼ੀ ਮਾਮਲਾ: ਪ੍ਰਸ਼ਾਸਨ ਵਲੋਂ ਨੌਕਰੀ ਤੇ ਮੁਆਵਜ਼ੇ ਦੇ ਭਰੋਸੇ ਤੋਂ ਬਾਅਦ ਪਰਿਵਾਰ ਨੇ ਕੀਤਾ ਸੰਸਕਾਰ
ਮੰਤਰੀ ਹਰਪਾਲ ਚੀਮਾ ਦੇ ਸਮਾਗਮ 'ਚ ਸਵਾਲ ਪੁੱਛਣ ਵਾਲੇ ਵਿਅਕਤੀ ਦੀ ਮੌਤ ਦਾ ਮਾਮਲਾ: ਮਹਿਲਾ ਸਰਪੰਚ ਦਾ ਪਤੀ ਗ੍ਰਿਫ਼ਤਾਰ, ਪੁਲਿਸ ਛਾਉਣੀ 'ਚ ਬਦਲਿਆ ਪਿੰਡ
Babushahi Network
ਸੰਗਰੂਰ/ਦਿੜ੍ਹਬਾ, 8 ਸਤੰਬਰ 2026: ਸੰਗਰੂਰ ਜ਼ਿਲ੍ਹੇ ਦੇ ਹਲਕਾ ਦ੍ਰਿੜਬਾ ਅਧੀਨ ਆਉਂਦੇ ਪਿੰਡ ਤੂਰ ਬਣਜਾਰਾ ਵਿਖੇ ਬੀਤੇ ਦਿਨ ਖੁਦਕੁਸ਼ੀ ਕਰਨ ਵਾਲੇ ਗੁਲਜ਼ਾਰ ਸਿੰਘ ਦਾ ਪਰਿਵਾਰ ਦੀ ਸਹਿਮਤੀ ਨਾਲ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਭਾਰੀ ਪੁਲਿਸ ਬਲ ਦੀ ਮੌਜੂਦਗੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਿੰਡ ਵਿੱਚ ਤਣਾਅਪੂਰਨ ਸਥਿਤੀ ਨੂੰ ਦੇਖਦਿਆਂ ਹੋਇਆਂ ਪ੍ਰਸ਼ਾਸਨ ਵਲੋਂ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਸੀ। ਦੱਸਣਯੋਗ ਹੈ ਕਿ ਗੁਲਜ਼ਾਰ ਸਿੰਘ ਨੇ ਪਿੰਡ ਦੇ ਹੀ ਕੁਝ ਪ੍ਰਭਾਵਸ਼ਾਲੀ ਲੋਕਾਂ ਅਤੇ ਪੰਚਾਇਤ ਨਾਲ ਜੁੜੇ ਆਗੂਆਂ ਦੀ ਕਥਿਤ ਤੰਗ-ਪ੍ਰੇਸ਼ਾਨੀ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ, ਜਿਸ ਤੋਂ ਬਾਅਦ ਇਲਾਕੇ ਵਿੱਚ ਵੱਡਾ ਰੋਸ ਫੈਲ ਗਿਆ ਸੀ।
ਪਰਿਵਾਰਿਕ ਮੈਂਬਰਾਂ ਮੁਤਾਬਿਕ, ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੀੜਤ ਪਰਿਵਾਰ ਵਿਚਕਾਰ ਲੰਬੀ ਗੱਲਬਾਤ ਹੋਈ। ਗੁਲਜ਼ਾਰ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੁੱਖ ਮੰਗਾਂ ਨੂੰ ਮੰਨ ਲਿਆ ਹੈ। ਪ੍ਰਸ਼ਾਸਨ ਵਲੋਂ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਅਤੇ ਵਿੱਤੀ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਗਿਆ ਹੈ।
ਲਖਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਪੂਰੀ ਸਹਿਮਤੀ ਨਾਲ ਹੀ ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਉਨ੍ਹਾਂ ਦੇ ਭਰਾ ਨੂੰ ਸਰਕਾਰੀ ਨੌਕਰੀ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਾਰਾ ਖਰਚਾ ਵੀ ਸਰਕਾਰ ਦੁਆਰਾ ਹੀ ਕੀਤਾ ਗਿਆ ਹੈ। ਲਖਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਵਲੋਂ ਲਏ ਗਏ ਇਨ੍ਹਾਂ ਫੈਸਲਿਆਂ ਅਤੇ ਦਿੱਤੇ ਭਰੋਸੇ ਤੋਂ ਪਰਿਵਾਰ ਪੂਰੀ ਤਰ੍ਹਾਂ ਸੰਤੁਸ਼ਟ ਹੈ।
ਗੁਲਜ਼ਾਰ ਸਿੰਘ ਨੇ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਨੂੰ ਲੈ ਕੇ ਪੁੱਛੇ ਸਨ ਸਵਾਲ
ਜਾਣਕਾਰੀ ਲਈ ਦੱਸਦੇ ਚੱਲੀਏ ਕਿ, ਬੀਤੇ ਦਿਨੀਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਇੱਕ ਜਨਤਕ ਸਮਾਗਮ ਦੌਰਾਨ ਗੁਲਜ਼ਾਰ ਸਿੰਘ ਨੇ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਨੂੰ ਲੈ ਕੇ ਨਿਡਰਤਾ ਨਾਲ ਸਵਾਲ ਪੁੱਛੇ ਸਨ। ਦੋਸ਼ ਹੈ ਕਿ ਇਸ ਘਟਨਾ ਤੋਂ ਬਾਅਦ ਪਿੰਡ ਦੀ ਪੰਚਾਇਤ ਦੇ ਆਗੂ ਅਤੇ ਪ੍ਰਭਾਵਸ਼ਾਲੀ ਵਿਅਕਤੀ ਗੁਲਜ਼ਾਰ ਸਿੰਘ ਨਾਲ ਰੰਜਿਸ਼ ਰੱਖਣ ਲੱਗ ਪਏ। ਪਰਿਵਾਰਕ ਮੈਂਬਰਾਂ ਅਨੁਸਾਰ, ਪੰਚਾਇਤੀ ਆਗੂਆਂ ਦੁਆਰਾ ਗੁਲਜ਼ਾਰ ਸਿੰਘ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਸ 'ਤੇ ਮਾਨਸਿਕ ਦਬਾਅ ਪਾਇਆ ਜਾ ਰਿਹਾ ਸੀ। ਇਨ੍ਹਾਂ ਧਮਕੀਆਂ ਅਤੇ ਖੱਜਲ-ਖੁਆਰੀ ਤੋਂ ਅੱਕ ਕੇ ਗੁਲਜ਼ਾਰ ਸਿੰਘ ਨੇ ਇਹ ਖੌਫਨਾਕ ਕਦਮ ਚੁੱਕਦਿਆਂ ਆਤਮ-ਹੱਤਿਆ ਕਰ ਲਈ।
ਇਸ ਘਟਨਾ ਤੋਂ ਬਾਅਦ ਹਰਕਤ ਵਿੱਚ ਆਈ ਸੰਗਰੂਰ ਜ਼ਿਲ੍ਹੇ ਦੇ ਥਾਣਾ ਦਿੜ੍ਹਬਾ ਵਿੱਚ ਪੁਲਿਸ ਨੇ 5 ਲੋਕਾਂ (ਬਲਜੀਤ ਸਿੰਘ ਉਰਫ਼ ਰਾਜ ਪੁੱਤਰ ਜੋਗਿੰਦਰ ਸਿੰਘ, ਸੁਖਦੇਵ ਸਿੰਘ ਸੁੱਖਾ ਕਡੰਕਟਰ ਪੁੱਤਰ ਮੁਕੰਦ ਸਿੰਘ, ਵਿੱਕੀ ਸਿੰਘ ਪੁੱਤਰ ਸੂਬਾ ਸਿੰਘ, ਗੋਨਾ ਸਿੰਘ ਪੁੱਤਰ ਬਾਬੂ ਸਿੰਘ ਅਤੇ ਬਲਜਿੰਦਰ ਕੌਰ ਪਤਨੀ ਬਲਜੀਤ ਸਿੰਘ ਉਰਫ਼ ਰਾਜ ਵਾਸੀਅਨ ਪਿੰਡ ਤੂਰ ਬਣਜਾਰਾ) ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS), 2023 ਦੀ ਧਾਰਾ 108 ਦੇ ਨਾਲ-ਨਾਲ SC/ST (Prevention of Atrocities) Act ਦੀਆਂ ਧਾਰਾਵਾਂ 3(1)(r) ਅਤੇ 3(1)(s) ਤਹਿਤ FIR ਦਰਜ ਕੀਤੀ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਹੋਇਆ ਮਹਿਲਾ ਸਰਪੰਚ ਦੇ ਪਤੀ ਬਲਜੀਤ ਸਿੰਘ ਉਕਤ ਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਅੰਤਿਮ ਸੰਸਕਾਰ ਤੋਂ ਪਹਿਲਾਂ ਪਿੰਡ 'ਚ ਜ਼ੋਰਦਾਰ ਹੰਗਾਮਾ
ਗੁਲਜ਼ਾਰ ਸਿੰਘ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਪਿੰਡ ਵਿੱਚ ਜ਼ੋਰਦਾਰ ਹੰਗਾਮਾ ਦੇਖਣ ਨੂੰ ਮਿਲਿਆ। ਵਿਰੋਧੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਮੌਕੇ 'ਤੇ ਪਹੁੰਚ ਕੇ ਦੋਸ਼ ਲਗਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਦੋਸ਼ੀਆਂ ਨੂੰ ਬਚਾਉਣ ਲਈ ਪੀੜਤ ਪਰਿਵਾਰ 'ਤੇ ਦਬਾਅ ਪਾ ਰਹੇ ਹਨ। ਵਿਰੋਧੀ ਧਿਰਾਂ ਨੇ ਇਹ ਵੀ ਆਰੋਪ ਲਗਾਏ ਕਿ ਪ੍ਰਸ਼ਾਸਨ ਵਲੋਂ ਮ੍ਰਿਤਕ ਦਾ ਜਬਰੀ ਸੰਸਕਾਰ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਮਾਹੌਲ ਕਾਫੀ ਗਰਮਾ ਗਿਆ ਸੀ, ਜਿਸ ਨੂੰ ਸੰਭਾਲਣ ਲਈ ਪੁਲਿਸ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ।
ਦੂਜੇ ਪਾਸੇ, ਸਰਕਾਰ ਦੇ ਬੁਲਾਰਿਆਂ ਨੇ ਵਿਰੋਧੀ ਧਿਰਾਂ ਵਲੋਂ ਲਗਾਏ ਗਏ ਇਨ੍ਹਾਂ ਸਾਰੇ ਦੋਸ਼ਾਂ ਦਾ ਸਖ਼ਤੀ ਨਾਲ ਖੰਡਨ ਕੀਤਾ ਹੈ। ਸਰਕਾਰੀ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਸਰਕਾਰ ਪੀੜਤ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਇਸ ਮਾਮਲੇ ਵਿੱਚ ਕੋਈ ਵੀ ਸਿਆਸੀ ਦਖਲਅੰਦਾਜ਼ੀ ਨਹੀਂ ਕੀਤੀ ਜਾ ਰਹੀ। ਪੁਲਿਸ ਅਤੇ ਪ੍ਰਸ਼ਾਸਨ ਅਨੁਸਾਰ ਸਾਰੀ ਕਾਰਵਾਈ ਪੂਰੀ ਪਾਰਦਰਸ਼ਤਾ ਨਾਲ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਆਗੂਆਂ ਖਿਲਾਫ ਬਿਨਾਂ ਕਿਸੇ ਭੇਦਭਾਵ ਦੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਗੁਲਜ਼ਾਰ ਸਿੰਘ ਦੇ ਪੁੱਤ ਵੱਲੋਂ ਦਰਜ ਕਰਵਾਈ ਗਈ FIR ਵਿੱਚ ਕੀ ਕੁੱਝ ਹੈ?
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਲਖਵਿੰਦਰ ਸਿੰਘ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ, 6 ਸਤੰਬਰ 2026 ਨੂੰ ਸਾਡੇ ਪਿੰਡ ਦੀ ਪੰਚਾਇਤ ਵੱਲੋਂ ਸੜਕਾਂ ਅਤੇ ਹੋਰ ਵਿਕਾਸ ਕਾਰਜਾਂ ਦਾ ਕੰਮ ਕਰਵਾਇਆ ਸੀ, ਜਿਸ ਸਬੰਧੀ ਨੀਂਹ ਪੱਥਰ ਰੱਖਣ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬੁਲਾਇਆ ਗਿਆ ਸੀ। ਜਿੱਥੇ ਮੇਰੇ ਪਿਤਾ (ਗੁਲਜਾਰ ਸਿੰਘ) ਨੇ ਨਸ਼ੇ ਸਬੰਧੀ ਸਵਾਲ ਕੀਤਾ ਸੀ, ਫਿਰ ਉਸ ਤੋਂ ਬਾਅਦ ਸ਼ਾਮ ਨੂੰ ਗੁਲਜਾਰ ਸਿੰਘ ਵੱਲੋਂ ਕੀਤੇ ਗਏ ਸਵਾਲ ਸਬੰਧੀ ਪੁਲਿਸ ਸਾਡੇ ਘਰ ਆਈ ਅਤੇ ਗੁਲਜਾਰ ਸਿੰਘ ਵੱਲੋਂ ਨਸ਼ੇ ਸਬੰਧੀ ਪੁੱਛਗਿੱਛ ਕੀਤੀ ਸੀ। ਜਿਸਨੂੰ ਪੰਚਾਇਤ ਨੇ ਆਪਣੀ ਹੇਠੀ ਸਮਝਿਆ। ਜਿਸ ਤੋਂ ਬਾਅਦ ਪਿੰਡ ਦੇ ਵਸਨੀਕ ਬਲਜੀਤ ਸਿੰਘ, ਸੁੱਖਾ ਕਡੰਕਟਰ, ਵਿੱਕੀ, ਗੋਨਾ ਅਤੇ ਬਲਜਿੰਦਰ ਕੌਰ ਵੱਲੋਂ ਗੁਲਜਾਰ ਸਿੰਘ ਨੂੰ ਕਾਫੀ ਜਲੀਲ ਕੀਤਾ ਗਿਆ ਅਤੇ ਕਾਫੀ ਡਰਾਇਆ ਧਮਕਾਇਆ ਗਿਆ। ਜਾਤੀ ਸਬੰਧੀ ਅਪਸ਼ਬਦ ਵੀ ਬੋਲੇ ਗਏ ਅਤੇ ਕਾਫ਼ੀ ਬੇਇਜਤੀ ਕੀਤੀ ਗਈ।
ਲਖਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ, ਉਸ ਦੇ ਪਿਤਾ ਗੁਲਜਾਰ ਸਿੰਘ ਨੂੰ 7 ਸਤੰਬਰ ਨੂੰ ਬਲਜੀਤ ਸਿੰਘ ਉਰਫ਼ ਰਾਜ ਨੇ ਆਪਣੇ ਘਰ ਪੰਚਾਇਤ ਦੀ ਹਾਜ਼ਰੀ ਵਿੱਚ ਮੁਆਫ਼ੀ ਮੰਗਣ ਲਈ ਬੁਲਾਇਆ, ਜਿਸ ਦੀ ਨਾਮੋਸ਼ੀ ਕਾਰਨ ਅਤੇ ਆਪਣੀ ਬੇਇਜਤੀ ਨੂੰ ਨਾ ਸਹਾਰਦੇ ਹੋਏ ਗੁਲਜਾਰ ਸਿੰਘ ਨੇ ਕੋਈ ਜ਼ਹਿਰੀਲੀ ਚੀਜ ਖਾ ਪੀ ਲਈ ਸੀ। ਹਾਲਾਂਕਿ ਉਕਤ ਸਭ ਦੀ ਗੱਲ ਮੇਰੇ ਪਿਤਾ (ਗੁਲਜਾਰ ਸਿੰਘ) ਨੇ ਮੈਨੂੰ ਦੁਪਹਿਰ ਕਰੀਬ 12 ਵਜੇ ਦੱਸੀ, ਜਿਸ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਸੰਗਰੂਰ ਲੈ ਗਏ, ਪਰ ਹਾਲਤ ਗੰਭੀਰ ਵੇਖਦਿਆਂ ਹੋਇਆ ਡਾਕਟਰਾਂ ਨੇ ਉਨ੍ਹਾਂ ਨੂੰ ਰਾਜਿਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ, ਜਿੱਥੇ ਆਈਸੀਯੂ ਵਿੱਚ ਬੈੱਡ ਨਾ ਮਿਲਣ ਕਾਰਨ ਗੁਲਜਾਰ ਸਿੰਘ ਨੂੰ ਫਿਰ ਹਸਪਤਾਲ ਸੰਗਰੂਰ ਲੈ ਆਏ, ਜਿੱਥੇ ਡਾਕਟਰਾਂ ਨੇ ਕੁੱਝ ਸਮਾਂ ਇਲਾਜ ਕਰਨ ਤੋਂ ਬਾਅਦ ਮੇਰੇ ਪਿਤਾ ਨੂੰ ਡੀਐਮਸੀ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ, ਜਿੱਥੇ ਦੌਰਾਨੇ ਇਲਾਜ ਗੁਲਜਾਰ ਸਿੰਘ (ਮੇਰਾ ਪਿਤਾ) ਦਮ ਤੋੜ ਗਿਆ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਲਖਵਿੰਦਰ ਸਿੰਘ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ, ਉਸ ਦੇ ਪਿਤਾ ਗੁਲਜ਼ਾਰ ਸਿੰਘ ਨੇ ਕਥਿਤ ਤੌਰ ’ਤੇ ਕੁਝ ਵਿਅਕਤੀਆਂ ਵੱਲੋਂ ਕੀਤੀ ਜਾ ਰਹੀ ਪ੍ਰੇਸ਼ਾਨੀ ਅਤੇ ਦਬਾਅ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਸ ਦੇ ਪਿਤਾ ਵੱਲੋਂ ਘਟਨਾ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ’ਤੇ ਇੱਕ ਵੀਡੀਓ ਬਣਾਈ ਗਈ ਸੀ। ਬਿਆਨ ਮੁਤਾਬਕ ਇਸ ਵੀਡੀਓ ਨੂੰ ਪੁਲਿਸ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ।
ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਖਵਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਬਲਜੀਤ ਸਿੰਘ ਉਰਫ਼ ਰਾਜ ਪੁੱਤਰ ਜੋਗਿੰਦਰ ਸਿੰਘ, ਸੁਖਦੇਵ ਸਿੰਘ ਸੁੱਖਾ ਕਡੰਕਟਰ ਪੁੱਤਰ ਮੁਕੰਦ ਸਿੰਘ, ਵਿੱਕੀ ਸਿੰਘ ਪੁੱਤਰ ਸੂਬਾ ਸਿੰਘ, ਗੋਨਾ ਸਿੰਘ ਪੁੱਤਰ ਬਾਬੂ ਸਿੰਘ ਅਤੇ ਬਲਜਿੰਦਰ ਕੌਰ ਪਤਨੀ ਬਲਜੀਤ ਸਿੰਘ ਉਰਫ਼ ਰਾਜ ਵਾਸੀਅਨ ਤੂਰਬਣਜਾਰਾ (ਦ੍ਰਿੜਬਾ, ਸੰਗਰੂਰ) ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
- Download Babushahi App
-
-