ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ 15-16 ਜੁਲਾਈ ਨੂੰ ਮੋਗਾ ਅਤੇ ਬਠਿੰਡਾ ਦਾ ਦੌਰਾ
ਅਸ਼ੋਕ ਵਰਮਾ
ਬਠਿੰਡਾ, 14 ਜੁਲਾਈ 2026 :ਰਾਸ਼ਟਰੀ ਮਹਿਲਾ ਕਮਿਸ਼ਨ (ਐਨ ਸੀ ਡਬਲਿਊ) ਦੀ ਚੇਅਰਪਰਸਨ ਸ੍ਰੀਮਤੀ ਵਿਜਯਾ ਰਹਾਟਕਰ 15 ਅਤੇ 16 ਜੁਲਾਈ ਨੂੰ ਪੰਜਾਬ ਦੇ ਮੋਗਾ ਅਤੇ ਬਠਿੰਡਾ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਮਹਿਲਾਵਾਂ ਦੀ ਸੁਰੱਖਿਆ, ਸ਼ਿਕਾਇਤ ਨਿਵਾਰਣ, ਲਿੰਗ ਸੰਵੇਦਨਸ਼ੀਲਤਾ ਅਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸਬੰਧਤ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ।ਇਸ ਦੌਰਾਨ ਚੇਅਰਪਰਸਨ 15 ਜੁਲਾਈ ਨੂੰ ਦੁਪਹਿਰ 12:30 ਵਜੇ ਤੋਂ 2:00 ਵਜੇ ਤੱਕ ਮੋਗਾ ਨਗਰ ਨਿਗਮ ਦੇ ਕਮਿਊਨਿਟੀ ਹਾਲ ਵਿੱਚ ਅਤੇ 16 ਜੁਲਾਈ ਨੂੰ ਦੁਪਹਿਰ 12:00 ਵਜੇ ਤੋਂ 1:30 ਵਜੇ ਤੱਕ ਬਠਿੰਡਾ ਦੇ ਮਿੰਨੀ ਸਕੱਤਰੇਤ ਸਥਿਤ ਡੀਸੀ ਮੀਟਿੰਗ ਹਾਲ ਵਿੱਚ ਮਹਿਲਾ ਜਨ ਸੁਣਵਾਈ ਦੀ ਪ੍ਰਧਾਨਗੀ ਕਰਨਗੇ। ਇਸ ਜਨ ਸੁਣਵਾਈ ਰਾਹੀਂ ਮਹਿਲਾਵਾਂ ਨੂੰ ਆਪਣੀਆਂ ਸ਼ਿਕਾਇਤਾਂ ਪੇਸ਼ ਕਰਨ, ਸੰਸਥਾਗਤ ਸਹਾਇਤਾ ਪ੍ਰਾਪਤ ਕਰਨ ਅਤੇ ਸਮੇਂ ਸਿਰ ਨਿਵਾਰਣ ਲਈ ਮੰਚ ਮੁਹੱਈਆ ਕਰਵਾਇਆ ਜਾਵੇਗਾ। ਪਹਿਲਾਂ ਤੋਂ ਦਰਜ ਮਾਮਲਿਆਂ ਤੋਂ ਇਲਾਵਾ ਮੌਕੇ 'ਤੇ ਆਉਣ ਵਾਲੀਆਂ ਸ਼ਿਕਾਇਤਾਂ ਵੀ ਸਵੀਕਾਰ ਕੀਤੀਆਂ ਜਾਣਗੀਆਂ।
15 ਜੁਲਾਈ ਨੂੰ ਮੋਗਾ ਵਿੱਚ ਚੇਅਰਪਰਸਨ "ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦਾ ਖਤਰਾ – ਮਹਿਲਾਵਾਂ 'ਤੇ ਪੈਣ ਵਾਲੇ ਬੋਝ ਨੂੰ ਸਮਝਣਾ" ਵਿਸ਼ੇ 'ਤੇ ਵਿਸ਼ੇਸ਼ ਸੈਸ਼ਨ ਵਿੱਚ ਹਿੱਸਾ ਲੈਣਗੇ, ਪੋਸ਼ ਟ੍ਰੇਨਿੰਗ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਨਗੇ। ਇਸ ਤੋਂ ਇਲਾਵਾ ਉਹ ਸਖੀ ਵਨ ਸਟਾਪ ਸੈਂਟਰ (ਓ ਐੱਸ ਸੀ) ਦਾ ਦੌਰਾ ਕਰਕੇ ਸਥਾਨਕ ਨੁਮਾਇੰਦਿਆਂ ਨਾਲ ਵੀ ਗੱਲਬਾਤ ਕਰਨਗੇ, ਜਿਸ ਰਾਹੀਂ ਮਹਿਲਾਵਾਂ ਦੀ ਸੁਰੱਖਿਆ ਅਤੇ ਭਲਾਈ ਲਈ ਸੰਸਥਾਗਤ ਸਹਾਇਤਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਪ੍ਰਤੀ ਕਮਿਸ਼ਨ ਦੀ ਵਚਨਬੱਧਤਾ ਨੂੰ ਦੁਹਰਾਇਆ ਜਾਵੇਗਾ।
16 ਜੁਲਾਈ ਨੂੰ ਬਠਿੰਡਾ ਵਿੱਚ ਚੇਅਰਪਰਸਨ ਕੇਂਦਰੀ ਜੇਲ੍ਹ ਦਾ ਦੌਰਾ ਕਰਨਗੇ ਅਤੇ "ਸ਼ੀ ਸਰਵਜ਼" ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਹ ਰਾਸ਼ਟਰੀ ਮਹਿਲਾ ਕਮਿਸ਼ਨ ਦਾ ਸਮਰੱਥਾ ਨਿਰਮਾਣ ਅਤੇ ਕਰੀਅਰ ਮਾਰਗਦਰਸ਼ਨ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਭਾਰਤੀ ਸਸ਼ਸਤ੍ਰ ਬਲਾਂ ਅਤੇ ਰੱਖਿਆ ਸੇਵਾਵਾਂ ਵਿੱਚ ਕਰੀਅਰ ਬਣਾਉਣ ਦੀ ਇੱਛਾ ਰੱਖਣ ਵਾਲੀਆਂ ਨੌਜਵਾਨ ਮਹਿਲਾਵਾਂ ਨੂੰ ਚੋਣ ਪ੍ਰਕਿਰਿਆ ਅਤੇ ਸਿਖਲਾਈ ਦੇ ਮਾਰਗਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ। ਇਸ ਤੋਂ ਇਲਾਵਾ ਉਹ "ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦਾ ਖਤਰਾ – ਮਹਿਲਾਵਾਂ 'ਤੇ ਪੈਣ ਵਾਲੇ ਬੋਝ ਨੂੰ ਸਮਝਣਾ" ਵਿਸ਼ੇ 'ਤੇ ਵਿਸ਼ੇਸ਼ ਸੈਸ਼ਨ ਵਿੱਚ ਸ਼ਿਰਕਤ ਕਰਨਗੇ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਨਗੇ ਅਤੇ ਸਵੈ-ਸਹਾਇਤਾ ਸਮੂਹਾਂ (ਐੱਸ ਐੱਚ ਜੀ) ਦੀਆਂ ਮਹਿਲਾ ਲਾਭਪਾਤਰੀਆਂ ਨਾਲ ਗੱਲਬਾਤ ਕਰਨਗੇ। ਇਸ ਰਾਹੀਂ ਕਮਿਸ਼ਨ ਵੱਲੋਂ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਨ ਅਤੇ ਜ਼ਮੀਨੀ ਪੱਧਰ 'ਤੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।