ਪੇਂਡੂ ਮਜਦੂਰ ਯੂਨੀਅਨ 'ਵੀ ਬੀ ਜੀ ਰਾਮ ਜੀ ' ਬਾਰੇ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 29 ਜੂਨ 2026
ਪੇਂਡੂ ਮਜਦੂਰ ਯੂਨੀਅਨ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਵੀ ਬੀ ਜੀ ਰਾਮ ਜੀ ਕਾਨੂੰਨ ਨੂੰ ਲਾਗੂ ਕਰਨ ਵਾਲਾ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਕੀਤੀ ਹੈ।ਯੂਨੀਅਨ ਦੇ ਜਿਲਾ ਆਗੂ ਕਮਲਜੀਤ ਸਨਾਵਾ, ਇਲਾਕਾ ਨਵਾਂਸ਼ਹਿਰ ਦੇ ਪ੍ਰਧਾਨ ਕਿਰਨਜੀਤ ਕੌਰ ਅਤੇ ਪ੍ਰੇਮ ਸਿੰਘ ਸ਼ਹਾਬਪੁਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਮਜਦੂਰ ਜਮਾਤ ਉੱਤੇ ਤਿੱਖੇ ਹਮਲੇ ਬੋਲ ਰਹੀਆਂ ਹਨ। ਮੋਦੀ ਸਰਕਾਰ ਮਗਨਰੇਗਾ ਖਤਮ ਕਰਕੇ ਵਿਕਸਤ ਭਾਰਤ ਜੀ ਰਾਮ ਜੀ ਨਵਾਂ ਕਾਨੂੰਨ ਲਿਆਕੇ ਦੇਸ਼ ਦੇ ਦੋ ਕਰੋੜ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਚੁੱਲ੍ਹੇ ਠੰਡੇ ਕਰਨ ਦੇ ਰਾਹ ਪੈ ਗਈ ਹੈ ਜਦਕਿ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇਸਨੂੰ ਪੰਜਾਬ ਵਿੱਚ ਪਹਿਲੀ ਜੁਲਾਈ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਹ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਸਨੇ ਪਿੱਛੇ ਜਿਹੇ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਅੰਦਰ ਜੀ ਰਾਮ ਜੀ ਕਾਨੂੰਨ ਨਾ ਲਾਗੂ ਕਰਨ ਦਾ ਮਤਾ ਪਾਸ ਕੀਤਾ ਸੀ।ਇਹ ਸਰਕਾਰ ਕਿਸ ਤਰ੍ਹਾਂ ਆਪਣੇ ਹੀ ਫੈਸਲਿਆਂ ਤੋਂ ਪਲਟੀ ਮਾਰਦੀ ਹੈ, ਤਾਜ਼ਾ ਨੋਟੀਫਿਕੇਸ਼ਨ ਇਸਦੀ ਪ੍ਰਤੱਖ ਉਦਾਹਰਣ ਹੈ। ਆਗੂਆਂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਦੀਵਾਲੀਆ ਹੋਣ ਕੰਢੇ ਹੈ ਤਾਂ ਇਹ ਜੀ ਰਾਮ ਜੀ ਦੇ ਕੰਮ ਵਿੱਚ 40 ਫ਼ੀਸਦ ਹਿੱਸਾ ਕਿੱਥੋਂ ਪਾਵੇਗੀ।
ਉਹਨਾਂ ਅੱਗੇ ਕਿਹਾ ਕਿ ਇਹ ਸਰਕਾਰ ਜਿਸਨੇ ਕਾਰੋਬਾਰੀ ਅਤੇ ਦੁਕਾਨਾਂ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਲਈ 8 ਘੰਟੇ ਤੋਂ ਵਧਾਕੇ 12 ਘੰਟੇ ਦਾ ਕੰਮ ਦਿਨ ਕਰ ਦਿੱਤਾ। ਇਹ ਉਹੀ ਮਾਨ ਸਰਕਾਰ ਹੈ ਜੋ ਪੱਤਰਕਾਰਾਂ ਅਤੇ ਆਰ ਟੀ ਆਈ ਕਾਰਕੁੰਨਾ ਵਿਰੁੱਧ ਪੁਲਿਸ ਕੇਸ ਦਰਜ ਕਰਕੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਸੱਟ ਮਾਰ ਰਹੀ ਹੈ। ਆਗੂਆਂ ਨੇ ਕਿਹਾ ਕਿ ਪੀ ਐਮ ਯੂ ਵਲੋਂ 30 ਜੂਨ ਨੂੰ ਡੀ ਸੀ ਸ਼ਹੀਦ ਭਗਤ ਸਿੰਘ ਨਗਰ ਨੂੰ ਵਫਦ ਮਿਲੇਗਾ। ਮੁੱਖ ਮੰਤਰੀ ਪੰਜਾਬ ਦੇ ਨਾਂਅ ਡੀ ਸੀ ਨੂੰ ਮੰਗ ਪੱਤਰ ਸੌਪਕੇ ਤਾਜ਼ਾ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ।