ਮੀਟੰਗ ਕਰਦੇ ਹੋਏ ਰਿਜਨਲ ਟਰਾਂਸਪੋਰਟ ਅਫ਼ਸਰ ਨਮਨ ਮੜਕਨ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ, 14 ਜੁਲਾਈ : ਵਾਹਨਾਂ ਦੇ ਪਰਮਿਟ, ਬੀਮਾ (ਇੰਸ਼ੋਰੈਂਸ), ਫਿਟਨੈੱਸ ਸਰਟੀਫਿਕੇਟ, ਪ੍ਰਦੂਸ਼ਣ ਸਰਟੀਫਿਕੇਟ,ਡਰਾਈਵਿੰਗ ਲਾਇਸੈਂਸ, ਟੈਕਸ ਅਤੇ ਹੋਰ ਲੋੜੀਂਦੇ ਦਸਤਾਵੇਜ਼ ਹਰ ਸਮੇਂ ਅੱਪਡੇਟ ਅਤੇ ਵੈਧ ਰੱਖੇ ਜਾਣ ਅਤੇ ਮੋਟਰ ਵਾਹਨ ਐਕਟ ਤਹਿਤ ਬਣਾਏ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਹ ਹਦਾਇਤ ਰਿਜਨਲ ਟਰਾਂਸਪੋਰਟ ਅਫ਼ਸਰ ਸ੍ਰੀ ਨਮਨ ਮੜਕਨ ਨੇ ਫਤਿਹਗੜ੍ਹ ਸਾਹਿਬ ਦੀਆਂ ਆਟੋ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਆਟੋ ਚਾਲਕਾਂ ਨੂੰ ਸੜਕ ਸੁਰੱਖਿਆ, ਟਰੈਫਿਕ ਨਿਯਮਾਂ ਦੀ ਪਾਲਣਾ, ਯਾਤਰੀਆਂ ਨੂੰ ਸੁਰੱਖਿਅਤ ਅਤੇ ਬਿਹਤਰ ਆਵਾਜਾਈ ਸੇਵਾਵਾਂ ਪ੍ਰਦਾਨ ਕਰਨ, ਵਾਹਨਾਂ ਦੇ ਵੈਧ ਦਸਤਾਵੇਜ਼ਾਂ ਦੀ ਉਪਲਬਧਤਾ ਅਤੇ ਮੋਟਰ ਵਾਹਨ ਐਕਟ ਦੀ ਸਖ਼ਤੀ ਨਾਲ ਪਾਲਣਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ
ਸ੍ਰੀ ਨਮਨ ਮੜਕਨ ਨੇ ਕਿਹਾ ਕਿ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਨਾਲ ਨਾ ਸਿਰਫ਼ ਹਾਦਸਿਆਂ ਵਿੱਚ ਕਮੀ ਆਉਂਦੀ ਹੈ, ਸਗੋਂ ਯਾਤਰੀਆਂ ਦੀ ਜਾਨ-ਮਾਲ ਦੀ ਸੁਰੱਖਿਆ ਵੀ ਯਕੀਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਵਿਸ਼ੇਸ਼ ਚੈਕਿੰਗ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਜਿਨ੍ਹਾਂ ਵਾਹਨਾਂ ਦੇ ਦਸਤਾਵੇਜ਼ ਅਧੂਰੇ ਜਾਂ ਗੈਰ-ਵੈਧ ਪਾਏ ਜਾਂਦੇ ਹਨ ਜਾਂ ਜੋ ਮੋਟਰ ਵਾਹਨ ਐਕਟ ਦੀ ਉਲੰਘਣਾ ਕਰਦੇ ਹਨ, ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਲਈ ਸਾਰੇ ਵਾਹਨ ਮਾਲਕ ਅਤੇ ਚਾਲਕ ਆਪਣੇ ਦਸਤਾਵੇਜ਼ ਸਮੇਂ ਸਿਰ ਰੀਨਿਊ ਕਰਵਾਉਣ ਅਤੇ ਨਿਯਮਾਂ ਦੀ ਪੂਰੀ ਪਾਲਣਾ ਕਰਨ
ਮੀਟਿੰਗ ਦੌਰਾਨ ਆਟੋ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਵੀ ਭਰੋਸਾ ਦਿਵਾਇਆ ਕਿ ਉਹ ਆਪਣੇ ਮੈਂਬਰਾਂ ਨੂੰ ਟਰੈਫਿਕ ਨਿਯਮਾਂ ਅਤੇ ਮੋਟਰ ਵਾਹਨ ਐਕਟ ਦੀ ਪਾਲਣਾ ਕਰਨ ਲਈ ਜਾਗਰੂਕ ਕਰਨਗੇ ਅਤੇ ਯਾਤਰੀਆਂ ਨੂੰ ਸੁਰੱਖਿਅਤ, ਸੁਚੱਜੀਆਂ ਅਤੇ ਭਰੋਸੇਯੋਗ ਆਵਾਜਾਈ ਸੇਵਾਵਾਂ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰਨਗੇ , ਮੀਟਿੰਗ ਵਿੱਚ ਜਸਪਾਲ ਸਿੰਘ, ਦਰਸ਼ਨ ਸਿੰਘ, ਕਰਨਵੀਰ ਸਿੰਘ, ਜਗਜੀਤ ਸਿੰਘ, ਰਾਜੀਵ ਕੁਮਾਰ, ਅਮਰਜੀਤ ਸਿੰਘ, ਗੁਰਦੀਪ ਸਿੰਘ, ਸਵਰਨ ਸਿੰਘ, ਕੁਲਵੰਤ ਸਿੰਘ, ਮਨਜੀਤ ਸਿੰਘ ਅਤੇ ਜੋਧ ਸਿੰਘ ਸਮੇਤ ਵੱਖ-ਵੱਖ ਆਟੋ ਯੂਨੀਅਨਾਂ ਦੇ ਨੁਮਾਇੰਦੇ ਹਾਜ਼ਰ ਸਨ