ਬਠਿੰਡਾ ਦੇ ਬਿਜਲੀ ਮੁਲਾਜ਼ਮਾਂ ਵੱਲੋਂ ਪਾਵਰਕੌਮ ਪ੍ਰਬੰਧਕਾਂ ਖਿਲਾਫ ਰੋਸ ਪ੍ਰਦਰਸ਼ਨ
ਅਸ਼ੋਕ ਵਰਮਾ
ਬਠਿੰਡਾ,14 ਜੁਲਾਈ 2026 :ਅੱਜ ਬਿਜਲੀ ਮੁਲਾਜ਼ਮਾਂ ਵਲੋਂ ਪਾਵਰ ਕਾਰਪੋਰੇਸ਼ਨ ਦੇ ਸਿਰਕੀ ਬਾਜ਼ਾਰ ਦਫਤਰ ਵਿਖੇ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਵਾਅਦਾ ਖਿਲਾਫੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ 21-22 ਜੁਲਾਈ ਦੀ ਸਮੂਹਿਕ ਛੁੱਟੀ ਭਰੀ ਗਈ। ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਐੱਸ.ਈ.ਬੀ ਇੰਪਲਾਇਜ਼ ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ:24), ਪਾਵਰਕਾਮ ਤੇ ਟਰਾਂਸਕੋ ਪੈਨਸ਼ਨ ਯੂਨੀਅਨ, ਪੈਨਸ਼ਨ ਵੈਲਫੇਅਰ ਫੈਡਰੇਸ਼ਨ ਦੇ ਸੱਦੇ ਤੇ ਬਿਜਲੀ ਕਾਮੇ ਵਰਕ ਟੂ ਰੂਲ ਦੇ ਸੰਘਰਸ਼ ਪ੍ਰੋਗਰਾਮ ਅਨੁਸਾਰ ਸਿਰਫ ਅਪਣੀ ਬਣਦੀ ਡਿਊਟੀ ਹੀ ਕਰ ਰਹੇ ਹਨ। ਮ
ਉਹਨਾਂ ਕਿਹਾ ਕਿ ਮਿਤੀ 2 ਜੁਲਾਈ 2026 ਨੂੰ ਵਿੱਤ ਮੰਤਰੀ ਨਾਲ ਜੱਥੇਬੰਦੀ ਦੀ ਮੀਟਿੰਗ ਹੋਈ ਸੀ, ਮੀਟਿੰਗ ਵਿੱਚ ਸਹਿਮਤੀ ਬਣੀ ਸੀ ਕਿ ਪੰਜਾਬ ਸਰਕਾਰ ਤੇ ਮੈਨੇਜਮੈਂਟ ਵਲੋਂ ਜੱਥੇਬੰਦੀ ਨੂੰ ਨੁਮਾਇੰਦਗੀ ਦਿੰਦੇ ਹੋਏ ਪੰਜਾਬ ਸਰਕਾਰ ਨਾਲ ਸੰਬੰਧਿਤ ਵਿੱਤੀ ਮਾਮਲੇ ਤੇ ਇੱਕ ਕਮੇਟੀ ਬਣਾ ਕੇ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਲਾਗੂ ਕੀਤੀਆਂ ਜਾਣਗੀਆਂ ।ਮੀਟਿੰਗ ਵਿੱਚ ਇਹ ਸਹਿਮਤੀ ਬਣੀ ਸੀ ਇਹ ਕਮੇਟੀ 31 ਜੁਲਾਈ 2026 ਤੱਕ ਇਹ ਕਮੇਟੀ ਅਪਣੀ ਰਿਪੋਰਟ ਕੈਬਨਿਟ ਸਬ ਕਮੇਟੀ ਨੂੰ ਭੇਜੇਗੀ, ਪ੍ਰੰਤੂ 12 ਜੁਲਾਈ ਨੂੰ ਮੁੱਖ ਸਕੱਤਰ ਪੰਜਾਬ ਦੇ ਹਸਤਾਖ਼ਰਾਂ ਹੇਠ ਜਾਰੀ ਹੋਏ ਕਮੇਟੀ ਦੇ ਹੁਕਮਾਂ ਵਿੱਚ 31 ਜੁਲਾਈ 2026 ਦੀ ਬਜਾਏ ਕਮੇਟੀ ਦੀ ਨੂੰ ਦੋ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ, ਜਿਸ ਨੂੰ ਜਥੇਬੰਦੀ ਸਿਰੇ ਤੋਂ ਖਾਰਿਜ ਕਰਕੇ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਸਾਂਝੇ ਥੜੇ ਵਲੋਂ ਸੰਘਰਸ਼ ਪ੍ਰੋਗਰਾਮ ਉਲੀਕੇ ਗਏ ਹਨ।
ਉਹਨਾਂ ਕਿਹਾ ਕਿ ਮਿਤੀ 15 ਜੁਲਾਈ 2026 ਨੂੰ ਸਮੂਹਿਕ ਛੁੱਟੀ ਦੀ ਤਿਆਰੀ ਕਰਨ ਲਈ ਸਾਂਝੀਆਂ ਸਰਕਲ ਪੱਧਰੀ ਪ੍ਰਤੀਨਿਧ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ। 17 ਜੁਲਾਈ 2026 ਨੂੰ ਪੰਜਾਬ ਸਰਕਾਰ ਵਲੋਂ ਮਿਤੀ 17 ਜੁਲਾਈ 2020 ਨੂੰ ਪੰਜਾਬ ਦੇ ਨਵੇਂ ਭਰਤੀ ਹੋਏ ਮੁਲਾਜ਼ਮਾਂ ਉਪਰ ਕੇਂਦਰ ਦੇ ਛੇਵੇਂ ਪੇ ਕਮਿਸ਼ਨ ਦੇ ਸਕੇਲ ਲਾਗੂ ਕਰਨ ਦੇ ਜਾਰੀ ਪੱਤਰਾਂ ਦੀਆਂ ਕਾਪੀਆਂ ਸਾੜ ਕੇ ਕਾਲਾ ਦਿਨ ਮਨਾਇਆ ਜਾਵੇਗਾ। ਮਿਤੀ 7 ਅਗਸਤ 2026 ਨੂੰ ਪੈਨਸ਼ਨਰਜ਼ ਸਾਂਝਾ ਫਰੰਟ ਮੁਲਾਜ਼ਮ ਮੰਚ ਪੰਜਾਬ ਦੇ ਸੱਦੇ ਤੇ ਮੋਹਾਲੀ ਵਿਖੇ ਮਹਾਂ ਰੈਲੀ ਵਿੱਚ ਬਿਜਲੀ ਕਾਮੇ ਅਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ। ਬੁਲਾਰਿਆਂ ਵਿੱਚ ਭੀਮ ਸੈਨ, ਅਰੁਣ ਕੁਮਾਰ ਤਿਰਪਾਠੀ, ਸੀਤਾ ਰਾਮ, ਹਰੀਸ਼ ਕੁਮਾਰ,ਰਾਜ ਕੁਮਾਰ ਥਾਪਾ, ਲਛਮਣ ਸਿੰਘ, ਦੁਰਗਾ ਦੱਤ, ਮਨਿੰਦਰ ਸਿੰਘ,ਜੁਗਲ ਕਿਸ਼ੋਰ, ਹਰਵਿੰਦਰ ਸਿੰਘ ਵਿਕੀ ਅਤੇ ਸੁਧਾਰਥ ਨੇ ਸੰਬੋਧਨ ਕੀਤਾ।