“ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦੇ ਪੰਜਵੇਂ ਦਿਨ ਬਠਿੰਡਾ ਦੀ ਧਰਤੀ ’ਤੇ ਹੋਇਆ ਸਵਰਗ ਦਾ ਅਹਿਸਾਸ
ਬਠਿੰਡਾ ਬਣਿਆ ਦੇਸ਼ ਦਾ ਪਹਿਲਾ ਸ਼ਹਿਰ ਜਿੱਥੇ ਤੀਜੀ ਵਾਰ ਹੋ ਰਹੀ ਹੈ “ਸ਼੍ਰੀ ਸ਼ਿਵ ਮਹਾਪੁਰਾਣ ਕਥਾ”: ਪੰਡਿਤ ਪ੍ਰਦੀਪ ਮਿਸ਼ਰਾ
ਅਸ਼ੋਕ ਵਰਮਾ
ਬਠਿੰਡਾ, 22 ਜੂਨ 20 26 : ਪੰਜਾਬ ਦੇ ਦਿਲ ਮਾਲਵਾ ਦੇ ਇਤਿਹਾਸਕ ਸ਼ਹਿਰ ਬਠਿੰਡਾ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ , ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਅਤੇ ਸਮੂਹ ਮਹਿਤਾ ਪਰਿਵਾਰ ਵੱਲੋਂ ਕਰਵਾਈ “ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦੇ ਪੰਜਵੇਂ ਦਿਨ ਸ਼ਰਧਾ, ਭਗਤੀ ਅਤੇ ਆਧਿਆਤਮਿਕਤਾ ਦਾ ਅਦਭੁੱਤ ਮਿਲਾਪ ਵੇਖਣ ਨੂੰ ਮਿਲਿਆ। ਲੱਖਾਂ ਸ਼ਰਧਾਲੂਆਂ ਦੀ ਹਾਜ਼ਰੀ ਨਾਲ ਕਥਾ ਸਥਾਨ ਪੂਰੀ ਤਰ੍ਹਾਂ ਸ਼ਿਵਮਈ ਨਜ਼ਰ ਆਇਆ ਅਤੇ ਇਉਂ ਮਹਿਸੂਸ ਹੋਇਆ ਜਿਵੇਂ ਬਠਿੰਡਾ ਦੀ ਪਵਿੱਤਰ ਧਰਤੀ ’ਤੇ ਖੁਦ ਸਵਰਗ ਉਤਰ ਆਇਆ ਹੋਵੇ। ਕਥਾ ਪੰਡਾਲ ਵਿੱਚ ਭਗਤਾਂ ’ਤੇ ਸ਼ਿਵ ਕਿਰਪਾ ਦੀ ਅੰਮ੍ਰਿਤਮਈ ਵਰਖਾ ਹੁੰਦੀ ਦਿਖਾਈ ਦਿੱਤੀ।
ਕਥਾ ਦੀ ਸ਼ੁਰੂਆਤ ਤੋਂ ਪਹਿਲਾਂ ਕਥਾਵਾਚਕ ਪੰਡਿਤ ਪ੍ਰਦੀਪ ਮਿਸ਼ਰਾ (ਸੀਹੋਰ ਵਾਲਿਆਂ) ਨੇ ਭਗਵਾਨ ਸ਼ਿਵ ਦਾ ਸਿਮਰਨ ਅਤੇ ਜਾਪ ਕਰਦੇ ਹੋਏ ਮਹਿਤ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਠਿੰਡਾ ਦੀ ਧਰਤੀ ਬਹੁਤ ਹੀ ਭਾਗਾਂ ਵਾਲੀ ਹੈ, ਜਿੱਥੇ ਤੀਜੀ ਵਾਰ “ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦਾ ਆਯੋਜਨ ਹੋ ਰਿਹਾ ਹੈ ਅਤੇ ਲੱਖਾਂ ਸ਼ਿਵ ਭਗਤਾਂ ਦਾ ਆਧਿਆਤਮਿਕ ਕਲਿਆਣ ਹੋ ਰਿਹਾ ਹੈ।
ਪੰਡਿਤ ਪ੍ਰਦੀਪ ਮਿਸ਼ਰਾ ਜੀ ਨੇ ਕਿਹਾ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ , ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਅਤੇ ਸਮੂਹ ਮਹਿਤਾ ਪਰਿਵਾਰ ’ਤੇ ਭਗਵਾਨ ਸ਼ਿਵ ਦੀ ਵਿਸ਼ੇਸ਼ ਕਿਰਪਾ ਵਰਸ ਰਹੀ ਹੈ। ਉਨ੍ਹਾਂ ਦੇ ਯਤਨਾਂ ਅਤੇ ਸ਼ਿਵ ਭਗਤੀ ਕਾਰਨ ਬਠਿੰਡਾ ਦੇਸ਼ ਦਾ ਅਜਿਹਾ ਪਹਿਲਾ ਅਤੇ ਇਕਲੌਤਾ ਸ਼ਹਿਰ ਬਣ ਗਿਆ ਹੈ, ਜਿੱਥੇ ਤੀਜੀ ਵਾਰ “ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦਾ ਵਿਸ਼ਾਲ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਦੇਸ਼ ਦੇ ਕਿਸੇ ਹੋਰ ਸ਼ਹਿਰ ਵਿੱਚ “ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦੇ ਤਿੰਨ ਆਯੋਜਨਾਂ ਦੀ ਮਿਸਾਲ ਨਹੀਂ ਮਿਲਦੀ। ਇਸ ਲਈ ਬਠਿੰਡਾ ਦੇ ਵਸਨੀਕ ਅਤੇ ਇਹ ਪਵਿੱਤਰ ਧਰਤੀ ਦੋਵੇਂ ਹੀ ਬਹੁਤ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਮਹਿਤਾ ਪਰਿਵਾਰ ਵਰਗਾ ਸ਼ਿਵ ਭਗਤ ਪਰਿਵਾਰ ਮਿਲਿਆ ਅਤੇ ਜਿੱਥੇ ਤੀਜੀ ਵਾਰ ਮਹਾਕਾਲ ਦਾ ਦਿਵਿਆ ਦਰਬਾਰ ਸਜਿਆ ਹੈ।
ਕਥਾ ਦੌਰਾਨ ਪੰਡਿਤ ਪ੍ਰਦੀਪ ਮਿਸ਼ਰਾ ਜੀ ਨੇ “ਸ਼੍ਰੀ ਸ਼ਿਵ ਮਹਾਪੁਰਾਣ” ਦੀ ਮਹਿਮਾ ਦਾ ਵਰਣਨ ਕਰਦੇ ਹੋਏ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਮੌਤ ਤੋਂ ਬਾਅਦ ਮੋਖਸ਼ ਦੀ ਪ੍ਰਾਪਤੀ ਨਾ ਹੋਈ ਹੋਵੇ ਅਤੇ ਕੋਈ ਸ਼ਰਧਾਲੂ “ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦਾ ਸ੍ਰਵਣ ਕਰਕੇ ਉਸ ਦੀ ਅਰਥੀ ਦੇ ਕੋਲੋਂ ਲੰਘ ਜਾਵੇ, ਤਾਂ ਕਥਾ ਸੁਣਨ ਦੇ ਪੁੰਨ ਪ੍ਰਭਾਵ ਨਾਲ ਉਸ ਵਿਛੜੀ ਆਤਮਾ ਨੂੰ ਤੁਰੰਤ ਮੋਖਸ਼ ਦੀ ਪ੍ਰਾਪਤੀ ਹੋ ਜਾਂਦੀ ਹੈ।
ਉਨ੍ਹਾਂ ਸ਼ਰਧਾਲੂਆਂ ਦੀਆਂ ਜਿਗਿਆਸਾਵਾਂ ਦਾ ਨਿਵਾਰਣ ਕਰਦੇ ਹੋਏ ਦੱਸਿਆ ਕਿ ਕਈ ਪਰਿਵਾਰ ਪੁੱਛਦੇ ਹਨ ਕਿ ਜੇ ਘਰ ਵਿੱਚ ਸ਼ਿਵਲਿੰਗ ਸਥਾਪਿਤ ਹੋਵੇ ਅਤੇ ਕਿਸੇ ਕਾਰਨ ਕਰਕੇ ਪਰਿਵਾਰ ਨੂੰ ਲੰਬੇ ਸਮੇਂ ਲਈ ਬਾਹਰ ਜਾਣਾ ਪਏ, ਜਿਸ ਕਾਰਨ ਸ਼ਿਵਲਿੰਗ ’ਤੇ ਨਿਯਮਿਤ ਜਲ ਅਰਪਿਤ ਨਾ ਕੀਤਾ ਜਾ ਸਕੇ, ਤਾਂ ਕੀ ਇਸ ਦਾ ਕੋਈ ਦੋਸ਼ ਲੱਗਦਾ ਹੈ। ਇਸ ’ਤੇ ਪੰਡਿਤ ਜੀ ਨੇ ਕਿਹਾ ਕਿ ਘਰ ਤੋਂ ਬਾਹਰ ਜਾਂਦੇ ਸਮੇਂ ਸ਼ਿਵਲਿੰਗ ’ਤੇ ਚਾਵਲ ਦਾ ਇੱਕ ਦਾਣਾ ਜਾਂ ਇੱਕ ਬੇਲ ਪੱਤਰ ਅਰਪਿਤ ਕਰ ਜਾਵੋ, ਤਾਂ ਕੋਈ ਦੋਸ਼ ਨਹੀਂ ਲੱਗਦਾ, ਭਾਵੇਂ ਪਰਿਵਾਰ ਕਈ ਮਹੀਨਿਆਂ ਲਈ ਘਰ ਤੋਂ ਬਾਹਰ ਕਿਉਂ ਨਾ ਰਹੇ।
ਮਹਿਲਾਵਾਂ ਨਾਲ ਜੁੜੇ ਇੱਕ ਮਹੱਤਵਪੂਰਨ ਪ੍ਰਸ਼ਨ ਦਾ ਉੱਤਰ ਦਿੰਦਿਆਂ ਪੰਡਿਤ ਪ੍ਰਦੀਪ ਮਿਸ਼ਰਾ ਜੀ ਨੇ ਕਿਹਾ ਕਿ ਕਈ ਮਾਤਾਵਾਂ ਪੁੱਛਦੀਆਂ ਹਨ ਕਿ ਰਜੋਦਰਮ (ਮਾਹਵਾਰੀ) ਦੌਰਾਨ ਉਹ ਭਗਵਾਨ ਸ਼ਿਵ ਦੀ ਪੂਜਾ ਜਾਂ ਸ਼ਿਵਲਿੰਗ ’ਤੇ ਜਲ ਅਰਪਿਤ ਨਹੀਂ ਕਰ ਸਕਦੀਆਂ, ਤਾਂ ਕੀ ਉਨ੍ਹਾਂ ਨੂੰ ਇਸ ਦਾ ਕੋਈ ਦੋਸ਼ ਲੱਗੇਗਾ। ਇਸ ’ਤੇ ਉਨ੍ਹਾਂ ਬਹੁਤ ਹੀ ਭਾਵੁਕ ਸ਼ਬਦਾਂ ਵਿੱਚ ਕਿਹਾ ਕਿ ਭਗਵਾਨ ਸ਼ਿਵ ਸਮੂਹ ਸ੍ਰਿਸ਼ਟੀ ਦੇ ਪਿਤਾ ਹਨ ਅਤੇ ਕੋਈ ਵੀ ਪਿਤਾ ਆਪਣੇ ਬੱਚਿਆਂ ਨਾਲ ਨਾਰਾਜ਼ ਹੋ ਕੇ ਉਨ੍ਹਾਂ ਨੂੰ ਦੁੱਖ ਨਹੀਂ ਦਿੰਦਾ। ਜੇ ਕਦੇ ਨਾਰਾਜ਼ਗੀ ਹੋ ਵੀ ਜਾਵੇ, ਤਾਂ ਵੀ ਉਸ ਦੇ ਦਿਲ ਵਿੱਚ ਆਪਣੇ ਬੱਚਿਆਂ ਲਈ ਮਾੜੇ ਭਾਵ ਨਹੀਂ ਹੁੰਦੇ। ਭਗਵਾਨ ਸ਼ਿਵ ਤਾਂ ਕਲਿਆਣਕਾਰੀ ਹਨ ਅਤੇ ਉਹ ਸਦਾ ਆਪਣੇ ਭਗਤਾਂ ਅਤੇ ਸੰਤਾਨਾਂ ’ਤੇ ਕਿਰਪਾ ਅਤੇ ਆਸ਼ੀਰਵਾਦ ਹੀ ਵਰਸਾਉਂਦੇ ਹਨ।
ਕਥਾ ਦੌਰਾਨ ਨਗਰ ਨਿਗਮ ਬਠਿੰਡਾ ਦੀ ਕਮਿਸ਼ਨਰ ਮੈਡਮ ਲਵਜੀਤ ਕੌਰ ਕਲਸੀ ਸਮੇਤ ਸ਼ਹਿਰ ਦੀਆਂ ਅਨੇਕਾਂ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਕਥਾ ਦਾ ਸ੍ਰਵਣ ਕਰਕੇ ਆਧਿਆਤਮਿਕ ਲਾਭ ਪ੍ਰਾਪਤ ਕੀਤਾ। ਸਾਰੇ ਸ਼ਰਧਾਲੂਆਂ ਨੇ ਮਹਾ ਆਰਤੀ ਵਿੱਚ ਭਾਗ ਲੈ ਕੇ ਭਗਵਾਨ ਮਹਾਕਾਲ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਕਥਾ ਸਥਾਨ ’ਤੇ “ਹਰ ਹਰ ਮਹਾਦੇਵ” ਅਤੇ “ਜੈ ਸ਼੍ਰੀ ਮਹਾਕਾਲ” ਦੇ ਜੈਕਾਰਿਆਂ ਨਾਲ ਮਾਹੌਲ ਭਗਤੀਮਈ ਬਣਿਆ ਰਿਹਾ ਅਤੇ ਸ਼ਰਧਾਲੂ ਸ਼ਿਵ ਭਗਤੀ ਦੇ ਰਸ ਵਿੱਚ ਸਰਾਬੋਰ ਦਿਖਾਈ ਦਿੱਤੇ।
“ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦਾ ਇਹ ਦਿਵਿਆ ਆਯੋਜਨ ਲਗਾਤਾਰ ਸ਼ਰਧਾਲੂਆਂ ਲਈ ਆਸਥਾ, ਭਗਤੀ ਅਤੇ ਆਧਿਆਤਮਿਕਤਾ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਹਰ ਰੋਜ਼ ਲੱਖਾਂ ਭਗਤ ਭਗਵਾਨ ਸ਼ਿਵ ਦੀ ਮਹਿਮਾ ਦਾ ਸ੍ਰਵਣ ਕਰਕੇ ਆਪਣੇ ਜੀਵਨ ਨੂੰ ਧੰਨ ਕਰ ਰਹੇ ਹਨ।