ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਡੀ ਸੀ ਦਫਤਰ ਬਠਿੰਡਾ ਦੇ ਗੇਟ ਤੇ ਮਨਹੂਸ ਪੱਤਰ ਦੀਆਂ ਕਾਪੀਆਂ ਸਾੜੀਆਂ
7 ਅਗਸਤ ਨੂੰ ਮੁਹਾਲੀ ਵਿਖੇ ਕੀਤੀ ਜਾਵੇਗੀ ਸੂਬਾ ਪੱਧਰੀ ਮਹਾਂ ਰੈਲੀ
ਅਸ਼ੋਕ ਵਰਮਾ
ਬਠਿੰਡਾ, 17 ਜੁਲਾਈ 2026: ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਬਠਿੰਡਾ ਅਤੇ ਸਾਂਝਾ ਮੁਲਾਜ਼ਮ ਮੰਚ ਬਠਿੰਡਾ ਨੇ ਦੋਵਾਂ ਧਿਰਾਂ ਦੀ ਲੁਧਿਆਣਾ ਵਿਖੇ ਹੋਈ ਸਾਂਝੀ ਮੀਟਿੰਗ ਦੇ ਫੈਸਲੇ ਅਨੁਸਾਰ ਡੀ ਸੀ ਦਫਤਰ ਬਠਿੰਡਾ ਦੇ ਗੇਟ ਅੱਗੇ ਕਾਲਾ ਦਿਵਸ ਮਨਾਉਂਦਿਆਂ ਹੋਇਆਂ 17-7-2020 ਦੇ ਮਨਹੂਸ ਪੱਤਰ ਦੀਆਂ ਕਾਪੀਆਂ ਸਾੜੀਆਂ ।ਇਸ ਮੌਕੇ ਸੂਬਾ ਕਨਵੀਨਰ ਸਾਥੀ ਗਗਨਦੀਪ ਸਿੰਘ ਭੁੱਲਰ ,ਕੇਵਲ ਬਾਂਸਲ ਪੀ ਐਮ ਐਸ ਯੂ, ਜਤਿੰਦਰ ਕ੍ਰਿਸ਼ਨ ਜ਼ਿਲ੍ਹਾ ਕਨਵੀਨਰ,ਹਰਨੇਕ ਸਿੰਘ ਗਹਿਰੀ ਪੀ ਐਸ ਐਸ ਐਫ1406, ਗੁਰਤੇਜ ਸਿੰਘ ਗਿੱਲ ਪੀ ਐਸ ਐਸ ਐਫ 1680 ,ਜਗਪਾਲ ਸਿੰਘ ਬੰਗੀ ਡੀ ਐਮ ਐਫ, ਮਨਜੀਤ ਸਿੰਘ ਧੰਜਲ,ਬਲਜਿੰਦਰ ਸਿੰਘ ਡੀ ਟੀ ਐਫ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਆਗੂਆਂ ਨੇ ਦੱਸਿਆ ਕਿ ਕਦੇ ਪੰਜਾਬ ਦੇ ਸਕੇਲਾਂ ਨੂੰ ਸਾਹਮਣੇ ਰੱਖ ਕੇ ਗੁਆਂਢੀ ਰਾਜਾਂ ਦੇ ਮੁਲਾਜ਼ਮ ਪੰਜਾਬ ਸਕੇਲਾਂ ਦੇ ਬਰਾਬਰ ਸਕੇਲ ਮੰਗਿਆ ਕਰਦੇ ਸਨ।ਪਰ ਪੰਜਾਬ ਸਰਕਾਰ ਵੱਲੋਂ 17-7-2020 ਨੂੰ ਪੱਤਰ ਜਾਰੀ ਕਰਕੇ ਪੰਜਾਬ ਵਿੱਚ ਨਵੇਂ ਭਰਤੀ ਹੋ ਰਹੇ ਮੁਲਾਜ਼ਮਾਂ ਤੇ ਕੇਂਦਰ ਦੇ ਸਕੇਲ ਲਾਗੂ ਕਰ ਦਿੱਤੇ ਹਨ। ਜੀਹਦੇ ਨਾਲ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਅੱਜ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਇਸ ਪੱਤਰ ਨੂੰ ਰੱਦ ਕਰਨ ਦੀ ਵੱਡੀ ਮੰਗ ਰੱਖੀ ਉੱਥੇ ਹੀ ਪਿਛਲੇ ਸਾਢੇ ਚਾਰ ਸਾਲ ਤੋਂ ਲਗਾਤਾਰ ਕੱਚੇ ਕਾਮਿਆਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪੈਨਸ਼ਨਰਾਂ ਉਪਰ 2.59 ਦਾ ਗੁਣਾਂਕ ਲਾਗੂ ਕਰਨ, 18%ਡੀ ਏ ਦੀਆਂ ਦਾ ਬਕਾਇਆ ਜਾਰੀ ਕਰਨ, ਅਤੇ 37 ਤਰ੍ਹਾਂ ਦੇ ਕੱਟੇ ਹੋਏ ਭੱਤੇ ਬਹਾਲ ਕਰਨ ਆਦਿ ਮੰਗ ਪੱਤਰ ਵਿੱਚ ਦਰਜ਼ ਮੰਗਾਂ ਨੂੰ ਲਗਾਤਾਰ ਪੰਜਾਬ ਸਰਕਾਰ ਵੱਲੋਂ ਦਰਕਿਨਾਰ ਕਰਨ ਕਰਕੇ ਵੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਇਸ ਦੇ ਚੱਲਦਿਆਂ ਜਿੱਥੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ 7 ਅਗਸਤ ਨੂੰ ਮੁਹਾਲੀ ਵਿਖੇ ਮਹਾਂ ਰੈਲੀ ਕੀਤੀ ਜਾਵੇਗੀ ਅਤੇ ਅਗਲੀ ਆਰ ਪਾਰ ਦੀ ਲੜਾਈ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਟੀ ਐਸ ਯੂ, ਆਤਮਤੇਜ ਸ਼ਰਮਾ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਮਨਜਿੰਦਰ ਸਿੰਘ ਡੀ ਐਸ ਏ, ਅਰੁਣ ਕੁਮਾਰ ਏਕਤਾ ਮੰਚ, ਸੰਦੀਪ ਸਿੰਘ ਕੌਂਸਲ ਆਫ ਡਿਪਲੋਮਾ ਇਨਜੀਨੀਅਰ, ਬਲਦੇਵ ਸਿੰਘ ਜੀ ਟੀ ਯੂ, ਮਹਿੰਦਰਪਾਲ ਸਿੰਘ, ਕੁਲਦੀਪ ਸਿੰਘ ਪੈਨਸ਼ਨਰ ਐਸੋਸੀਏਸ਼ਨ, ਮਲਕੀਤ ਸਿੰਘ ਲੈਕਚਰਾਰ ਯੂਨੀਅਨ, ਹਰਭਗਵਾਨ ਇੰਪਲਾਈਜ ਫੈਡਰੇਸ਼ਨ, ਕੁਲਦੀਪ ਸਿੰਘ ਨਾਥਪੁਰਾ,ਪੂਰਨ ਸਿੰਘ ਗੁੰਮਟੀ,ਆਦਿ ਆਗੂ ਹਾਜ਼ਰ ਸਨ।