ਸੰਗਰੂਰ ਪੁਲਿਸ ਵੱਲੋਂ 117 ਕੇਸ ਦਰਜ; 149 ਮੁਲਜ਼ਮ ਗ੍ਰਿਫਤਾਰ
ਦਲਜੀਤ ਕੌਰ
ਸੰਗਰੂਰ, 03 ਅਪ੍ਰੈਲ, 2026: ਸਰਤਾਜ ਸਿੰਘ ਚਾਹਲ, ਐਸ.ਐਸ.ਪੀ., ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਅਤੇ “ਪਿੰਡਾਂ ਦੇ ਪਹਿਰੇਦਾਰ” ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 01.03.2026 ਤੋਂ 31.03.2026 ਤਕ ਡਰੱਗ ਦੇ 82 ਕੇਸ ਦਰਜ ਕਰਕੇ 110 ਮੁਲਜ਼ਮਾਂ ਨੂੰ ਕਾਬੂ ਕਰਕੇ 601 ਗ੍ਰਾਮ ਹੈਰੋਇਨ, 02 ਕੁਇੰਟਲ 22 ਕਿੱਲੋ 600 ਗ੍ਰਾਮ ਭੁੱਕੀ ਚੂਰਾ ਪੋਸਤ, 144 ਗ੍ਰਾਮ ਚਰਸ, 600 ਗ੍ਰਾਮ ਸੁਲਫਾ/ਗਾਂਜਾ, 19724 ਨਸ਼ੀਲੀਆਂ ਗੋਲੀਆਂ ਅਤੇ 10 ਕਿੱਲੋ ਹਰੇ ਪੌਦੇ ਪੋਸਤ ਬ੍ਰਾਮਦ ਕਰਵਾਏ ਗਏ।
ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 35 ਕੇਸ ਦਰਜ ਕਰ ਕੇ 39 ਮੁਲਜ਼ਮਾਂ ਨੂੰ ਕਾਬੂ ਕਰ ਕੇ 347.250 ਲੀਟਰ ਸ਼ਰਾਬ ਠੇਕਾ ਦੇਸੀ, 119 ਲੀਟਰ ਸ਼ਰਾਬ ਨਜਾਇਜ਼, 174.750 ਲੀਟਰ ਸ਼ਰਾਬ ਅੰਗਰੇਜ਼ੀ ਅਤੇ 430 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ।
ਇਸ ਅਰਸੇ ਦੌਰਾਨ ਜੂਆ ਐਕਟ ਤਹਿਤ 02 ਕੇਸ ਦਰਜ ਕਰਕੇ 05 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 47,410 ਰੁਪਏ ਬ੍ਰਾਮਦ ਕਰਾਏ ਗਏ ਅਤੇ 13 ਪੀ.ਓਜ਼ (ਭਗੌੜੇ) ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਤੋਂ ਇਲਾਵਾ ਐਨ.ਡੀ.ਪੀ.ਐਸ ਐਕਟ ਦੇ 92 ਮੁਕੱਦਮਿਆਂ ਵਿੱਚ 06 ਕਿੱਲੋ 25 ਗ੍ਰਾਮ ਹੈਰੋਇਨ, 14 ਕੁਇੰਟਲ 67 ਕਿੱਲੋ 925 ਗ੍ਰਾਮ ਭੁੱਕੀ ਚੂਰਾ ਪੋਸਤ, 05 ਕਿੱਲੋ 701 ਗ੍ਰਾਮ ਗਾਂਜਾ/ਸੁਲਫਾ, 32 ਕਿੱਲੋ 280 ਗ੍ਰਾਮ ਹਰੇ ਪੌਦੇ ਪੋਸਤ, 250 ਗ੍ਰਾਮ ਨਸ਼ੀਲਾ ਪਾਊਡਰ ਅਤੇ 2730 ਨਸ਼ੀਲੀਆਂ ਗੋਲੀਆਂ ਤਲਫ/ਨਸ਼ਟ ਕਰਵਾਈਆਂ ਗਈਆਂ।
ਥਾਣਾ ਦਿੜ੍ਹਬਾ ਵੱਲੋਂ 01 ਨਸ਼ਾ ਤਸਕਰ ਦੀ 11,85,000 ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ ਕਰਵਾਈ ਗਈ। ਥਾਣਾ ਸਿਟੀ ਧੂਰੀ ਦੇ ਏਰੀਆ ਵਿੱਚ ਸਰਕਾਰੀ ਹਸਪਤਾਲ ਧੂਰੀ ਦੇ OOAT Center ਵਿਖੇ ਹੋਈ ਚੋਰੀ ਦੇ ਕੇਸ ਨੂੰ ਟਰੇਸ ਕਰਕੇ 05 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ ਚੋਰੀ ਕੀਤੀਆਂ ਗਈਆਂ 18,560 ਗੋਲੀਆਂ, 01 ਕੰਪਿਊਟਰ ਸਿਸਟਮ ਅਤੇ 01 ਮੋਟਰਸਾਈਕਲ ਬ੍ਰਾਮਦ ਕਰਵਾਇਆ ਗਿਆ।
ਥਾਣਾ ਲਹਿਰਾ ਅਤੇ ਸਿਟੀ ਸੰਗਰੂਰ ਦੇ ਏਰੀਏ ਵਿੱਚ ਲੁੱਟਾਂ-ਖੋਹਾਂ/ਚੋਰੀਆਂ ਕਰਨ ਵਾਲੇ 07 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਪਾਸੋਂ 06 ਕੂਲਰ ਵਾਲੀਆ ਮੋਟਰਾਂ, 01 ਇਲੈੱਕਟ੍ਰੋਨਿਕ ਕਟਰ, 70 ਫੁੱਟ ਤਾਰ, 01 ਮੋਟਰ ਸਟਾਟਰ, 02 ਮੋਟਰਸਾਈਕਲ, 41 ਕਿਲੋ ਕਣਕ ਅਤੇ 09 ਲੱਖ ਰੁਪਏ ਬ੍ਰਾਮਦ ਕਰਵਾਏ ਗਏ।
ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰਾਂ ਨਾਲ ਮੀਟਿੰਗਾਂ/ਸੰਪਰਕ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਅਰਸੇ ਦੌਰਾਨ ਵੱਖ-ਵੱਖ ਗਜ਼ਟਿਡ ਅਫਸਰਾਂ/ਮੁੱਖ ਅਫਸਰਾਂ ਵੱਲੋਂ 149 ਪਿੰਡਾਂ/ਸਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।
ਆਮ ਪਬਲਿਕ ਨੂੰ ਨਸ਼ੇ ਦਾ ਧੰਦਾ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਖਿਲਾਫ ਜੰਗ ਜਾਰੀ ਹੈ।