ਜ਼ਿਲ੍ਹਾ ਟੀ.ਬੀ ਅਫਸਰ ਦੀ ਅਗਵਾਈ ਹੇਠ ਜਾਗਰੂਕਤਾ ਅਤੇ ਸਕਰੀਨਿੰਗ ਮੁਹਿੰਮ ਚਲਾਈ
ਅਸ਼ੋਕ Verma
ਬਠਿੰਡਾ, 6 ਅਗਸਤ 2026 :ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਰੋਜ਼ੀ ਅਗਰਵਾਲ ਦੀ ਅਗਵਾਈ ਹੇਠ ਯੂ.ਪੀ.ਐਚ.ਸੀ. ਬੇਅੰਤ ਨਗਰ ਏਰੀਆ ਵਿੱਚ ਟੀ.ਬੀ. ਸਕਰੀਨਿੰਗ ਅਤੇ ਜਾਗਰੂਕਤਾ ਮੁਹਿੰਮ ਚਲਾਈ ਗਈ।ਇਸ ਸਬੰਧੀ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੀ.ਬੀ ਦੀ ਰੋਕਥਾਮ ਲਈ ਇਲਾਜ ਦੇ ਨਾਲ ਨਾਲ ਜਾਗਰੂਕਤਾ ਦੀ ਵਧੇਰੇ ਲੋੜ ਹੈ । ਨੈਸ਼ਨਲ ਟੀ.ਬੀ ਅਲੀਮੀਨੇਸ਼ਨ ਪ੍ਰੋਗਰਾਮ ਅਧੀਨ ਚੱਲ ਰਹੀ 100 ਦਿਨਾਂ ਮੁਹਿੰਮ ਤਹਿਤ ਸਿਹਤ ਯੂ.ਪੀ.ਐਚ.ਸੀ ਬੇਅੰਤ ਨਗਰ ਏਰੀਆ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਇਲਾਕਾ ਵਾਸੀਆਂ ਦੀ ਟੀ.ਬੀ. ਸਬੰਧੀ ਸਕਰੀਨਿੰਗ ਕੀਤੀ ਗਈ ਅਤੇ ਟੀ.ਬੀ. ਦੇ ਲੱਛਣਾਂ ਜਿਵੇਂ ਕਿ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਖੰਘ, ਬੁਖਾਰ, ਰਾਤ ਨੂੰ ਪਸੀਨਾ ਆਉਣਾ, ਭਾਰ ਘਟਣਾ ਅਤੇ ਖੂਨ ਵਾਲੀ ਖੰਘ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਐਲ.ਐਚ.ਵੀ ਜਗਦੀਸ ਕੌਰ ਨੇ ਲੋਕਾਂ ਨੂੰ ਦੱਸਿਆ ਕਿ ਟੀ.ਬੀ. ਦਾ ਸਮੇਂ ਸਿਰ ਪਤਾ ਲੱਗਣ ਅਤੇ ਇਲਾਜ ਸ਼ੁਰੂ ਕਰਨ ਨਾਲ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀ.ਬੀ. ਦੀ ਜਾਂਚ, ਇਲਾਜ ਅਤੇ ਦਵਾਈਆਂ ਪੂਰੀ ਤਰ੍ਹਾਂ ਮੁਫ਼ਤ ਉਪਲਬਧ ਹਨ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਟੀ.ਬੀ. ਦੇ ਲੱਛਣ ਨਜ਼ਰ ਆਉਣ ਤਾਂ ਉਹ ਨੇੜਲੇ ਸਰਕਾਰੀ ਸਿਹਤ ਕੇਂਦਰ ਨਾਲ ਤੁਰੰਤ ਸੰਪਰਕ ਕਰਨ ਅਤੇ ਜਾਂਚ ਜ਼ਰੂਰ ਕਰਵਾਉਣ।
ਐਲ.ਐਚ.ਵੀ ਰੁਪਿੰਦਰ ਕੌਰ ਨੇ ਲੋਕਾਂ ਨੂੰ ਟੀ.ਬੀ. ਤੋਂ ਬਚਾਅ ਲਈ ਖੰਘਦੇ ਜਾਂ ਛੀਂਕਦੇ ਸਮੇਂ ਮੂੰਹ ਢੱਕਣ, ਘਰਾਂ ਵਿੱਚ ਸਾਫ਼-ਸੁਥਰਾ ਅਤੇ ਹਵਾਦਾਰ ਮਾਹੌਲ ਬਣਾਈ ਰੱਖਣ, ਪੌਸ਼ਟਿਕ ਭੋਜਨ ਖਾਣ ਅਤੇ ਇਲਾਜ ਨੂੰ ਵਿਚਕਾਰ ਨਾ ਛੱਡਣ ਲਈ ਵੀ ਪ੍ਰੇਰਿਤ ਕੀਤਾ ਗਿਆ।
ਸਿਹਤ ਵਿਭਾਗ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਟੀ.ਬੀ. ਪ੍ਰਤੀ ਜਾਗਰੂਕ ਬਣਨ, ਸ਼ੱਕੀ ਮਰੀਜ਼ਾਂ ਦੀ ਜਾਂਚ ਕਰਵਾਉਣ ਅਤੇ ਭਾਰਤ ਨੂੰ ਟੀ.ਬੀ. ਮੁਕਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਏ.ਐਨ.ਐਮ ਅਮਨਦੀਪ ਕੌਰ, ਅਤੇ ਆਸ਼ਾ ਵਰਕਰ ਮੰਜੂ ਰਾਣੀ,ਰਾਜਵੀਰ ਕੌਰ, ਪਵਿੱਤਰ ਕੌਰ ਅਤੇ ਸੀਮਾ ਰਾਣੀ ਹਾਜਰ ਸਨ ।