ਘੱਟ ਖਰਚ ਵੱਧ ਮੁਨਾਫਾ : ਬੱਕਰੀ ਪਾਲਣ ਪ੍ਰਤੀ ਉਤਸ਼ਾਹਿਤ ਕਰਨ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 22 ਮਈ 2026: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵਿਖੇ ਪੇਂਡੂ ਨੌਜਵਾਨਾਂ, ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਮਿਤੀ 18 ਮਈ ਤੋਂ 22 ਮਈ 2026 ਤੱਕ ਪੰਜ ਦਿਨਾਂ ਦਾ ਹੁਨਰ ਵਿਕਾਸ ਸਿਖਲਾਈ ਕੋਰਸ ਡਾ. ਗੁਰਦੀਪ ਸਿੰਘ ਸਿੱਧੂ, ਉਪ ਨਿਰਦੇਸ਼ਕ (ਸਿਖਲਾਈ) ਦੀ ਅਗਵਾਈ ਹੇਠ ਲਗਾਇਆ ਗਿਆ। ਜਿਸ ਵਿੱਚ ਬਠਿੰਡਾ ਜਿਲ੍ਹੇ ਦੇ ਕੁੱਲ 37 ਸਿੱਖਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿਚ ਚਾਰ ਕਿਸਾਨ ਬੀਬੀਆਂ ਵੀ ਸ਼ਾਮਿਲ ਸਨ।
ਇਸ ਮੌਕੇ ਡਾ. ਗੁਰਦੀਪ ਸਿੰਘ ਸਿੱਧੂ ਨੇ ਨੌਜਵਾਨਾਂ ਨੂੰ ਬੱਕਰੀ ਪਾਲਣ ਦੇ ਕਿੱਤੇ ਨੂੰ ਵਿਗਿਆਨਕ ਢੰਗ ਨਾਲ ਕਰਨ ਅਤੇ ਵਾਪਾਰਕ ਪੱਧਰ ਤੇ ਅਪਣਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਸਿੱਖਿਆਰਥੀਆਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸੇਵਾਵਾਂ ਅਤੇ ਉਦੇਸ਼ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਉੱਦਮੀ ਕਿਸਾਨਾਂ ਦੀਆਂ ਉਦਾਹਰਣਾਂ ਦੇ ਕੇ ਸਿੱਖਿਆਰਥੀਆਂ ਦਾ ਮਨੋਬਲ ਵਧਾਇਆ।
ਡਾ. ਗੁਰਲਾਲ ਸਿੰਘ ਗਿੱਲ ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਕੇ.ਵੀ.ਕੇ ਬਠਿੰਡਾ ਨੇ ਬੱਕਰੀਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਦੀ ਵਿਗਿਆਨਕ ਢੰਗ ਨਾਲ ਸਾਂਭ ਸੰਭਾਲ ਕਰਨ ਦੇ ਨੁਕਤੇ ਦੱਸੇ। ਉਹਨਾਂ ਦੱਸਿਆ ਕਿ ਬੱਕਰੀ ਪਾਲਣ ਨੂੰ ਲਾਹੇਵੰਦ ਬਣਾਉਣ ਲਈ ਚੰਗੀ ਨਸਲ ਦੇ ਪਸ਼ੂ, ਘੱਟ ਲਾਗਤ ਵਾਲੀ ਸੰਤੁਲਿਤ ਖੁਰਾਕ ਅਤੇ ਬਿਮਾਰੀਆਂ ਤੋਂ ਬਚਾਅ ਬਹੁਤ ਜਰੂਰੀ ਹੈ। ਇਸ ਤੋਂ ਇਲਾਵਾ ਮੌਸਮੀ ਪ੍ਰਬੰਧਨ, ਟੀਕਾਕਰਨ, ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸਿਧਾਂਤਕ ਗਿਆਨ ਤੋਂ ਇਲਾਵਾ ਬੱਕਰੀਆਂ ਨੂੰ ਸੰਭਾਲਣ ਬਾਰੇ ਵਿਹਾਰਕ ਸਿਖਲਾਈ, ਤਾਪਮਾਨ ਨੂੰ ਮਾਪਣ, ਤੰਦਰੁਸਤ ਜਾਨਵਰਾਂ ਦੀ ਪਛਾਣ, ਦੰਦ ਦੇਖ ਕੇ ਉਮਰ ਨਿਰਧਾਰਣ ਅਤੇ ਖੁਰਲੀ ਬਾਰੇ ਜਾਣਕਾਰੀ ਵੀ ਸਿੱਖਿਆਰਥੀਆਂ ਨੂੰ ਪ੍ਰਦਾਨ ਕੀਤੀ ਗਈ।
ਇਸ ਸਿਖਲਾਈ ਕੋਰਸ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਦਾ ਸਹਿਯੋਗ ਲਿਆ ਗਿਆ, ਜਿਸ ਵਿੱਚ ਡਾ. ਗੁਰਪ੍ਰੀਤ ਕੌਰ, ਵੈਟਰਨਰੀ ਅਫ਼ਸਰ, ਵੈਟਰਨਰੀ ਪੌਲੀਟੈਕਨਿਕ ਅਤੇ ਖੇਤਰੀ ਖੋਜ਼ ਸਿਖਲਾਈ ਕੇਂਦਰ, ਕਾਲਝਰਾਣੀ ਨੇ ਆਪਣੇ ਭਾਸ਼ਣ ਵਿੱਚ ਬੱਕਰੀਆਂ ਲਈ ਅਰਾਮਦਾਇਕ ਸ਼ੈਡ ਦੀ ਬਣਾਵਟ, ਕਿਸਮਾਂ ਅਤੇ ਬੱਕਰੀਆਂ ਦੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਡਾ. ਸੰਦੀਪ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ, ਕਾਲਜ ਆਫ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਨੇ ਸਿੱਖਿਆਰਥੀਆਂ ਨੂੰ ਬੱਕਰੀ ਉਤਪਾਦ ਮੀਟ, ਦੁੱਧ ਦੀ ਗੁਣਵੱਤਾ ਵਧਾਉਣ ਬਾਰੇ ਜਾਣਕਾਰੀ ਦਿੰਦੇ ਹੋਏ ਵਧੇਰੇ ਆਮਦਨ ਲਈ ਇਸ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।
ਇਸ ਸਿਖਲਾਈ ਕੋਰਸ ਦੌਰਾਨ ਸਿੱਖਿਆਰਥੀਆਂ ਨੂੰ ਬੱਕਰੀ ਬ੍ਰੀਡਿੰਗ ਫਾਰਮ ਵੈਟਰਨਰੀ ਪੌਲੀਟੈਕਨਿਕ ਅਤੇ ਖੇਤਰੀ ਖੋਜ਼ ਸਿਖਲਾਈ ਕੇਂਦਰ, ਕਾਲਝਰਾਣੀ ਦਾ ਦੌਰਾ ਵੀ ਕਰਵਾਇਆ ਗਿਆ, ਇਸ ਦੌਰੇ ਦੌਰਾਨ ਡਾ. ਰਾਮ ਪਾਲ ਮਿੱਤਲ, ਪ੍ਰਿੰਸੀਪਲ ਕਮ ਸੰਯੁਕਤ ਨਿਰਦੇਸ਼ਕ ਨੇ ਸਿੱਖਿਆਰਥੀਆਂ ਦਾ ਬੱਕਰੀ ਪਾਲਣ ਕਿੱਤੇ ਵਿੱਚ ਮਨੋਬਲ ਵਧਾਇਆ। ਉਹਨਾਂ ਨੇ ਸਿੱਖਿਆਰਥੀਆਂ ਨੂੰ ਵੈਟਰਨਰੀ ਪੌਲੀਟੈਕਨਿਕ ਕਾਲਜ, ਕਾਲਝਰਾਣੀ ਦੀਆਂ ਸੇਵਾਵਾਂ ਅਤੇ ਉਦੇਸ਼ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਬੱਕਰੀ ਪਾਲਣ ਵਿੱਚ ਟੀਕਾਕਰਨ ਅਤੇ ਮਲੱਪ ਰਹਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਦੌਰਾਨ ਡਾ. ਰਜਨੀਸ਼ ਕੁਮਾਰ (ਵੈਟਰਨਰੀ ਅਫ਼ਸਰ) ਨੇ ਹੇਹਾ ਚੱਕਰ, ਪ੍ਰਜਣਨ ਕਿਰਿਆ ਅਤੇ ਗਰਭਕਾਲ ਦੌਰਾਨ ਰੱਖਣ ਵਾਲੀਆਂ ਸਾਵਧਾਨੀਆਂ ਬਾਰੇ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ।
ਇਸ ਸਿਖਲਾਈ ਕੈਂਪ ਦੌਰਾਨ ਲੀਡ ਬੈਂਕ ਦੇ ਜ਼ਿਲ੍ਹਾ ਮੈਨੇਜਰ ਸ਼੍ਰੀ. ਕੁਲਭੂਸ਼ਣ ਬਾਂਸਲ ਨੇ ਬੈਂਕ ਲੋਨ ਸਬੰਧੀ ਸਕੀਮਾਂ ਬਾਰੇ ਸਿੱਖਿਆਰਥੀਆਂ ਨੂੰ ਜਾਣੂੰ ਕਰਵਾਇਆ।