ਅਕਾਦਮਿਕ ਕੌਂਸਲ ਦੀ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ 15 ਜੁਲਾਈ 2026 : ਮਾਤਾ ਗੁਜਰੀ ਕਾਲਜ ਵਿਖੇ ਅਕਾਦਮਿਕ ਕੌਂਸਲ ਦੇ ਚੇਅਰਪਰਸਨ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਕਾਲਜ ਦੀ ਅਕਾਦਮਿਕ ਕੌਂਸਲ ਦੀ 17ਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਨਵੇਂ ਵਿੱਦਿਅਕ ਸੈਸ਼ਨ 2026-2027 ਲਈ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਬੋਰਡ ਆਫ਼ ਸਟੱਡੀਜ਼ ਵੱਲੋਂ ਪਾਸ ਕੀਤੇ ਗਏ ਸਿਲੇਬਸਾਂ ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਮਹੱਤਵਪੂਰਨ ਅਕਾਦਮਿਕ ਪਹਿਲੂਆਂ 'ਤੇ ਵਿਚਾਰ ਵਟਾਂਦਰਾ ਕਰਦਿਆਂ ਕਾਲਜ ਦੀ ਅਕਾਦਮਿਕ ਗੁਣਵੱਤਾ ਹੋਰ ਵਧਾਉਣ ਲਈ ਅਹਿਮ ਫੈਸਲੇ ਲਏ ਗਏ। ਇਸ ਮੀਟਿੰਗ ਦੌਰਾਨ ਮੌਜੂਦਾ ਸਿੱਖਿਆ ਪ੍ਰਬੰਧ ਨੂੰ ਸਮੇਂ ਦੇ ਹਾਣ ਦਾ ਬਣਾਉਣ, ਵਿਦਿਆਰਥੀਆਂ ਨੂੰ ਵਿਵਹਾਰਕ ਸਿੱਖਿਆ ਪ੍ਰਦਾਨ ਕਰਨ, ਵਿਸ਼ਿਆਂ ਦੀ ਚੋਣ ਵਿੱਚ ਲਚਕੀਲਾਪਣ ਲਿਆਉਣ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਸਕਾਰਾਤਮਕ ਵਿੱਦਿਅਕ ਬਦਲਾਵਾਂ, ਸਾਈਬਰ ਸੁਰੱਖਿਆ ਅਤੇ ਮਨੁੱਖੀ ਮੁੱਲਾਂ ਨਾਲ ਸਬੰਧਿਤ ਮਹੱਤਵਪੂਰਨ ਵਿਸ਼ਿਆਂ 'ਤੇ ਵੀ ਚਰਚਾ ਕਰਦਿਆਂ ਉਸਾਰੂ ਫੈਸਲੇ ਲਏ ਗਏ
ਇਸ ਮੀਟਿੰਗ ਵਿੱਚ ਵੱਖ-ਵੱਖ ਅਕਾਦਮਿਕ ਖੇਤਰਾਂ ਦੇ ਵਿਸ਼ਾ ਮਾਹਿਰਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਸਾਹਿਬ ਦੇ ਨੁਮਾਇੰਦਿਆਂ ਮਕੈਨੀਕਲ ਇੰਜੀਨੀਅਰਿੰਗ ਦੇ ਪ੍ਰੋਫ਼ੈਸਰ ਡਾ. ਵਿਨੇ ਕੁਮਾਰ ਗੁਪਤਾ ਅਤੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਤੋਂ ਪ੍ਰੋਫ਼ੈਸਰ ਡਾ. ਰਮਨ ਮੈਨੀ ਜੀ, ਕਾਲਜ ਦੀ ਗਵਰਨਿੰਗ ਬਾਡੀ ਦੇ ਨੁਮਾਇੰਦੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਲੜਕੀਆਂ ਝਾੜ ਸਾਹਿਬ ਦੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਅਤੇ ਡਿਸਟ੍ਰਿਕਟ ਕੋਰਟ ਫ਼ਤਹਿਗੜ੍ਹ ਸਾਹਿਬ ਤੋਂ ਐਡਵੋਕੇਟ ਜਤਿੰਦਰਪਾਲ ਸਿੰਘ ਬਤਰਾ, ਕਾਲਜ ਦੇ ਸਮੂਹ ਵਿਭਾਗਾਂ ਦੇ ਮੁਖੀ ਸਾਹਿਬਾਨ ਅਤੇ ਅਕਾਦਮਿਕ ਕੌਂਸਲ ਦੇ ਹੋਰ ਮੈਂਬਰ ਸਾਹਿਬਾਨ ਵੀ ਸ਼ਾਮਲ ਹੋਏ। ਇੱਥੇ ਇਹ ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਿਜ਼ਿਓਥਰੈਪੀ ਵਿਭਾਗ ਤੋਂ ਪ੍ਰੋਫ਼ੈਸਰ ਡਾ. ਨਰਕੀਸ਼ ਅਰੂਮੁਗਮ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਤੋਂ ਪ੍ਰੋਫ਼ੈਸਰ ਡਾ. ਤੇਜਿੰਦਰ ਸਿੰਘ ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਰੂਪਨਗਰ ਤੋਂ ਡਾ. ਨਰਿੰਦਰ ਸਿੰਘ ਵੀ ਕਾਲਜ ਦੀ ਅਕਾਦਮਿਕ ਕੌਂਸਲ ਦੇ ਮੈਂਬਰ ਹਨ, ਜੋ ਸਮੇਂ-ਸਮੇਂ ’ਤੇ ਕਾਲਜ ਨੂੰ ਆਪਣਾ ਕੀਮਤੀ ਮਾਰਗਦਰਸ਼ਨ ਪ੍ਰਦਾਨ ਕਰਦੇ ਰਹਿੰਦੇ ਹਨ
ਮੀਟਿੰਗ ਦੀ ਸ਼ੁਰੂਆਤ ਮੌਕੇ ਕਾਲਜ ਦੀ ਅਕਾਦਮਿਕ ਕੌਂਸਲ ਦੇ ਚੇਅਰਪਰਸਨ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ੍ਰ. ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਸਕੱਤਰ ਵਿੱਦਿਆ ਇੰਜੀ. ਸੁਖਮਿੰਦਰ ਸਿੰਘ ਦਾ ਕਾਲਜ ਨੂੰ ਸੁਯੋਗ ਅਗਵਾਈ, ਸਰਪ੍ਰਸਤੀ ਅਤੇ ਸਹਿਯੋਗ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਉਪਰੰਤ ਪ੍ਰਿੰਸੀਪਲ ਬਿਕਰਮਜੀਤ ਸਿੰਘ ਨੇ ਅਕਾਦਮਿਕ ਕੌਂਸਲ ਦੀ ਮੀਟਿੰਗ ਵਿੱਚ ਹਾਜ਼ਰ ਮੈੰਬਰ ਸਹਿਬਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਾਤਾ ਗੁਜਰੀ ਕਾਲਜ ਉੱਤਰੀ ਭਾਰਤ ਦੀ ਸਿਰਮੌਰ ਸਿੱਖਿਆ ਸੰਸਥਾ ਹੈ ਜਿਸ ਨੂੰ ਨੈਕ ਵੱਲੋਂ ਲਗਾਤਾਰ ਤਿੰਨ ਵਾਰ 'ਏ ਗਰੇਡ' ਅਤੇ ਅਟੌਨੋਮਸ ਸਟੇਟਸ, ਪੰਜਾਬ ਸਟੇਟ ਕਾਊਂਸਲ ਫਾਰ ਐਗਰੀਕਲਚਰ ਐਜੂਕੇਸ਼ਨ ਅਤੇ ਆਲ ਇੰਡੀਆ ਕਾਊਂਸਲ ਫਾਰ ਟੈਕਨੀਕਲ ਐਜੂਕੇਸ਼ਨ ਵੱਲੋਂ ਮਾਨਤਾ ਪ੍ਰਾਪਤ ਕਰਨ ਸਮੇਤ, ਪਿਛਲੇ ਕਈ ਸਾਲਾਂ ਤੋਂ ਲਗਾਤਾਰ ਅੰਤਰ ਖੇਤਰੀ ਅਤੇ ਖੇਤਰੀ ਯੁਵਕ ਮੇਲਿਆਂ ਦੀ ਓਵਰਆਲ ਟਰਾਫ਼ੀ ਜਿੱਤ ਕੇ ਆਪਣੀ ਸ਼ਾਨ ਵਿੱਚ ਵਾਧਾ ਕੀਤਾ ਹੈ
ਇਸ ਮੌਕੇ ਅਕਾਦਮਿਕ ਕੌਂਸਲ ਦੇ ਮੈਂਬਰ ਸਕੱਤਰ ਪ੍ਰੋ. ਪ੍ਰਦੀਪ ਕੌਰ ਨੇ ਅਕਾਦਮਿਕ ਕੌਂਸਲ ਦੀ ਮੀਟਿੰਗ ਦੀ ਕਾਰਵਾਈ ਦਾ ਸੰਚਾਲਨ ਬਾਖੂਬੀ ਕੀਤਾ। ਮੀਟਿੰਗ ਦੌਰਾਨ ਕੁਝ ਨਵੇਂ ਕਿੱਤਾਮੁਖੀ ਕੋਰਸਾਂ ਅਤੇ ਵਿਦਿਆਰਥੀ ਪੱਖੀ ਨੀਤੀਆਂ ਨੂੰ ਪ੍ਰਵਾਨਗੀ ਦਿੱਤੀ ਗਈ। ਕਾਲਜ ਦੇ ਡੀਨ ਅਕਾਦਮਿਕ ਡਾ. ਕਮਲਪ੍ਰੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਪ੍ਰੋ. ਰਸ਼ਮੀ ਅਰੋੜਾ, ਪ੍ਰੋ. ਨਮਿਤਾ ਬੇਰੀ, ਕੰਟਰੋਲਰ ਪ੍ਰੀਖਿਆਵਾਂ ਡਾ. ਹਰਜੀਤ ਸਿੰਘ ਅਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਬੋਰਡ ਆਫ਼ ਸਟੱਡੀਜ਼ ਦੇ ਚੇਅਰਪਰਸਨ ਵੀ ਹਾਜ਼ਰ ਸਨ