ਆਨਲਾਈਨ ਗੇਮਾਂ ਦੇ ਦੁਰਪ੍ਰਭਾਵਾਂ ਵਿਰੁੱਧ ਜਾਗਰੂਕ ਸੈਮੀਨਾਰ ਕਰਵਾਇਆ
ਪ੍ਰਮੋਦ ਭਾਰਤੀ / ਬਾਬੂਸ਼ਾਹੀ ਬਿਊਰੋ
ਨਵਾਂਸ਼ਹਿਰ 08 ਮਈ , 2026
ਸਰਕਾਰੀ ਕਾਲਜ ਮਹੈਣ , ਸ੍ਰੀ ਅਨੰਦਪੁਰ ਸਾਹਿਬ ਵਿਚ ਪ੍ਰਿੰਸੀਪਲ ਵਿਨੀਤਾ ਆਨੰਦ ਦੀ ਅਗਵਾਈ ਵਿਚ ਆਨਲਾਈਨ ਗੇਮਾਂ ਦੇ ਦੁਰਪ੍ਰਭਾਵਾਂ ਵਿਰੁੱਧ ਜਾਗਰੂਕ ਸੈਮੀਨਾਰ ਕਰਵਾਇਆ ਗਿਆ। ਪ੍ਰੇ : ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਪਹਿਲੇ ਸਥਾਨ ਤੇ ਆਉਣ ਵਾਲੇ ਬੀ .ਏ ਭਾਗ ਦੂਜਾ ਦੇ ਜਸਕਰਨ ਸਿੰਘ ਅਤੇ ਬੀ.ਏ ਭਾਗ ਤੀਜਾ ਦੇ ਅਮਨਦੀਪ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਕਰੀਬ 45 ਕਰੋੜ ਲੋਕ ਆਨਲਾਈਨ ਗੇਮ ਖੇਡਦੇ ਹਨ। ਦੇਸ਼ ਭਰ 'ਚ ਕਰੀਬ 20 ਹਜ਼ਾਰ ਕਰੋੜ ਰੁਪਏ ਸਲਾਨਾ ਆਨਲਾਈਨ ਗੇਮਾਂ ਉੱਤੇ ਬਰਬਾਦ ਕੀਤੇ ਜਾ ਰਹੇ ਹਨ। । ਸੰਨ 2025 ਤੱਕ ਭਾਰਤ ਦਾ ਆਨਲਾਈਨ ਗੇਮ ਦਾ ਬਜ਼ਾਰ 23 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਕਰਨਾਟਕ ਵਿੱਚ ਕੇਵਲ 31 ਮਹੀਨਿਆਂ ਦੌਰਾਨ ਆਨਲਾਈਨ ਖੇਡਾਂ ਅਤੇ ਜੂਏ ਨਾਲ ਜੁੜੇ ਘੱਟੋ-ਘੱਟ 32 ਆਤਮ ਹੱਤਿਆ ਦੇ ਮਾਮਲੇ ਦਰਜ ਕੀਤੇ ਗਏ ਹਨ । ਉੱਤਰ ਪ੍ਰਦੇਸ਼ ਵਿੱਚ ਇੱਕ 13 ਸਾਲਾਂ ਦੇ ਬੱਚੇ ਨੇ ਆਪਣੇ ਪਿਤਾ ਦੇ ਲਗਭਗ 14 ਲੱਖ ਰੁਪਏ ਆਨਲਾਈਨ ਗੇਮ ਵਿੱਚ ਗੁਆਉਣ ਤੋਂ ਬਾਅਦ ਡਰ ਅਤੇ ਤਣਾਅ ਵਿੱਚ ਆ ਕੇ ਆਤਮਾੱਤਿਆ ਕੀਤੀ , ਜਦਕਿ ਮੈਸੂਰ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਕਰੀਬ 80 ਲੱਖ ਰੁਪਏ ਦਾ ਨੁਕਸਾਨ ਹੋਣ ਕਾਰਨ ਆਤਮ ਹੱਤਿਆ ਕੀਤੀ ।
ਭੋਪਾਲ ਵਿੱਚ ਵੀ ਇੱਕ ਵਿਅਕਤੀ ਨੇ 30 ਲੱਖ ਰੁਪਏ ਹਾਰਨ ਤੋਂ ਬਾਅਦ ਆਤਮ ਹੱਤਿਆ ਕੀਤੀ । ਦੂਜੇ ਸਥਾਨ ਤੇ ਆਉਣ ਵਾਲੀ ਬੀ.ਏ ਭਾਗ ਤੀਜਾ ਦੀ ਨਾਜੀਆ ਅਤੇ ਜੋਤੀ ਨੇ ਕਿਹਾ ਕਿ ਲਗਾਤਾਰ ਘੰਟਿਆਂ ਤੱਕ ਆਨਲਾਈਨ ਗੇਮ ਖੇਡਣ ਨਾਲ ਦਿਮਾਗ ਉੱਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ, ਜਿਸ ਨਾਲ ਉਦਾਸੀ, ਚਿੜਚਿੜਾਪਣ, ਗੁੱਸਾ ਅਤੇ ਇਕੱਲਾਪਨ ਵੱਧਦਾ ਹੈ। ਸਕਰੀਨ ਦੀ ਜਿਆਦਾ ਵਰਤੋਂ ਨਾਲ ਅੱਖਾਂ ਦੀ ਰੋਸ਼ਨੀ ਘਟਦੀ ਹੈ, ਨੀਂਦ ਦੀ ਘਾਟ ਹੁੰਦੀ ਹੈ ,ਸਰਵਾਈਕਲ ਦੀ ਸਮੱਸਿਆ ਹੋ ਜਾਂਦੀ ਹੈ , ਦਿਲ ਦੀ ਧੜਕਨ ਵੱਧਦੀ ਹੈ ਅਤੇ ਮਾਨਸਿਕ ਕਮਜ਼ੋਰੀ ਆਉਂਦੀ ਹੈ । ਤੀਜੇ ਸਥਾਨ ਤੇ ਆਉਣ ਵਾਲੀ ਬੀ. ਏ ਭਾਗ ਦੂਜਾ ਦੀ ਸ਼ਿਖਾ ਰਾਨੀ ਅਤੇ ਅਨੂੰ ਦੇਵੀ ਨੇ ਕਿਹਾ ਕਿ ਬੱਚੇ ਪੜ੍ਹਾਈ ਤੋਂ ਦੂਰ ਹੋ ਕੇ ਸਾਰਾ ਸਮਾਂ ਮੋਬਾਈਲ ਉੱਤੇ ਬਿਤਾਉਂਦੇ ਹਨ, ਜਿਸ ਨਾਲ ਉਨ੍ਹਾਂ ਦੇ ਇਮਤਿਹਾਨਾਂ ਵਿਚ ਨੰਬਰ ਘੱਟ ਆਉਂਦੇ ਹਨ ਅਤੇ ਪਰਿਵਾਰਕ ਰਿਸ਼ਤੇ ਵੀ ਪ੍ਰਭਾਵਿਤ ਹੋ ਰਹੇ ਹਨ। ਮਾਪਿਆਂ, ਅਧਿਆਪਕਾਂ ਸਮੇਤ ਹਰ ਨਾਗਰਿਕ ਨੂੰ ਆਨਲਾਈਨ ਗੇਮਾਂ ਵਿਰੁੱਧ ਬੱਚਿਆਂ ਅਤੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਅੱਜ ਮੌਲਿਕ ਲੋੜ ਹੈ । ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਸਮੇਂ ਤੇ ਊਰਜਾ ਨੂੰ ਰਚਨਾਤਮਕ ਕਾਰਜਾਂ ਵਿੱਚ ਲਗਾਉਣਾ ਚਾਹੀਦਾ ਹੈ । ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਪ੍ਰੋ : ਬੋਬੀ, ਪ੍ਰੋ : ਅਮਿਤ ਕੁਮਾਰ ਯਾਦਵ ਅਤੇ ਪ੍ਰੋ : ਸਰਨਦੀਪ ਦਾ ਯੋਗਦਾਨ ਸਲਾਘਾਯੋਗ ਸੀ।