ਸਿਹਤ ਵਿਭਾਗ ਬਠਿੰਡਾ ਨੇ ਵਿਸ਼ਵ ਆਬਾਦੀ ਜਾਗਰੂਕਤਾ ਹਫਤੇ ਮੌਕੇ ਜਾਗਰੂਕਤਾ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 17 ਜੁਲਾਈ 2026 :ਸਿਵਲ ਸਰਜਨ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਸਿਹਤ ਵਿਭਾਗ ਬਠਿੰਡਾ ਵੱਲੋਂ "ਬੱਚਿਆਂ ਵਿੱਚ ਹੋਵੇ ਸਹੀ ਅੰਤਰਾਲ, ਪਰਿਵਾਰ ਹੋਵੇ ਤੰਦਰੁਸਤ ਅਤੇ ਖੁਸ਼ਹਾਲ ਥੀਮ ਹੇਠ ਵਿਸ਼ਵ ਆਬਾਦੀ ਜਾਗਰੂਕਤਾ ਹਫਤੇ ਦੇ ਸਬੰਧ ਵਿੱਚ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਜ਼ਿਲ੍ਹਾ ਵਾਸੀਆਂ ਨੂੰ ਪਰਿਵਾਰ ਨਿਯੋਜਨ ਦੇ ਸਾਧਨ ਅਪਣਾਉਣ ਅਤੇ ਬੱਚਿਆਂ ਵਿੱਚ ਉਚਿਤ ਅੰਤਰਾਲ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ ਨਾ ਸਿਰਫ਼ ਮਾਂ ਅਤੇ ਬੱਚੇ ਦੀ ਸਿਹਤ ਲਈ ਲਾਭਦਾਇਕ ਹੈ, ਸਗੋਂ ਇੱਕ ਤੰਦਰੁਸਤ, ਖੁਸ਼ਹਾਲ ਅਤੇ ਸਮਰੱਥ ਪਰਿਵਾਰ ਦੀ ਨੀਂਹ ਵੀ ਹੈ।
ਉਹਨਾਂ ਕਿਹਾ ਕਿ ਵਿਸ਼ਵ ਆਬਾਦੀ ਜਾਗਰੂਕਤਾ ਹਫਤਾ ਮਨਾਉਣ ਦਾ ਉਦੇਸ਼ ਵੱਧ ਰਹੀ ਆਬਾਦੀ ਨਾਲ ਜੁੜੇ ਮੁੱਦਿਆਂ, ਮਾਂ-ਬੱਚੇ ਦੀ ਸਿਹਤ, ਪ੍ਰਜਨਨ ਸਿਹਤ, ਲਿੰਗ ਸਮਾਨਤਾ ਅਤੇ ਪਰਿਵਾਰ ਨਿਯੋਜਨ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਆਹ ਦੀ ਸਹੀ ਉਮਰ, ਪਹਿਲੇ ਬੱਚੇ ਦੀ ਯੋਜਨਾਬੱਧ ਸ਼ੁਰੂਆਤ ਅਤੇ ਦੋ ਬੱਚਿਆਂ ਵਿਚਕਾਰ ਘੱਟੋ-ਘੱਟ ਤਿੰਨ ਸਾਲ ਦਾ ਅੰਤਰ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪਰਿਵਾਰ ਨਿਯੋਜਨ ਨਾਲ ਸਬੰਧਤ ਸਾਰੀਆਂ ਸਲਾਹਕਾਰ ਅਤੇ ਸੇਵਾਵਾਂ ਮੁਫ਼ਤ ਉਪਲਬਧ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਗਰਭ ਨਿਰੋਧਕ ਗੋਲੀਆਂ, ਕੰਡੋਮ, ਕਾਪਰ-ਟੀ, ਅੰਤਰਾ ਟੀਕਾ, ਛਾਇਆ ਗੋਲੀ, ਪੁਰਸ਼ ਅਤੇ ਮਹਿਲਾ ਨਸਬੰਦੀ ਸਮੇਤ ਹੋਰ ਸੇਵਾਵਾਂ ਸ਼ਾਮਲ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ।
ਉਹਨਾਂ ਕਿਹਾ ਕਿ ਜਨਸੰਖਿਆ ਨੂੰ ਸੰਤੁਲਿਤ ਰੱਖਣ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਹਰ ਨਾਗਰਿਕ ਦੀ ਭਾਗੀਦਾਰੀ ਜ਼ਰੂਰੀ ਹੈ। ਪਰਿਵਾਰ ਨਿਯੋਜਨ ਨਾਲ ਮਾਵਾਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ, ਨਵਜੰਮੇ ਬੱਚਿਆਂ ਦੀ ਮੌਤ ਦਰ ਘਟਦੀ ਹੈ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੁੰਦੀ ਹੈ। ਸਿਹਤ ਵਿਭਾਗ ਵੱਲੋਂ ਵਿਸ਼ਵ ਆਬਾਦੀ ਦਿਵਸ ਦੇ ਮੌਕੇ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਜਾਗਰੂਕਤਾ ਕੈਂਪ, ਸੈਮੀਨਾਰ, ਕੌਂਸਲਿੰਗ ਸੈਸ਼ਨ ਅਤੇ ਲੋਕ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਲੋਕਾਂ ਨੂੰ ਛੋਟੇ ਪਰਿਵਾਰ ਅਤੇ ਸਹੀ ਅੰਤਰਾਲ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ।