ਜੇ ਫਿਲਮ ਸੱਚੀ ਹੈ ਤਾਂ ਰੋਕ ਕਿਉਂ, ਜੇ ਝੂਠ ਤੇ ਅਧਾਰਿਤ ਹੈ ਤਾਂ ਰਲੀਜ਼ ਕਿਵੇ ਹੋਈ - ਐਡਵੋਕੇਟ ਪ੍ਰਭਜੀਤਪਾਲ ਸਿੰਘ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 14 ਜੁਲਾਈ 2026:- ਪੰਜਾਬ ਦੇ ਪ੍ਰਸਿੱਧ ਮਾਨਵ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ, ਸੰਘਰਸ਼ ਅਤੇ ਕੁਰਬਾਨੀ 'ਤੇ ਆਧਾਰਿਤ ਫਿਲਮ 'ਪੰਜਾਬ 95' (ਜਿਸ ਨੂੰ ਹਾਲ ਹੀ ਵਿੱਚ ਓ.ਟੀ.ਟੀ. ਪਲੇਟਫਾਰਮ 'ਤੇ 'ਸਤਲੁਜ ਨਾਮ ਹੇਠ ਰਿਲੀਜ਼ ਕੀਤਾ ਗਿਆ ਸੀ) 'ਤੇ ਵੱਲੋਂ ਲਗਾਈ ਗਈ ਅਚਨਚੇਤ ਅਤੇ ਮੁਕੰਮਲ ਰੋਕ ਨੇ ਦੇਸ਼ ਅੰਦਰ ਇੱਕ ਨਵਾਂ ਵੱਡਾ ਪ੍ਰਸ਼ਾਸਨਿਕ ਅਤੇ ਸਮਾਜਿਕ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਸੰਵੇਦਨਸ਼ੀਲ ਮਾਮਲੇ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਸਵਾਲ ਪੁੱਛਦੇ ਹੋਏ ਕਿਹਾ ਕਿ ਕਿਸੇ ਵੀ ਫਿਲਮ ਜਾਂ ਕਲਾਤਮਕ ਰਚਨਾ ਨੂੰ ਇਸ ਤਰ੍ਹਾਂ ਅਚਾਨਕ ਜਨਤਾ ਦੇ ਸਾਹਮਣੇ ਆਉਣ ਤੋਂ ਰੋਕਣਾ ਸਿੱਧੇ ਤੌਰ 'ਤੇ ਆਮ ਲੋਕਾਂ ਦੇ ਬੋਲਣ, ਲਿਖਣ ਅਤੇ ਦੇਖਣ ਦੇ ਸੰਵਿਧਾਨਕ ਹੱਕਾਂ 'ਤੇ ਹਮਲਾ ਹੈ, ਜੋ ਇਹ ਸਾਫ਼ ਸਾਬਤ ਕਰਦਾ ਹੈ ਕਿ ਪੰਜਾਬ ਦੇ ਇਤਿਹਾਸਿਕ ਬਿਰਤਾਂਤ ਨਾਲ ਲਗਾਤਾਰ ਧੱਕਾ ਅਤੇ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਇਹ ਫਿਲਮ ਬੀਤੇ ਸਮੇ ਦੇ ਇਤਿਹਾਸ ਨੂੰ ਸੱਚ ਰਾਹੀ ਉਜਾਗਰ ਕਰਦੀ ਹੈ ਤਾਂ ਇਸ ਫਿਲਮ ਨੂੰ ਜਨਤਾ ਸਾਹਮਣੇ ਚਲਾਉਣ ਤੇ ਕਿਸੇ ਨੂੰ ਵੀ ਇੰਤਰਾਜ਼ ਨਹੀ ਹੋਣਾ ਚਾਹੀਦਾ, ਪਰ ਜੇਕਰ ਇਹ ਫਿਲਮ ਝੂਠ ਨਾਲ ਸੰਬੰਧਿਤ ਹੈ ਤਾਂ ਕਾਰਵਾਈ ਬਣਨੀ ਜਾਇਜ ਹੈ । ਪਰ ਅਜੇ ਤੱਕ ਇਸ ਫਿਲਮ ਨੂੰ ਲੈਕੇ ਕਿਸੇ ਦਾ ਬਿਆਨ ਨਹੀ ਆਇਆ । ਐਡਵੋਕੇਟ ਪ੍ਰਭਜੀਤਪਾਲ ਸਿੰਘ ਜੀ ਨੇ ਦੱਸਿਆ ਕਿ ਇੱਕ ਫਿਲਮ ਨੂੰ ਬਣਾਉਣ ਲਈ ਕਈ ਕਾਨੂੰਨ ਮੁਤਾਬਿਕ ਪ੍ਰੋਟੋਕੋਲ ਵਿੱਚੋ ਹੋਕੇ ਲੰਘਣਾ ਪੈਦਾ ਹੈ । ਜੇਕਰ ਸਤਲੁਜ ਫਿਲਮ ਵੀ ਬਣੀ ਹੈ ਤਾਂ ਕੁਝ ਸੱਚ ਦਾ ਸ਼ੀਸਾ ਸਾਫ ਝਲਕਦਾ ਹੀ ਹੋਣਾ ਹੈ।
ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਫਿਲਮ ਦਿਖਾਉਣ ਤੇ ਰੋਕ ਲਗਾਉਣ ਵਾਲੀ ਕਾਰਵਾਈ 'ਤੇ ਸਭ ਤੋਂ ਤਿੱਖਾ ਅਤੇ ਮਜ਼ਬੂਤ ਸਵਾਲ ਚੁੱਕਦਿਆਂ ਆਖਿਆ ਕਿ ਹੁਣ ਇਸ ਪੂਰੇ ਮਾਮਲੇ ਵਿੱਚ ਸੱਚ ਕਾ ਝੂਠ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ।
ਜਨਤਾ ਸਾਹਮਣੇ ਇਸ ਗੱਲ ਦਾ ਜਨਤਕ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਜੇਕਰ ਫਿਲਮ ਵਿੱਚ ਦਿਖਾਇਆ ਗਿਆ ਇਤਿਹਾਸਕ ਬਿਰਤਾਂਤ ਸੱਚਾਈ 'ਤੇ ਆਧਾਰਿਤ ਹੈ, ਤਾਂ ਫਿਰ ਇਸ 'ਤੇ ਰੋਕ ਕਿਉਂ ਲਗਾਈ ਜਾ ਰਹੀ ਹੈ? ਇਸ ਦਰਦਨਾਕ
ਇਤਿਹਾਸ ਦੇ ਸੱਚ ਨੂੰ ਦੁਨੀਆ ਸਾਹਮਣੇ ਆਉਣ ਤੋਂ ਕਿਉਂ ਡਰ ਰਹੀ ਹੈ? ਦੂਜੇ ਪਾਸੇ, ਜੇਕਰ ਲੱਗਦਾ ਹੈ ਕਿ ਫਿਲਮ ਵਿੱਚ ਦਿਖਾਈ ਗਈ ਕਹਾਣੀ ਝੂਠੀ, ਮਨਘੜਤ ਜਾਂ ਸਮਾਜ ਲਈ ਖ਼ਤਰਾ ਹੈ, ਤਾਂ ਫਿਰ ਫਿਲਮ 'ਤੇ ਸਿਰਫ਼ ਡਿਜੀਟਲ ਪਾਬੰਦੀ ਲਗਾ ਕੇ ਲੁਕਵੇਂ ਤਰੀਕੇ ਨਾਲ ਪਿੱਛਾ ਛੁਡਾਉਣ ਦੀ ਬਜਾਏ, ਫਿਲਮ ਤੇ ਸਿੱਧੀ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ?
ਉਨ੍ਹਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਫਿਲਮ ਨੂੰ ਸਾਲਾਂ ਬੱਧੀ ਲਟਕਾ ਕੇ ਰੱਖਣਾ ਅਤੇ ਫਿਰ ਇੰਟਰਨੈੱਟ ਤੋਂ ਰਾਤੋ-ਰਾਤ ਗਾਇਬ ਕਰ ਦੇਣਾ ਇਹ ਸਿੱਧ ਕਰਦਾ ਹੈ ਕਿ ਕੋਈ ਠੋਸ ਅਤੇ ਤਰਕਸੰਗਤ ਜਵਾਬ ਨਹੀਂ ਹੈ। ਇਹ ਕਾਰਵਾਈ ਸਿਰਫ਼ ਅਤੇ ਸਿਰਫ਼ ਪੰਜਾਬ ਦੀ ਆਵਾਜ਼ ਅਤੇ ਇਤਿਹਾਸ ਨੂੰ ਹਮੇਸ਼ਾ ਲਈ ਦਬਾਉਣ ਦੀ ਇੱਕ ਕੋਸ਼ਿਸ਼ ਦਾ ਹਿੱਸਾ ਹੈ।
ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਆਖਿਆ ਕਿ ਜੇਕਰ ਇਹ ਫਿਲਮ ਸੱਚ ਦੇ ਤੱਥਾਂ ਤੇ ਅਧਾਰਿਤ ਹੈ ਤਾਂ ਇਹ ਲੜਾਈ ਸਿਰਫ਼ ਇੱਕ ਫਿਲਮ ਦੀ ਰਿਲੀਜ਼ ਤੱਥ ਸੀਮਤ ਨਹੀਂ ਹੈ, ਸਗੋਂ ਇਹ ਪੰਜਾਬ ਦੇ ਸਵੈ-ਮਾਣ, ਉਸ ਦੇ ਇਤਿਹਾਸ ਨੂੰ ਜਿਉਂਦਾ ਰੱਖਣ ਅਤੇ ਲੋਕਤੰਤਰ ਵਿੱਚ ਬੋਲਣ ਦੀ ਆਜ਼ਾਦੀ ਨੂੰ ਬਚਾਉਣ ਦੀ ਲੜਾਈ ਹੈ, ਜਿਸ ਨੂੰ ਸਮਾਜਿਕ ਪੱਧਰ 'ਤੇ ਜਾਗਰੂਕ ਰਹਿ ਕੇ ਲੜਿਆ ਜਾਵੇ।