ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਬਠਿੰਡਾ ਵਿਖੇ ਰੁਜ਼ਗਾਰ ਪ੍ਰਾਪਤੀ ਰੈਲੀ ਕਰਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 3 ਅਪ੍ਰੈਲ 2026 : ਸੱਤਾਧਾਰੀ ਹਾਕਮਾਂ ਦੀ ਕੰਪਨੀਆਂ ਪੱਖੀ ਨੀਤੀਆਂ ਗਰੀਬਾਂ ਤੋਂ ਰੋਜ਼ੀ ਰੋਟੀ ਖੋਹ ਰਹੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਡਾ ਅੰਬੇਡਕਰ ਪਾਰਕ ਵਿੱਚ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਆਗੂਆਂ ਦੀ ਇੱਕ ਜਨਰਲ ਮੀਟਿੰਗ ਨੂੰ ਸੰਬੋਧਨ ਕਰਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕੀਤਾ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਬਠਿੰਡਾ ਵਿਖੇ 30 ਰੁਜ਼ਗਾਰ ਪ੍ਰਾਪਤੀ ਮਜ਼ਦੂਰ ਰੈਲੀ ਕੀਤੀ ਜਾਵੇਗੀ।
ਇਸ ਸਮੇਂ ਮਜ਼ਦੂਰ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਸੂਬਾ ਪ੍ਰਧਾਨ ਭਗਵੰਤ ਸਮਾਓਂ, ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ ਨੇਂ ਕਿਹਾ ਕਿ ਭਾਜਪਾ ਤੇ ਆਪ ਨੇ ਕਰੋੜਾਂ ਮਜ਼ਦੂਰਾਂ ਤੋਂ ਮਨਰੇਗਾ ਰੁਜ਼ਗਾਰ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਦੀ ਥਾਂ ਜੀ ਰਾਮ ਜੀ ਦੇ ਲਿਆਂਦੇ ਕਾਨੂੰਨ ਤਹਿਤ ਹੁਣ ਕੇਂਦਰ ਪੇਂਡੂ ਰੁਜ਼ਗਾਰ ਲਈ 90 ਦੀ ਥਾਂ 60% ਬਜ਼ਟ ਜਾਰੀ ਕਰੇਗਾ ਅਤੇ ਸੂਬਾ ਸਰਕਾਰ 10 ਦੀ ਥਾਂ 40 % ਬਜਟ ਹਿਸਾ ਪਾਉਣ ਤੋਂ ਬਾਅਦ ਸੂਬੇ ਦੇ ਮਜ਼ਦੂਰਾਂ ਰੁਜ਼ਗਾਰ ਮਿਲੇਗਾ। ਪਰ ਪੰਜਾਬ ਦੀ ਆਪ ਸਰਕਾਰ ਨੇ ਆਪਣੇ ਆਖਰੀ ਬਜਟ ਵਿੱਚ ਪੇਂਡੂ ਰੁਜ਼ਗਾਰ ਲਈ ਫੁੱਟੀ ਕੌਡੀ ਵੀ ਨਹੀਂ ਰੱਖੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਰੁਜ਼ਗਾਰ ਦਾ ਹੱਕ ਖੋਹਕੇ ਮਜ਼ਦੂਰਾਂ ਨੂੰ ਇੱਕ ਕਿੱਲੋ ਨੂਨ ਤੇ ਤੇਲ ਦੀ ਬੋਤਲ ਦੇ ਰਹੀ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੀਆਂ ਗਰੰਟੀਆ ਪੂਰੀਆਂ ਕਰਨ ਦਾ ਦਾਅਵਾ ਨਿਰਾ ਝੂਠ ਹੈ। ਕਿਉਂਕਿ ਪੰਜਾਬ ਦੇ ਬਜ਼ੁਰਗ, ਅੰਗਹੀਣ, ਵਿਧਵਾ,2500 ਰੁਪਏ ਪੈਨਸ਼ਨ ਨੁੰ, ਕਿਸਾਨ ਐਮ ਐਸ ਪੀ ਨੂੰ, ਕੱਚੇ ਕਾਮੇ ਪੱਕੇ ਹੋਣ ਲਈ, ਨੌਜਵਾਨ ਬੇਰੁਜ਼ਗਾਰੀ ਭੱਤੇ ਨੂੰ, ਅੱਜ ਵੀ ਤਰਸ ਰਹੇ ਹਨ।
ਉਨ੍ਹਾਂ ਕਿਹਾ ਕਿ ਔਰਤਾਂ ਦੇ ਖਾਤਿਆਂ ਵਿੱਚ 1500 ਤੇ 1000 ਰੁਪਏ ਪਾਉਣ ਦਾ ਐਲਾਨ ਦੂਜੀ ਵਾਰ ਮੂਰਖ਼ ਬਣਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਰੋਜ਼ੀ ਰੋਟੀ ਦੀ ਗਰੰਟੀ ਦੇਣ ਦੀ ਥਾਂ ਕੁੱਝ ਰਿਆਤਾ ਦੇ ਨਾਂ ਹੇਠ ਜਨਤਾ ਨੂੰ ਲਾਚਾਰ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਜਮਾਤ ਆਪਣੇ ਸੰਵਿਧਾਨਕ ਹੱਕਾਂ ਦੀ ਪ੍ਰਾਪਤੀ ਲਈ ਆਪਣੀ ਆਜ਼ਾਦ ਸਿਆਸੀ ਤਾਕਤ ਬਣਾਉਣ। ਕਿਉਂਕਿ ਸੱਤਾ ਦੀ ਪਾਵਰ ਤੋਂ ਬਿਨਾਂ ਸਮਾਜਿਕ ਕਾਣੀ ਵੰਡ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਖਾਲਸਾ, ਜ਼ਿਲ੍ਹਾ ਸਕੱਤਰ ਸੁਖਜੀਵਨ ਸਿੰਘ ਮੌੜ, ਗੁਰਜੰਟ ਸਿੰਘ ਘੁੰਮਣ, ਨੈਬ ਸਿੰਘ ਬਠਿੰਡਾ, ਰਾਣੀ ਕੌਰ ਨਥਾਣਾ, ਨੇ ਵੀ ਸੰਬੋਧਨ ਕੀਤਾ।