ਇਸਾਈ ਭਾਈਚਾਰੇ ਨੇ ਵੀ ਭਾਜਪਾ ਦੇ ਅਸਮ ਬੰਗਾਲ ਵਿੱਚ ਜਿੱਤ ਦੀ ਖੁਸ਼ੀ ਮਨਾਈ
ਲੱਡੂ ਵੰਡ ਕੇ ਦਿੱਤਾ ਪੰਜਾਬ ਭਵਿੱਖ ਵਿੱਚ ਫ਼ਤਿਹ ਕਰਨ ਦਾ ਸੁਨੇਹਾ"
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ , 8 ਮਈ 2026 :
ਇਸਾਈ ਭਾਈਚਾਰੇ ਅਤੇ ਘੱਟ ਗਿਣਤੀ ਵਰਗ ਨੇ ਵੀ ਭਾਜਪਾ ਦੀ ਜਿੱਤ ਦੀ ਖੁਸ਼ੀ ਮਨਾਈ ਹੈ।ਪੱਛਮੀ ਬੰਗਾਲ, ਅਸਾਮ ਅਤੇ ਹੋਰ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਇਤਿਹਾਸਕ ਜਿੱਤ ਦਾ ਜਸ਼ਨ ਅੱਜ ਇਸਾਈ ਭਾਈਚਾਰੇ ਅਤੇ ਘੱਟ ਗਿਣਤੀ ਵਰਗ ਵੱਲੋਂ ਗੁਰਦਾਸਪੁਰ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਥੋਮਸ ਮਸੀਹ, ਸੂਬਾ ਪ੍ਰਧਾਨ ਘੱਟ ਗਿਣਤੀ ਮੋਰਚਾ ਪੰਜਾਬ ਨੇ ਆਪਣੀ ਟੀਮ ਸਮੇਤ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਥੋਮਸ ਮਸੀਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮਿਲੀ ਇਹ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਲੋਕ ਭਾਜਪਾ ਦੀਆਂ ਨੀਤੀਆਂ ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਅਤੇ ਅਸਾਮ ਦੀ ਜਿੱਤ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਬਦਲਾਅ ਦੀ ਲਹਿਰ ਚੱਲ ਰਹੀ ਹੈ।2027ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕੇਗਾ। ਪੰਜਾਬ ਦਾ ਅਗਲਾ ਮੁੱਖ ਮੰਤਰੀ ਅਤੇ ਸਾਰੇ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਹੀ ਹੋਣਗੇ।ਥੋਮਸ ਮਸੀਹ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਹੁਤ ਖਰਾਬ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਲੁੱਟਾਂ-ਖੋਹਾਂ, ਕਤਲ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜ ਕੇ ਉਦੋਂ ਤੱਕ ਚਿੰਤਾ ਵਿੱਚ ਰਹਿੰਦੇ ਹਨ ਜਦੋਂ ਤੱਕ ਉਹ ਸੁਰੱਖਿਅਤ ਘਰ ਵਾਪਸ ਨਹੀਂ ਆ ਜਾਂਦੇ।ਪੰਜਾਬ ਦੇ ਲੋਕ ਹੁਣ ਇਸ ਅਸੁਰੱਖਿਅਤ ਮਾਹੌਲ ਤੋਂ ਤੰਗ ਆ ਚੁੱਕੇ ਹਨ ਅਤੇ ਵੱਡਾ ਬਦਲਾਅ ਚਾਹੁੰਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਭਰ ਵਿੱਚ ਈਸਾਈ ਭਾਈਚਾਰਾ ਅਤੇ ਘੱਟ ਗਿਣਤੀਆਂ ਭਾਜਪਾ ਨਾਲ ਚੱਟਾਨ ਵਾਂਗ ਖੜ੍ਹੀਆਂ ਹਨ। ਸੂਬੇ ਅਤੇ ਜ਼ਿਲ੍ਹਾ ਪੱਧਰ 'ਤੇ ਟੀਮਾਂ ਬਣ ਚੁੱਕੀਆਂ ਹਨ ਅਤੇ ਆਉਣ ਵਾਲੇ ਦੋ-ਤਿੰਨ ਮਹੀਨਿਆਂ ਵਿੱਚ ਪਾਰਟੀ ਦੀ ਗਤੀਵਿਧੀ ਹੋਰ ਤੇਜ਼ ਕੀਤੀ ਜਾਵੇਗੀ।