ਬਰਨਾਲਾ 'ਚ ਭਲਕੇ ਤੋਂ ਸ਼ੁਰੂ ਹੋਵੇਗੀ ਘਰ-ਘਰ ਵੋਟਰ ਲਿਸਟਿੰਗ: ਡਿਪਟੀ ਕਮਿਸ਼ਨਰ
4 ਲੱਖ 85 ਹਜ਼ਾਰ ਵੋਟਰਾਂ ਲਈ ਇਨਿਊਮੀਰੇਸ਼ਨ ਫਾਰਮ ਤਿਆਰ; BLOs ਕਰਨਗੇ ਪੂਰੀ ਮਦਦ
ਹਰ ਘਰ ਦਾ 3 ਵਾਰ ਹੋਵੇਗਾ ਦੌਰਾ, ਖਿੱਚੀ ਜਾਵੇਗੀ ਜੀਓ-ਟੈਗ ਫੋਟੋ; ਕਿਸੇ ਵੀ ਸ਼ਿਕਾਇਤ ਲਈ 1950 ਟੋਲ-ਫ੍ਰੀ ਨੰਬਰ ਜਾਰੀ
Ravinder Singh
ਬਰਨਾਲਾ, 24 ਜੂਨ 2026- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ 25 ਜੂਨ (ਭਲਕੇ) ਤੋਂ ਬੂਥ ਲੈਵਲ ਅਫ਼ਸਰਾਂ (BLOs) ਰਾਹੀਂ ਘਰ-ਘਰ ਜਾ ਕੇ ਵੋਟਰ ਲਿਸਟਿੰਗ (ਹਾਊਸ ਟੂ ਹਾਊਸ ਵੈਰੀਫਿਕੇਸ਼ਨ) ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਲਗਭਗ 4 ਲੱਖ 85 ਹਜ਼ਾਰ ਵੋਟਰ ਹਨ ਅਤੇ ਪ੍ਰਸ਼ਾਸਨ ਵੱਲੋਂ ਇੰਨੇ ਹੀ ਇਨਿਊਮੀਰੇਸ਼ਨ ਫਾਰਮ (EF) ਜਨਰੇਟ ਕੀਤੇ ਜਾ ਚੁੱਕੇ ਹਨ। ਇਹ ਫਾਰਮ ਬੀ.ਐੱਲ.ਓਜ਼ ਵੱਲੋਂ ਲੋਕਾਂ ਦੇ ਘਰਾਂ ਵਿੱਚ ਵੰਡੇ ਜਾਣਗੇ ਅਤੇ ਬਾਅਦ ਵਿੱਚ ਭਰੇ ਹੋਏ ਫਾਰਮ ਇਕੱਠੇ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀ.ਐੱਲ.ਓਜ਼ ਦੀ ਟ੍ਰੇਨਿੰਗ ਮੁਕੰਮਲ ਹੋ ਚੁੱਕੀ ਹੈ। ਜੋ ਨਾਗਰਿਕ ਫਾਰਮ ਭਰਨਾ ਨਹੀਂ ਜਾਣਦੇ, ਬੀ.ਐੱਲ.ਓਜ਼ ਖੁਦ ਉਨ੍ਹਾਂ ਦੀ ਮਦਦ (ਅਸਿਸਟ) ਕਰਨਗੇ। પ્રਸ਼ਾਸਨ ਦੀ ਕੋਸ਼ਿਸ਼ ਹੈ ਕਿ ਸਾਰੇ ਫਾਰਮ ਭਰਵਾ ਕੇ ਵੋਟਰ ਸੂਚੀ ਤਿਆਰ ਕੀਤੀ ਜਾਵੇ। ਸਿਰਫ਼ ਉਹੀ ਵੋਟਾਂ ਕੱਟੀਆਂ ਜਾਣਗੀਆਂ, ਜੋ ਲੋਕ ਹੁਣ ਇੱਥੇ ਨਹੀਂ ਰਹਿ ਰਹੇ (ਮਾਈਗ੍ਰੇਟ ਹੋ ਚੁੱਕੇ ਹਨ), ਬਾਕੀ ਹਰ ਯੋਗ ਵੋਟਰ ਦੀ ਵੋਟ ਬਰਕਰਾਰ ਰੱਖੀ ਜਾਵੇਗੀ।
ਨਵੇਂ ਨਿਯਮਾਂ ਅਤੇ ਐੱਸ.ਓ.ਪੀ. (SOP) ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬੀ.ਐੱਲ.ਓ. ਹਰ ਘਰ ਨੂੰ ਘੱਟੋ-ਘੱਟ ਤਿੰਨ ਵਾਰ ਕਵਰ ਕਰੇਗਾ। ਜਦੋਂ ਵੀ ਉਹ ਕਿਸੇ ਘਰ ਦਾ ਦੌਰਾ ਕਰੇਗਾ, ਉਹ ਆਪਣੇ ਕੋਲ ਜੀਓ-ਟੈਗ ਫੋਟੋਗ੍ਰਾਫ ਖਿੱਚ ਕੇ ਰੱਖੇਗਾ। ਜੇਕਰ ਘਰ ਵਿੱਚ ਕੋਈ ਨਹੀਂ ਮਿਲਦਾ, ਤਾਂ ਉੱਥੇ ਇੱਕ ਸਲਿੱਪ ਛੱਡੀ ਜਾਵੇਗੀ ਕਿ ਬੀ.ਐੱਲ.ਓ. ਇਸ ਤਾਰੀਖ਼ ਨੂੰ ਆਇਆ ਸੀ। ਬੀ.ਐੱਲ.ਓਜ਼ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਦੁਪਹਿਰ ਵੇਲੇ ਜਾਂ ਦੇਰ ਸ਼ਾਮ ਨੂੰ ਲੋਕਾਂ ਦੇ ਘਰਾਂ ਵਿੱਚ ਜਾਣ ਤਾਂ ਜੋ ਕੰਮਕਾਜੀ ਲੋਕ ਘਰਾਂ ਵਿੱਚ ਮਿਲ ਸਕਣ। ਜਿਨ੍ਹਾਂ ਦੀ ਵੋਟ 8 ਜੂਨ 2026 ਤੱਕ ਪਹਿਲਾਂ ਹੀ ਬਣੀ ਹੋਈ ਸੀ, ਉਨ੍ਹਾਂ ਨੂੰ ਕੋਈ ਨਵਾਂ ਦਸਤਾਵੇਜ਼ (ਡੌਕੂਮੈਂਟ) ਦੇਣ ਦੀ ਲੋੜ ਨਹੀਂ ਹੈ। ਬੀ.ਐੱਲ.ਓ. ਪਿਛਲੀ ਵੋਟਰ ਸੂਚੀ ਦੇ ਆਧਾਰ 'ਤੇ ਹੀ ਮਾਰਕ ਕਰਕੇ ਉਨ੍ਹਾਂ ਦੇ ਸਿਰਫ਼ ਹਸਤਾਖਰ (ਸਿਗਨੇਚਰ) ਲਵੇਗਾ।
ਡਿਪਟੀ ਕਮਿਸ਼ਨਰ ਨੇ ਸਾਫ਼ ਕੀਤਾ ਕਿ ਜੋ ਲੋਕ ਵਿਦੇਸ਼ੀ ਨਾਗਰਿਕ (Foreign Citizens) ਬਣ ਚੁੱਕੇ ਹਨ, ਉਨ੍ਹਾਂ ਦੀ ਵੋਟ ਨਹੀਂ ਬਣੇਗੀ ਕਿਉਂਕਿ ਭਾਰਤ ਵਿੱਚ ਇਕਹਿਰੀ ਨਾਗਰਿਕਤਾ ਦਾ ਕਾਨੂੰਨ ਹੈ। ਪਰ, ਜੋ ਲੋਕ ਅਜੇ ਵੀ ਭਾਰਤੀ ਨਾਗਰਿਕ ਹਨ ਅਤੇ ਸਿਰਫ਼ ਬਾਹਰ ਰਹਿ ਰਹੇ ਹਨ (Non-Resident Indians), ਉਨ੍ਹਾਂ ਦੇ ਘਰ ਇਨਿਊਮੀਰੇਸ਼ਨ ਫਾਰਮ ਜਾਵੇਗਾ ਅਤੇ ਪਰਿਵਾਰ ਦੇ ਮੈਂਬਰ ਉਸ ਦੀ ਤਸਦੀਕ (ਵੈਰੀਫਿਕੇਸ਼ਨ) ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ 1950 ਟੋਲ-ਫ੍ਰੀ ਨੰਬਰ ਐਕਟੀਵੇਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਅਤੇ ਅਸੈਂਬਲੀ ਪੱਧਰ 'ਤੇ ਸ਼ਿਕਾਇਤ ਨਿਵਾਰਨ ਅਫ਼ਸਰ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਦੀ ਸੂਚੀ ਮੀਡੀਆ ਰਾਹੀਂ ਜਲਦ ਸਾਂਝੀ ਕਰ ਦਿੱਤੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਸੁਧਾਰ (SIR) ਪ੍ਰਕਿਰਿਆ ਤੋਂ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਇਹ ਪ੍ਰਕਿਰਿਆ ਪਹਿਲਾਂ ਸਾਲ 2003 ਵਿੱਚ ਵੀ ਪੰਜਾਬ ਦੇ ਅੰਦਰ ਹੋ ਚੁੱਕੀ ਹੈ। ਇਹ ਇੱਕ ਬਹੁਤ ਹੀ ਸਰਲ ਪ੍ਰਕਿਰਿਆ ਹੈ ਜਿਸ ਵਿੱਚ ਸਿਰਫ਼ ਫਾਰਮ ਦੇਣੇ ਹਨ ਅਤੇ ਭਰੇ ਹੋਏ ਫਾਰਮ ਵਾਪਸ ਲੈਣੇ ਹਨ। ਇਸ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਜ਼ਿਲ੍ਹਾ ਅਤੇ ਰਾਜ (ਸਟੇਟ) ਪੱਧਰ 'ਤੇ ਸਖ਼ਤੀ ਨਾਲ ਕੀਤੀ ਜਾਵੇਗੀ। ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ (BLAs) ਨੂੰ ਵੀ ਇਸ ਸਬੰਧੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।
- Download Babushahi App
-
-