ਸੰਸਕਾਰ ਵੈਲੀ ਸਮਾਰਟ ਸਕੂਲ 'ਚ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਆਯੋਜਿਤ
ਦਲਜੀਤ ਕੌਰ / ਬਾਬੂਸ਼ਾਹੀ ਬਿਊਰੋ
ਭਵਾਨੀਗੜ੍ਹ, 30 ਅਪ੍ਰੈਲ, 2026: ਸੰਸਕਾਰ ਵੈਲੀ ਸਮਾਰਟ ਸਕੂਲ, ਭਵਾਨੀਗੜ੍ਹ ਵਿੱਚ ਬੁੱਧਵਾਰ ਨੂੰ ਸੈਸ਼ਨ 2025-26 ਦੇ ਤਹਿਤ ਕਲਾਸ ਪਹਿਲੀ ਤੋਂ ਨੌਵੀਂ ਤੱਕ ਸਲਾਨਾ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਪੂਰੇ ਸਾਲ ਦੌਰਾਨ 100 ਫੀਸਦੀ ਹਾਜ਼ਰੀ ਲਗਾਉਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਸਮੇਤ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ।
ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪਟਿਆਲਾ ਦੇ ਪ੍ਰਸਿੱਧ ਡਾਕਟਰ ਡਾ. ਰਾਜੀਵ ਜਿੰਦਲ (ਸੀਨੀਅਰ ਕਨਸਲਟੈਂਟ, ਐਨੇਸਥੀਸੀਆ ਅਤੇ ਕ੍ਰਿਟੀਕਲ ਕੇਅਰ, ਅਮਰ ਹਸਪਤਾਲ) ਅਤੇ ਡਾ. ਸ਼ਾਲੂ ਜਿੰਦਲ (ਈਐਨਟੀਵਿਸ਼ੇਸ਼ਗਿਆ ਅਤੇ ਹੈਡ-ਨੈਕ ਸਰਜਨ, ਫੁੱਲ ਹਸਪਤਾਲ) ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।ਇਸ ਪ੍ਰੋਗਰਾਮ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਵੱਡੀ ਗਿਣਤੀ ਵਿੱਚ ਮਾਪੇ ਆਪਣੇ ਬੱਚਿਆਂ ਦੀ ਮਿਹਨਤ, ਅਨੁਸ਼ਾਸਨ ਅਤੇ ਉਪਲਬਧੀਆਂ ਦਾ ਸਨਮਾਨ ਹੁੰਦਾ ਦੇਖਣ ਲਈ ਸਕੂਲ ਪਹੁੰਚੇ। ਵਿਦਿਆਰਥੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ।
ਮੁੱਖ ਮਹਿਮਾਨ ਡਾ. ਰਾਜੀਵ ਜਿੰਦਲ ਨੇ ਸਕੂਲ ਦੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਬੱਚਿਆਂ ਵਿੱਚ ਚੰਗੇ ਸੰਸਕਾਰ ਵਿਕਸਿਤ ਕਰਨ ਵਿੱਚ ਅਧਿਆਪਕਾਂ ਦੇ ਨਾਲ-ਨਾਲ ਮਾਪਿਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹੀ ਬੱਚੇ ਭਵਿੱਖ ਵਿੱਚ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।
ਇਸ ਮੌਕੇ ਸਕੂਲ ਦੇ ਚੇਅਰਮੈਨ ਧਰਮਵੀਰ ਗਰਗ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਈਸ਼ਵਰ ਬਾਂਸਲ ਆਪਣੇ ਪਰਿਵਾਰ ਸਮੇਤ ਮੌਜੂਦ ਰਹੇ। ਚੇਅਰਮੈਨ ਧਰਮਵੀਰ ਗਰਗ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਹਰ ਬੱਚੇ ਵਿੱਚ ਕੋਈ ਨਾ ਕੋਈ ਖ਼ਾਸ ਪ੍ਰਤਿਭਾ ਜ਼ਰੂਰ ਹੁੰਦੀ ਹੈ। ਜੇਕਰ ਉਸਨੂੰ ਸਹੀ ਦਿਸ਼ਾ ਅਤੇ ਮਾਰਗਦਰਸ਼ਨ ਮਿਲੇ ਤਾਂ ਉਹ ਹਰ ਖੇਤਰ ਵਿੱਚ ਸਫ਼ਲਤਾ ਹਾਸਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਆਈ.ਸੀ.ਐੱਸ.ਈ ਬੋਰਡ ਨਾਲ ਸੰਬੰਧਿਤ ਸੰਸਕਾਰ ਵੈਲੀ ਸਮਾਰਟ ਸਕੂਲ ਵਿਦਿਆਰਥੀਆਂ ਦੇ ਚਮਕਦਾਰ ਭਵਿੱਖ ਅਤੇ ਵਿਕਾਸ ਲਈ ਸ਼ੁਰੂ ਤੋਂ ਹੀ ਸੰਕਲਪਬੱਧ ਹੈ।
ਸਕੂਲ ਦੇ ਮੁੱਖ ਅਧਿਆਪਕਾ ਅਮਨ ਨਿੱਝਰ ਨੇ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ ਅਤੇ ਸਭ ਲਈ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਸਮਾਰੋਹ ਦੇ ਅੰਤ ਵਿੱਚ 100 ਫੀਸਦੀ ਹਾਜ਼ਰੀ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪਰਿਵਾਰ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।