2027 ਚੋਣਾਂ ਦਾ ਸੁਪਰ-ਡੁਪਰ ਮੁਕਾਬਲਾ! ਕੁਲਬੀਰ ਜ਼ੀਰਾ ਦੀ ਕਾਂਗਰਸ ਹਾਈਕਮਾਨ ਤੋਂ ਵੱਡੀ ਮੰਗ, ਦਿੱਗਜਾਂ ਖ਼ਿਲਾਫ਼ ਉਤਾਰੇ ਜਾਣ ਦਿੱਗਜ
ਕਾਂਗਰਸ ਅੰਦਰੂਨੀ ਖਿੱਚੋਤਾਣ ਵਿਚਾਲੇ ਕੁਲਬੀਰ ਸਿੰਘ ਜ਼ੀਰਾ ਦਾ ਵੱਡਾ ਬਿਆਨ: "ਸੁਖਬੀਰ, ਮਾਨ, ਮਜੀਠੀਆ ਤੇ ਅੰਮ੍ਰਿਤਪਾਲ ਖ਼ਿਲਾਫ਼ ਉਤਾਰੋ ਕਾਂਗਰਸੀ ਸੂਰਮੇ"
Babushahi Network
ਚੰਡੀਗੜ੍ਹ, 5 ਅਗਸਤ 2026- ਪੰਜਾਬ ਕਾਂਗਰਸ ਵੱਲੋਂ ਸੂਬੇ ਭਰ ਵਿੱਚ ਚਲਾਈ ਜਾ ਰਹੀ "ਹਰ ਬੂਥ ਕਾਂਗਰਸ ਮਜ਼ਬੂਤ" ਮੁਹਿੰਮ ਦੇ ਦੌਰਾਨ ਪਾਰਟੀ ਅੰਦਰੂਨੀ ਸਿਆਸਤ ਅਤੇ ਚੋਣ ਰਣਨੀਤੀ ਨੂੰ ਲੈ ਕੇ ਇੱਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਇੱਕ ਪਾਸੇ ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪਾਰਟੀ ਹਾਈਕਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇ ਸਾਹਮਣੇ ਇੱਕ ਅਜਿਹਾ ਫਾਰਮੂਲਾ ਪੇਸ਼ ਕਰ ਦਿੱਤਾ ਹੈ, ਜਿਸ ਨੇ ਸੂਬੇ ਦੀ ਰਾਜਨੀਤੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
ਭੂਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੌਰੇ ਦੌਰਾਨ ਕੁਲਬੀਰ ਸਿੰਘ ਜ਼ੀਰਾ ਨੇ ਖੁੱਲ੍ਹ ਕੇ ਬਿਆਨਬਾਜ਼ੀ ਕੀਤੀ। ਉਹਨਾਂ ਨੇ ਪਾਰਟੀ ਹਾਈਕਮਾਨ ਤੋਂ ਮੰਗ ਕੀਤੀ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਰਜ ਕਰਨ ਲਈ "ਦਿੱਗਜਾਂ ਖ਼ਿਲਾਫ਼ ਦਿੱਗਜ" ਉਤਾਰਨ ਦੀ ਨੀਤੀ ਅਪਣਾਈ ਜਾਵੇ। ਜ਼ੀਰਾ ਅਨੁਸਾਰ ਵੱਡੇ ਵਿਰੋਧੀ ਚਿਹਰਿਆਂ ਨੂੰ ਘੇਰਨ ਲਈ ਕਾਂਗਰਸ ਦੇ ਸਿਖਰਲੇ ਲੀਡਰਾਂ ਨੂੰ ਸਿੱਧੇ ਤੌਰ 'ਤੇ ਮੈਦਾਨ ਵਿੱਚ ਉਤਾਰਨਾ ਪਵੇਗਾ।
ਕੁਲਬੀਰ ਜ਼ੀਰਾ ਨੇ ਮੰਗ ਕੀਤੀ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ। ਹਾਲਾਂਕਿ ਰਾਜਾ ਵੜਿੰਗ ਦਾ ਜੱਦੀ ਹਲਕਾ ਗਿੱਦੜਬਾਹਾ ਰਿਹਾ ਹੈ, ਜਿੱਥੋਂ ਉਹ 2022 ਵਿੱਚ ਜਿੱਤੇ ਵੀ ਸਨ ਅਤੇ ਬਾਅਦ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਬਣੇ, ਪਰ ਜ਼ੀਰਾ ਦਾ ਮੰਨਣਾ ਹੈ ਕਿ ਗਿੱਦੜਬਾਹਾ ਜਾਂ ਸੁਖਬੀਰ ਬਾਦਲ ਦੇ ਪ੍ਰਭਾਵ ਵਾਲੇ ਖੇਤਰ ਵਿੱਚ ਇਹ ਮੁਕਾਬਲਾ ਸਭ ਤੋਂ ਦਿਲਚਸਪ ਹੋਵੇਗਾ।
ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ, ਜੋ 2022 ਵਿੱਚ ਧੂਰੀ ਹਲਕੇ ਤੋਂ ਜਿੱਤ ਕੇ ਵਿਧਾਨ ਸਭਾ ਪਹੁੰਚੇ ਸਨ, ਦੇ ਖ਼ਿਲਾਫ਼ ਜ਼ੀਰਾ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਲੜਾਉਣ ਦੀ ਸਲਾਹ ਦਿੱਤੀ ਹੈ। ਜ਼ੀਰਾ ਅਨੁਸਾਰ 2022 ਵਿੱਚ ਚੰਨੀ ਨੂੰ ਭਦੌੜ ਅਤੇ ਚਮਕੌਰ ਸਾਹਿਬ ਦੋਵਾਂ ਥਾਵਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਜੇਕਰ 2027 ਵਿੱਚ "ਸਾਬਕਾ ਸੀਐੱਮ ਵਰਸਿਸ ਮੌਜੂਦਾ ਸੀਐੱਮ" ਦਾ ਮੁਕਾਬਲਾ ਹੁੰਦਾ ਹੈ ਤਾਂ ਇਹ ਚੋਣ ਪੂਰੇ ਪੰਜਾਬ ਵਿੱਚ ਕਾਂਗਰਸ ਦੇ ਪੱਖ ਵਿੱਚ ਮਾਹੌਲ ਸਿਰਜ ਸਕਦੀ ਹੈ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਲਈ ਜ਼ੀਰਾ ਨੇ ਪ੍ਰਸਤਾਵ ਰੱਖਿਆ ਹੈ ਕਿ ਉਹਨਾਂ ਨੂੰ ਅਕਾਲੀ ਦਲ ਦੇ ਤਾਕਤਵਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਮੈਦਾਨ ਵਿੱਚ ਉਤਾਰਿਆ ਜਾਵੇ। ਮਾਝੇ ਦੇ ਇਹਨਾਂ ਦੋ ਵੱਡੇ ਚਿਹਰਿਆਂ ਦੀ ਟੱਕਰ ਨਾਲ ਪੂਰੇ ਮਾਝਾ ਖੇਤਰ ਵਿੱਚ ਸਿਆਸੀ ਹਵਾ ਬਦਲ ਸਕਦੀ ਹੈ। ਸਾਬਕਾ ਉਪ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਲੜਾਉਣ ਦੀ ਮੰਗ ਕੀਤੀ ਗਈ ਹੈ। 'ਵਾਰਿਸ ਪੰਜਾਬ ਦੇ' ਜਥੇਬੰਦੀ ਅਤੇ ਅੰਮ੍ਰਿਤਪਾਲ ਦੇ ਵੱਧਦੇ ਪ੍ਰਭਾਵ ਦੇ ਚਲਦਿਆਂ ਰੰਧਾਵਾ ਵਰਗੇ ਬੇਬਾਕ ਅਤੇ ਤਜਰਬੇਕਾਰ ਆਗੂ ਦਾ ਸਾਹਮਣਾ ਰਾਜਨੀਤੀ ਨੂੰ ਬਹੁਤ ਰੋਚਕ ਬਣਾ ਦੇਵੇਗਾ।
- Download Babushahi App
-
-