ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਸੰਦੇਸ਼ ਲਈ ਜਾਗਰੂਕਤਾ ਕੈਂਪ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 23 ਜੂਨ 2026
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਭਾਰਤੀ ਖੇਤੀ ਖੋਜ ਸੰਸਥਾ-ਅਟਾਰੀ, ਜੋਨ-1, ਲੁਧਿਆਣਾ ਦੀ ਅਗਵਾਈ ਹੇਠ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵਲੋਂ ਪਿੰਡ ਛਦੌਰੀ ਵਿਖੇ ‘ਖੇਤ ਬਚਾਓ’ ਮੁਹਿੰਮ ਤਹਿਤ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਸੰਦੇਸ਼ ਦੇਣ ਲਈ ਜਾਗਰੂਕਤਾ ਕੈਂਪ ਡਾ. ਪ੍ਰਦੀਪ ਕੁਮਾਰ, ਐਸੋਸੀਏਟ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਦੀ ਯੋਗ ਅਗਵਾਈ ਹੇਠ, ਖੇਤੀ ਬਾੜੀ ਤੇ ਕਿਸਾਨ ਭਲਾਈ ਵਿਭਾਗ ਸੜੋਆ ਨਾਲ ਮਿਲ ਕੇ ਆਯੋਜਨ ਕੀਤਾ ਗਿਆ ਅਤੇ ਇਸਦਾ ਉਦੇਸ਼ ਕਿਸਾਨ ਭਾਈਚਾਰੇ ਨੂੰ ਮਿੱਟੀ ਪਰਖ ਦੇ ਮਹੱਤਵ ਪ੍ਰਤੀ ਜਾਣੂ ਕਰਵਾਉਣਾ ਸੀ। ਇਸ ਪ੍ਰੋਗਰਾਮ ਵਿੱਚ ਕਿਸਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਜੋ ਫ਼ਸਲ ਦੀ ਉੱਚ ਉਤਪਾਦਕਤਾ ਨੂੰ ਕਾਇਮ ਰੱਖਣ ਲਈ ਸੰਤੁਲਿਤ ਖਾਦਾਂ ਤੋਂ ਇਲਾਵਾ ਸੁਧਰੇ ਬੀਜਾਂ ਦੀ ਵਰਤੋਂ ਵਾਲੀਆਂ ਟਿਕਾਊ ਖੇਤੀ ਤਕਨੀਕਾਂ ਬਾਰੇ ਆਪਣੀ ਸਮਝ ਨੂੰ ਵਧਾਉਣ ਲਈ ਇਕੱਠੇ ਹੋਏ ਸਨ।
ਡਾ. ਬਲਜੀਤ ਸਿੰਘ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਨੇ ਵਾਤਾਵਰਣ-ਅਨੁਕੂਲ ਕੀਟ ਪ੍ਰਬੰਧ ਪ੍ਰਣਾਲੀਆਂ ਰਾਹੀਂ ਸਾਉਣੀ ਦੀਆਂ ਫ਼ਸਲਾਂ ਦੇ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਦੱਸਿਆ। ਇਸ ਦੌਰਾਨ ਝੋਨੇ ਦੇ ਮਧਰੇਪਨ ਦੇ ਰੋਗ ਬਾਰੇ ਵੀ ਚਰਚਾ ਕੀਤੀ ਗਈ। ਤਕਨੀਕੀ ਸੈਸ਼ਨਾਂ ਨੂੰ ਜਾਰੀ ਰੱਖਦਿਆਂ
ਡਾ. ਗੁਰਿੰਦਰ ਸਿੰਘ, ਡਿਮਾਂਸਟ੍ਰੇਟਰ (ਪਸ਼ੂ ਵਿਗਿਆਨ) ਨੇ ਮੌਕੇ 'ਤੇ ਪਸ਼ੂਆਂ ਦੀ ਗਰਮੀ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਹੱਲ ਦੱਸੇ ਅਤੇ ਪਸ਼ੂਆਂ ਦੀ ਚੰਗੀ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਵਿਹਾਰਕ ਸੁਝਾਅ ਅਤੇ ਹੱਲ ਪੇਸ਼ ਕੀਤੇ।
ਪ੍ਰੋਗਰਾਮ ਡਾ. ਨਿਤਨ, ਖੇਤੀ ਬਾੜੀ ਅਫਸਰ, ਸੜੋਆ ਦੁਆਰਾ ਦਿੱਤੇ ਧੰਨਵਾਦ ਦੇ ਨਾਲ ਸਮਾਪਤ ਹੋਇਆ, ਜਿਨ੍ਹਾਂ ਨੇ ਕੈਂਪ ਦੌਰਾਨ ਕਿਸਾਨਾਂ ਦੀ ਡੂੰਘੀ ਦਿਲਚਸਪੀ ਅਤੇ ਉਤਸ਼ਾਹੀ ਸ਼ਮੂਲੀਅਤ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਸਿਹਤਮੰਦ ਵਾਤਾਵਰਣ, ਬਿਹਤਰ ਮਿੱਟੀ ਦੀ ਸਿਹਤ ਅਤੇ ਟਿਕਾਊ ਖੇਤੀਬਾੜੀ ਲਈ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਸੁਧਰੇ ਬੀਜਾਂ ਨੂੰ ਅਪਨਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ।