ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਲਾਏ ਕੈਂਪ ਦੌਰਾਨ 128 ਵਿਅਕਤੀਆਂ ਨੇ ਕੀਤਾ ਖੂਨਦਾਨ
ਅਸ਼ੋਕ ਵਰਮਾ
ਬਠਿੰਡਾ, 8 ਸਤੰਬਰ 2026: ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸੀਰਿਕਾ ਦੀ ਸਰਪ੍ਰਸਤੀ ਹੇਠ ਮੰਗਲਵਾਰ ਨੂੰ ਖ਼ੂਨਦਾਨ ਕੈਂਪ ਲਗਾਇਆ ਗਿਆ। ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਲੋੜਵੰਦਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਉਦੇਸ਼ ਨਾਲ ਲਗਾਏ ਗਏ ਇਸ ਕੈਂਪ ਵਿੱਚ ਫੈਕਲਟੀ ਮੈਂਬਰਾਂ, ਸਟਾਫ਼ ਅਤੇ ਵਿਦਿਆਰਥੀਆਂ ਸਮੇਤ 128 ਵਿਅਕਤੀਆਂ ਨੇ ਖੂਨਦਾਨ ਕੀਤਾ। ਇਹ ਖ਼ੂਨਦਾਨ ਕੈਂਪ ਜਨ ਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ, ਯੂਨੀਵਰਸਿਟੀ ਹੈਲਥ ਸੈਂਟਰ, ਸੀਯੂ ਪੰਜਾਬ ਰੇਡੀਓ 89.6 ਐਫ.ਐਮ. ਅਤੇ ਲੋਕ ਸੰਪਰਕ ਦਫ਼ਤਰ ਵੱਲੋਂ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਸੈਂਟਰ, ਬਠਿੰਡਾ ਅਤੇ ਪੰਜਾਬ ਕੇਸਰੀ ਗਰੁੱਪ ਦੇ ਸਹਿਯੋਗ ਨਾਲ ਲਗਾਇਆ ਗਿਆ।
ਇਸ ਪ੍ਰੋਗਰਾਮ ਦਾ ਉਦਘਾਟਨ ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਖ਼ੂਨਦਾਨ ਕੈਂਪ ਯੂਨੀਵਰਸਿਟੀ ਦੀ ਸਮਾਜਿਕ ਜ਼ਿੰਮੇਵਾਰੀ ਅਤੇ ਜਨ ਸਿਹਤ ਪ੍ਰਤੀ ਵਚਨਬੱਧਤਾ ਨੂੰ ਦਰਸਾਉਣ ਦਾ ਇੱਕ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਨਿਰਸਵਾਰਥ ਭਾਵਨਾ ਨਾਲ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦੀ ਸ਼ਲਾਘਾ ਕੀਤੀ ਅਤੇ ਯੂਨੀਵਰਸਿਟੀ ਭਾਈਚਾਰੇ ਨੂੰ ਅਜਿਹੀਆਂ ਲੋਕ-ਭਲਾਈ ਦੀਆਂ ਪਹਿਲਕਦਮੀਆਂ ਵਿੱਚ ਸਰਗਰਮੀ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡੀਨ ਵਿਦਿਆਰਥੀ ਭਲਾਈ ਪ੍ਰੋ. ਸੰਜੀਵ ਠਾਕੁਰ, ਸਕੂਲ ਆਫ਼ ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨ ਸਟੱਡੀਜ਼ ਦੇ ਡੀਨ ਪ੍ਰੋ. ਭਵ ਨਾਥ ਪਾਂਡੇ, ਜਨ ਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੇ ਮੁਖੀ ਅਤੇ ਸੀਯੂ ਪੰਜਾਬ ਰੇਡੀਓ 89.6 ਐਫ.ਐਮ. ਦੇ ਡਾਇਰੈਕਟਰ ਡਾ. ਰੁਬਲ ਕਨੋਜੀਆ ਅਤੇ ਜਨ ਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਕਿੰਸ਼ੁਕ ਪਾਠਕ ਸਮੇਤ ਯੂਨੀਵਰਸਿਟੀ ਅਧਿਕਾਰੀਆਂ ਨੇ ਵਿਦਿਆਰਥੀਆਂ ਅਤੇ ਹੋਰ ਭਾਗੀਦਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਜਨ ਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੇ ਫੈਕਲਟੀ ਮੈਂਬਰਾਂ ਨੇ ਵੀ ਕੈਂਪ ਦੇ ਸੁਚਾਰੂ ਆਯੋਜਨ ਵਿੱਚ ਸਰਗਰਮ ਯੋਗਦਾਨ ਪਾਇਆ।
ਪ੍ਰੋਗਰਾਮ ਦੌਰਾਨ ਸ੍ਰੀ ਅਜੀਤ ਸਿੰਘ, ਸ੍ਰੀ ਰਣਜੀਤ ਸਿੰਘ ਅਤੇ ਡਾ. ਪ੍ਰਿਆ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਸੈਂਟਰ, ਬਠਿੰਡਾ ਦੀ ਮੈਡੀਕਲ ਟੀਮ ਨੇ ਖੂਨਦਾਨ ਪ੍ਰਕਿਰਿਆ ਤੋਂ ਪਹਿਲਾਂ ਭਾਗੀਦਾਰਾਂ ਦੀ ਸਿਹਤ ਦੀ ਮੁੱਢਲੀ ਜਾਂਚ ਕੀਤੀ। ਮੈਡੀਕਲ ਟੀਮ ਨੇ ਯੂਨੀਵਰਸਿਟੀ ਹੈਲਥ ਸੈਂਟਰ ਦੇ ਸਟਾਫ਼ ਦੇ ਸਹਿਯੋਗ ਨਾਲ ਖੂਨਦਾਨ ਨਾਲ ਸਬੰਧਤ ਸਾਰੀਆਂ ਲੋੜੀਂਦੀਆਂ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ ਅਤੇ ਖੂਨਦਾਨ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ। ਇਸ ਕੈਂਪ ਦੌਰਾਨ ਕੁੱਲ 128 ਯੂਨਿਟ ਖੂਨ ਇਕੱਠਾ ਕੀਤਾ ਗਿਆ। ਸਾਰੇ ਖੂਨਦਾਨੀਆਂ ਨੂੰ ਉਨ੍ਹਾਂ ਦੇ ਅਮੁੱਲੇ ਯੋਗਦਾਨ ਲਈ ਪ੍ਰਸ਼ੰਸਾ ਦੇ ਚਿੰਨ੍ਹ ਵਜੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਖ਼ੂਨਦਾਨ ਕੈਂਪ ਵਿੱਚ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਸਟਾਫ਼ ਵੱਲੋਂ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੇ ਅੰਤ ਵਿੱਚ ਮੈਡੀਕਲ ਅਫ਼ਸਰ ਡਾ. ਹਰਸ਼ਪ੍ਰੀਤ ਕੌਰ ਅਤੇ ਲੋਕ ਸੰਪਰਕ ਅਫ਼ਸਰ ਸ੍ਰੀ ਰੌਬਿਨ ਜਿੰਦਲ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਹਿਯੋਗੀ ਭਾਗੀਦਾਰਾਂ ਵੱਲੋਂ ਦਿੱਤੇ ਗਏ ਅਮੁੱਲੇ ਸਹਿਯੋਗ ਲਈ ਧੰਨਵਾਦ ਕੀਤਾ। ਯੂਨੀਵਰਸਿਟੀ ਅਧਿਕਾਰੀਆਂ ਨੇ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਵਲੰਟੀਅਰਾਂ ਅਤੇ ਖੂਨਦਾਨੀਆਂ ਦਾ ਵੀ ਦਿਲੋਂ ਧੰਨਵਾਦ ਕੀਤਾ।
- Download Babushahi App
-
-