ਸਿਹਤ ਵਿਭਾਗ ਨੇ ਮਾਤਰੀ ਮੌਤ ਦਰ ਨੂੰ ਘਟਾਉਣ ਲਈ ਰਿਵਿਊ ਕਮੇਟੀ ਦੀ ਕੀਤੀ ਮੀਟਿੰਗ
ਫਤਹਿਗੜ੍ਹ ਸਾਹਿਬ 06 ਅਗਸਤ (ਗੁਰਪ੍ਰੀਤ ਸਿੰਘ ਜਖਵਾਲੀ) ਜ਼ਿਲ੍ਹੇ ਵਿੱਚ ਗਰਭਵਤੀ ਔਰਤਾਂ ਦੀ ਮੌਤ ਦਰ ਨੂੰ ਘੱਟ ਕਰਨ ਦੇ ਮੰਤਵ ਨਾਲ ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ ਅਰਵਿੰਦ ਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਮਟਰਨਲ ਡੈਥ ਰਿਵਿਊ (ਐਮ.ਡੀ.ਆਰ) ਕਮੇਟੀ ਦੀ ਮੀਟਿੰਗ ਕੀਤੀ ਅਤੇ ਭਵਿੱਖ ਵਿੱਚ ਮੌਤ ਦਰ ਨੂੰ ਹੋਰ ਘਟਾਉਣ ਲਈ ਢੁਕਵੇਂ ਉਪਰਾਲੇ ਕਰਨ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਮੀਟਿੰਗ ਦੌਰਾਨ ਜਿਲ੍ਹਾ ਟੀਕਾਕਰਨ ਅਫਸਰ ਕਮ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਰਾਜੇਸ਼ ਕੁਮਾਰ ਨੇ ਕਿਹਾ ਕਿ ਹਰੇਕ ਗਰਭਵਤੀ ਔਰਤ ਦੀ ਰਜਿਸਟਰੇਸ਼ਨ ਪਹਿਲੀ ਤਮਾਹੀ ਵਿੱਚ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਨਿਰਧਾਰਿਤ ਐਂਟੀਨੇਟਲ ਚੈੱਕ ਅਪ ਸਮੇਂ ਸਿਰ ਕਰਨੇ ਯਕੀਨੀ ਬਣਾਏ ਜਾਣ। ਗਰਭਵਤੀ ਦਾ ਮੈਡੀਸਨ ਅਤੇ ਔਰਤ ਰੋਗਾਂ ਦੇ ਮਾਹਰ ਡਾਕਟਰ ਤੋਂ ਵੀ ਚੈੱਕ ਅਪ ਕਰਵਾਇਆ ਜਾਵੇ। ਹਰੇਕ ਗਰਭਵਤੀ ਔਰਤ ਦੀ ਰਜਿਸਟਰੇਸ਼ਨ ਦੌਰਾਨ ਅਤੇ ਸਮੇਂ—ਸਮੇਂ ਤੇ ਹਾਈ ਰਿਸਕ ਪ੍ਰੈਗਨੈਂਸੀ ਦੀਆਂ 21 ਨਿਸ਼ਾਨੀਆਂ ਦੀ ਚੈੱਕ ਲਿਸਟ ਅਨੁਸਾਰ ਉਹਨਾਂ ਦੀ ਕੌਂਸਲਿੰਗ ਕੀਤੀ ਜਾਵੇ ਤਾਂ ਜੋ ਨਾਰਮਲ ਪ੍ਰੈਗਨੈਂਸੀ ਅਤੇ ਹਾਈਰਿਸ਼ਕ ਪ੍ਰੈਗਨੈਂਸੀ ਦਾ ਪਤਾ ਲੱਗ ਸਕੇ। ਹਾਈ ਰਿਸਕ ਪ੍ਰੈਗਨੈਂਸੀ ਵਿੱਚ ਗਰਭਵਤੀ ਔਰਤ ਦੇ ਐਮ.ਸੀ.ਪੀ ਕਾਰਡ ਉੱਤੇ ਲਾਲ ਰੰਗ ਦੀ ਮੋਹਰ ਲਗਾ ਕੇ ਐਚ.ਆਰ.ਪੀ ਨੋਟ ਲਿਖਿਆ ਜਾਵੇ, ਜੱਚਾ ਅਤੇ ਬੱਚਾ ਦਾ ਪੂਰਾ ਰਿਕਾਰਡ ਰੱਖਿਆ ਜਾਵੇ, ਉਸਦਾ ਕਾਰਡ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਵੱਲੋਂ ਸਮੇਂ—ਸਮੇਂ ਤੇ ਅਪਡੇਟ ਕਰਨਾ ਯਕੀਨੀ ਬਣਾਇਆ ਜਾਵੇ। ਉਸਦੀ ਡਲਿਵਰੀ ਉਚੇਰੇ ਸਰਕਾਰੀ ਹਸਪਤਾਲ ਵਿੱਚ ਕਰਵਾਈ ਜਾਵੇ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਇਸ ਮੌਕੇ ਤੇ ਐਸਐਮਓ ਡਾ ਜੈਦੀਪ ਚਾਹਲ , ਐਸਐਮਓ (ਕ)ਡਾ ਅਮਰਿੰਦਰ ਪਾਲ ਸਿੰਘ, ਔਰਤ ਰੋਗਾਂ ਦੇ ਮਾਹਿਰ ਡਾ ਨੀਰੂ ਸਿਆਲ, ਮੈਡੀਸਨ ਦੇ ਮਾਹਰ ਡਾ ਸਿ਼ਖਾ, ਜਿਲ੍ਹਾ ਪ੍ਰੋਗਰਾਮ ਮੈਨੇਜਰ ਕਸੀਤਿਜ਼ ਸੀਮਾ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਅਮਨਪ੍ਰੀਤ ਸਿੰਘ, ਜਿਲ੍ਹਾ ਮੋਨੀਟ੍ਰਿੰਗ ਤੇ ਇਵੈਲੂਏਸ਼ਨ ਅਫਸਰ ਵਿੱਕੀ ਵਰਮਾ, ਨਰਸਿੰਗ ਸਿਸਟਰ ਪਰਵਿੰਦਰ ਕੌਰ, ਮਧੂ, ਸੀ.ਐਚ.ਓ, ਮਪਹਸ ਫੀਮੇਲ ਅਤੇ ਆਸ਼ਾ ਵਰਕਰ ਹਾਜਰ ਸਨ।