ਲੁਧਿਆਣਾ ਪੁਲਿਸ ਦੀ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ! ਸਮੱਗਲਰ ਦੀ 20 ਲੱਖ ਦੀ ਗੈਰ-ਕਾਨੂੰਨੀ ਪ੍ਰਾਪਰਟੀ ਕੀਤੀ ਨਸ਼ਟ
"ਨਸ਼ਿਆਂ ਵਿਰੁੱਧ ਯੁੱਧ" ਮੁਹਿੰਮ ਤਹਿਤ ਕਮਿਸ਼ਨਰ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਹੋਈ ਸਖ਼ਤ ਕਾਰਵਾਈ- 4 ਮੁਕੱਦਮਿਆਂ ਦੇ ਸਾਹਮਣਾ ਕਰ ਰਹੇ ਤਸਕਰ ਰਾਣਾ ਕੁਮਾਰ ਦਾ 100 ਗਜ਼ 'ਚ ਬਣਿਆ ਮਕਾਨ ਕੀਤਾ ਢਹਿ-ਢੇਰੀ
ਸੁਖਮਿੰਦਰ ਭੰਗੂ
ਲੁਧਿਆਣਾ, 24 ਜੂਨ 2026- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਵਿੱਢੀ ਗਈ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਲੁਧਿਆਣਾ ਦੇ ਥਾਣਾ ਡਾਬਾ ਦੇ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਨਸ਼ਾ ਤਸਕਰ ਵੱਲੋਂ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਗੈਰ-ਕਾਨੂੰਨੀ ਰਿਹਾਇਸ਼ੀ ਪ੍ਰਾਪਰਟੀ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਡਿਮੋਲਿਸ਼ (ਢਾਹ) ਕਰ ਦਿੱਤਾ ਗਿਆ।
ਇਹ ਸਖ਼ਤ ਕਾਰਵਾਈ ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ (IPS) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਹਰਪਾਲ ਸਿੰਘ (PPS) ਡਿਪਟੀ ਕਮਿਸ਼ਨਰ ਪੁਲਿਸ (ਇਨਵੈਸਟੀਗੇਸ਼ਨ), ਕਰਨਵੀਰ ਸਿੰਘ (PPS) ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਜੋਨ-2) ਅਤੇ ਅੰਗਰੇਜ਼ ਸਿੰਘ (PPS) ਸਹਾਇਕ ਕਮਿਸ਼ਨਰ ਪੁਲਿਸ (ਇੰਡਸਟਰੀਅਲ ਏਰੀਆ-ਬੀ) ਦੀ ਸਿੱਧੀ ਨਿਗਰਾਨੀ ਹੇਠ ਅਮਲ ਵਿੱਚ ਲਿਆਂਦੀ ਗਈ। ਇਸ ਮੌਕੇ ਥਾਣਾ ਡਾਬਾ ਦੇ ਮੁੱਖ ਅਫ਼ਸਰ ਇੰਸਪੈਕਟਰ ਪਰਮਦੀਪ ਸਿੰਘ ਨੇ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਕੇ ਕਾਰਵਾਈ ਨੂੰ ਨੇਪਰੇ ਚਾੜ੍ਹਿਆ।
ਪੁਲਿਸ ਮੁਤਾਬਕ ਇਹ ਕਾਰਵਾਈ ਰਾਣਾ ਕੁਮਾਰ ਪੁੱਤਰ ਸੁਖਦੇਵ ਕੁਮਾਰ, ਵਾਸੀ ਗਲੀ ਨੰਬਰ 04, ਸੁਖਦੇਵ ਨਗਰ, ਪਿੰਡ ਲੋਹਾਰਾ (ਲੁਧਿਆਣਾ) ਦੇ ਖ਼ਿਲਾਫ਼ ਕੀਤੀ ਗਈ ਹੈ। ਉਕਤ ਦੋਸ਼ੀ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦੀ ਤਸਕਰੀ ਦੇ ਧੰਦੇ ਵਿੱਚ ਸਰਗਰਮ ਸੀ ਅਤੇ ਉਸ ਖ਼ਿਲਾਫ਼ ਐਨ.ਡੀ.ਪੀ.ਐਸ. (NDPS) ਐਕਟ ਤਹਿਤ ਪਹਿਲਾਂ ਹੀ 04 ਅਪਰਾਧਿਕ ਮੁਕੱਦਮੇ ਦਰਜ ਹਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਉਕਤ ਪ੍ਰਾਪਰਟੀ ਨਸ਼ੇ ਦੀ ਨਾਜਾਇਜ਼ ਕਮਾਈ ਰਾਹੀਂ ਖੜ੍ਹੀ ਕੀਤੀ ਗਈ ਸੀ। ਜਿਸ ਤੋਂ ਬਾਅਦ ਸਾਰੀ ਕਾਨੂੰਨੀ ਪ੍ਰਕਿਰਿਆ ਨੂੰ ਮੁਕੰਮਲ ਕਰਕੇ ਯੋਗ ਉੱਚ ਅਧਿਕਾਰੀਆਂ ਤੋਂ ਬਕਾਇਦਾ ਹੁਕਮ ਪ੍ਰਾਪਤ ਕੀਤੇ ਗਏ। ਅੱਜ ਮਿਤੀ 24-06-2026 ਨੂੰ ਕਾਰਵਾਈ ਕਰਦਿਆਂ ਉਕਤ ਦੋਸ਼ੀ ਦੇ ਕਰੀਬ 100 ਗਜ਼ ਰਕਬੇ ਵਿੱਚ ਬਣੇ ਅਤੇ ਲਗਭਗ 20 ਲੱਖ ਰੁਪਏ ਦੀ ਮਾਰਕੀਟ ਵੈਲਿਊ ਵਾਲੇ ਰਿਹਾਇਸ਼ੀ ਮਕਾਨ ਨੂੰ ਪੂਰੀ ਤਰ੍ਹਾਂ ਡਿਮੋਲਿਸ਼ ਕਰ ਦਿੱਤਾ ਗਿਆ।
ਪੁਲਿਸ ਪ੍ਰਸ਼ਾਸਨ ਨੇ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਮਾੜੇ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਤਸਕਰਾਂ ਦੀਆਂ ਜਾਇਦਾਦਾਂ 'ਤੇ ਵੀ ਕਾਨੂੰਨੀ ਹਥੌੜਾ ਚੱਲੇਗਾ।
- Download Babushahi App
-
-