Pakistan : ਕਰਾਚੀ 'ਚ Rangers Camp 'ਤੇ ਅੱਤਵਾਦੀ ਹਮਲਾ, 4 ਜਵਾਨ ਤੇ 6 ਅੱਤਵਾਦੀ ਮਰੇ
Jamaat-ul-Ahrar ਨੇ ਲਈ ਜ਼ਿੰਮੇਵਾਰੀ
ਬਾਬੂਸ਼ਾਹੀ ਬਿਊਰੋ
ਕਰਾਚੀ, 28 ਜੂਨ:
ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿੱਚ ਸੁਰੱਖਿਆ ਬਲਾਂ ਦੇ ਇੱਕ ਅਹਿਮ ਕੈਂਪ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਵੱਡੇ ਅੱਤਵਾਦੀ ਹਮਲੇ ਵਿੱਚ ਚਾਰ ਪਾਕਿਸਤਾਨੀ ਰੇਂਜਰ ਜਵਾਨ ਸ਼ਹੀਦ ਹੋ ਗਏ ਹਨ ਜਦਕਿ ਜਵਾਬੀ ਕਾਰਵਾਈ ਵਿੱਚ ਛੇ ਅੱਤਵਾਦੀ ਵੀ ਮਾਰੇ ਗਏ ਹਨ। ਸ਼ਨੀਵਾਰ ਦੇਰ ਸ਼ਾਮ ਹੋਏ ਇਸ ਖ਼ੂਨੀ ਹਮਲੇ ਦੌਰਾਨ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਇੱਕ ਅੱਤਵਾਦੀ ਨੂੰ ਮੌਕੇ ਤੋਂ ਜਿਉਂਦਾ ਗ੍ਰਿਫ਼ਤਾਰ ਕਰਨ ਵਿੱਚ ਵੀ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਯਾਨੀ ਟੀਟੀਪੀ ਦੇ ਸਹਿਯੋਗੀ ਅਤੇ ਪਾਕਿਸਤਾਨੀ ਫੌਜ ਲਈ ਵੱਡੀ ਚੁਣੌਤੀ ਬਣੇ ਅੱਤਵਾਦੀ ਸੰਗਠਨ ਜਮਾਤ-ਉਲ-ਅਹਰਾਰ ਨੇ ਅਧਿਕਾਰਤ ਤੌਰ 'ਤੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਇਹ ਹਮਲਾ ਕਰਾਚੀ ਦੇ ਮੌਸਮੀਅਤ ਚੌਰੰਗੀ ਖੇਤਰ ਵਿੱਚ ਸਥਿਤ ਸਿੰਧ ਰੇਂਜਰਸ ਕੈਂਪ 'ਤੇ ਸ਼ਨੀਵਾਰ ਰਾਤ ਲਗਭਗ 8:30 ਵਜੇ ਕੀਤਾ ਗਿਆ। ਇਹ ਇਲਾਕਾ ਬੇਹੱਦ ਸੰਵੇਦਨਸ਼ੀਲ ਹੈ ਕਿਉਂਕਿ ਇੱਥੇ ਕਈ ਪ੍ਰਮੁੱਖ ਕਾਲਜ ਅਤੇ ਪਾਕਿਸਤਾਨ ਮੌਸਮ ਵਿਭਾਗ ਦਾ ਮੁੱਖ ਦਫਤਰ ਮੌਜੂਦ ਹੈ। ਚਸ਼ਮਦੀਦਾਂ ਅਨੁਸਾਰ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਹਿਲਾਂ ਇੱਕ ਜ਼ੋਰਦਾਰ ਧਮਾਕਾ ਕੀਤਾ ਅਤੇ ਫਿਰ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਰੈਸਕਿਊ 1122 ਸਿੰਧ ਅਤੇ ਪਾਕਿਸਤਾਨੀ ਫੌਜ ਦਾ ਇੱਕ ਵਿਸ਼ੇਸ਼ ਅੱਤਵਾਦ ਵਿਰੋਧੀ ਦਸਤਾ ਤੁਰੰਤ ਗੁਲਿਸਤਾਨ-ਏ-ਜੌਹਰ ਬਲਾਕ 5 ਦੇ ਨੇੜੇ ਪਹੁੰਚਿਆ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ ਜਿਸ ਤੋਂ ਬਾਅਦ ਦੋਵਾਂ ਪਾਸਿਆਂ ਵਿਚਕਾਰ ਲਗਭਗ 90 ਮਿੰਟ ਤੱਕ ਭਿਆਨਕ ਗੋਲੀਬਾਰੀ ਚੱਲੀ।
ਪੁਲਿਸ ਦੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲਾਵਰ ਇੱਕ ਕਾਰ ਵਿੱਚ ਸਵਾਰ ਹੋ ਕੇ ਆਏ ਸਨ ਅਤੇ ਉਹ ਸਿੱਧੇ ਰੇਂਜਰਸ ਕੈਂਪ ਦੇ ਅੰਦਰ ਦਾਖਲ ਹੋ ਗਏ। ਕੈਂਪ ਦੇ ਅੰਦਰ ਵੜਦਿਆਂ ਹੀ ਉਨ੍ਹਾਂ ਨੇ ਸੁਰੱਖਿਆ ਜਵਾਨਾਂ 'ਤੇ ਹੈਂਡ ਗ੍ਰਨੇਡ ਸੁੱਟੇ ਜਿਸ ਕਾਰਨ ਉੱਥੇ ਮੌਜੂਦ ਜਵਾਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਅਤੇ ਚਾਰ ਜਵਾਨ ਸ਼ਹੀਦ ਹੋ ਗਏ ਪਰ ਬਾਕੀ ਫੋਰਸ ਨੇ ਤੁਰੰਤ ਮੋਰਚਾ ਸਾਂਭਦਿਆਂ ਛੇ ਹਮਲਾਵਰਾਂ ਨੂੰ ਮੌਕੇ 'ਤੇ ਹੀ ਢੇਰ ਕਰ ਦਿੱਤਾ। ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲਾ ਸੰਗਠਨ ਜਮਾਤ-ਉਲ-ਅਹਰਾਰ ਪਾਕਿਸਤਾਨ ਵਿੱਚ ਅਫਗਾਨਿਸਤਾਨ ਦੀ ਤਰਜ਼ 'ਤੇ ਤਾਲਿਬਾਨ ਸ਼ਾਸਨ ਸਥਾਪਤ ਕਰਨਾ ਚਾਹੁੰਦਾ ਹੈ ਅਤੇ ਇਹ ਮੁੱਖ ਤੌਰ 'ਤੇ ਖੈਬਰ ਪਖਤੂਨਖਵਾ ਦੇ ਇਲਾਕਿਆਂ ਤੋਂ ਆਪਣੀਆਂ ਗਤੀਵਿਧੀਆਂ ਚਲਾਉਂਦਾ ਹੈ। ਪਾਕਿਸਤਾਨੀ ਫੌਜ ਦਾ ਦੋਸ਼ ਹੈ ਕਿ ਇਹ ਲੜਾਕੂ ਪਾਕਿਸਤਾਨੀ ਫੌਜੀ ਜਰਨੈਲਾਂ ਅਤੇ ਪੁਲਿਸ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਅਫਗਾਨਿਸਤਾਨ ਭੱਜ ਜਾਂਦੇ ਹਨ ਜਿਸ ਕਾਰਨ ਪਾਕਿਸਤਾਨ ਵੱਲੋਂ ਉਨ੍ਹਾਂ ਨੂੰ ਖ਼ਤਮ ਕਰਨ ਲਈ ਸਰਹੱਦ ਪਾਰ ਵੀ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ।
- Download Babushahi App
-
-