SIR:ਗਣਨਾ ਫਾਰਮਾਂ ਦੀ ਸੌ ਫੀਸਦੀ ਡਿਜੀਟਾਈਜੇਸ਼ਨ ਕਰਨ ਵਾਲੇ ਪਹਿਲੇ ਸੌ ਬੀ.ਐਲ.ਓ ਹੋਣਗੇ ਸਨਮਾਨਿਤ: ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ
ਜ਼ਿਲ੍ਹਾ ਮਾਨਸਾ ਵਿੱਚ ਡਿਜੀਟਾਈਜੇਸ਼ਨ ਪ੍ਰਕਿਰਿਆ 88 ਫੀਸਦੀ ਤੱਕ ਪਹੁੰਚੀ
ਐਤਵਾਰ 19 ਜੁਲਾਈ ਨੂੰ ਪੋਲਿੰਗ ਸਟੇਸ਼ਨਾਂ 'ਤੇ ਮੁੜ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ
ਅਸ਼ੋਕ ਵਰਮਾ
ਮਾਨਸਾ, 17 ਜੁਲਾਈ 2026 :ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵੱਲੋਂ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਮੂਹ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਗਣਨਾ ਫਾਰਮਾਂ ਨੂੰ ਇੱਕਤਰ ਕਰਨ ਅਤੇ ਡਿਜੀਟਾਈਜੇਸ਼ਨ ਦੇ ਕਾਰਜ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।
ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਬੀ.ਐਲ.ਓਜ਼ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਐਲਾਨ ਕੀਤਾ ਕਿ ਐਸ.ਆਈ.ਆਰ ਤਹਿਤ ਗਣਨਾ ਫਾਰਮਾਂ ਦੀ 100 ਫੀਸਦੀ ਡਿਜੀਟਾਈਜੇਸ਼ਨ ਦਾ ਕੰਮ ਸਭ ਤੋਂ ਪਹਿਲਾਂ ਮੁਕੰਮਲ ਕਰਨ ਵਾਲੇ ਪਹਿਲੇ 100 ਬੂਥ ਲੈਵਲ ਅਫ਼ਸਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਹੁਣ ਤੱਕ ਡਿਜੀਟਾਈਜੇਸ਼ਨ ਦੀ ਪ੍ਰਕਿਰਿਆ 88 ਫੀਸਦੀ ਤੱਕ ਪਹੁੰਚ ਚੁੱਕੀ ਹੈ ਅਤੇ ਬਾਕੀ ਰਹਿੰਦੇ ਕਾਰਜ ਨੂੰ ਵੀ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਲਈ ਬੀ.ਐਲ.ਓਜ਼ ਨੂੰ ਸਰਗਰਮੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਗਈ ਹੈ।
ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਯੋਗ ਵੋਟਰਾਂ ਦੀ ਸਹੂਲਤ ਲਈ ਅਤੇ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣ ਲਈ ਆਉਂਦੇ ਐਤਵਾਰ 19 ਜੁਲਾਈ ਨੂੰ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ 'ਤੇ ਮੁੜ ਇੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਸ ਵਿਸ਼ੇਸ਼ ਕੈਂਪ ਦੌਰਾਨ ਸਮੂਹ ਬੀ.ਐਲ.ਓਜ਼ ਆਪਣੇ-ਆਪਣੇ ਨਿਰਧਾਰਿਤ ਪੋਲਿੰਗ ਸਟੇਸ਼ਨਾਂ 'ਤੇ ਹਾਜ਼ਰ ਰਹਿਣਗੇ ਅਤੇ ਗਣਨਾ ਫਾਰਮਾਂ ਨੂੰ ਭਰਨ, ਇਕੱਠਾ ਕਰਨ ਅਤੇ ਡਿਜੀਟਾਈਜੇਸ਼ਨ ਪ੍ਰਕਿਰਿਆ ਅਮਲ ਵਿੱਚ ਲਿਆਉਣਗੇ।
ਮੀਟਿੰਗ ਦੌਰਾਨ ਚੋਣ ਰਜਿਸਟਰੇਸ਼ਨ ਅਫਸਰ ਮਾਨਸਾ ਬਲਜੀਤ ਕੌਰ, ਚੋਣ ਰਜਿਸਟਰੇਸ਼ਨ ਅਫਸਰ ਬੁਢਲਾਡਾ ਗੁਰਮੀਤ ਕੁਮਾਰ, ਚੋਣ ਰਜਿਸਟਰੇਸ਼ਨ ਅਫਸਰ ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ, ਤਹਿਸੀਲਦਾਰ ਚੋਣਾਂ ਭੂਸ਼ਣ ਕੁਮਾਰ ਵੀ ਹਾਜ਼ਰ ਸਨ।