ਸਰਜਨ ਬਠਿੰਡਾ ਦੀ ਅਗਵਾਈ ਹੇਠ ਐਚ.ਪੀ.ਵੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ, 5 ਮਾਰਚ 2026 :ਸਿਵਲ ਸਰਜਨ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ‘ਤੇ ਐਚ.ਪੀ.ਵੀ ਵੈਕਸੀਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਐਚ.ਪੀ.ਵੀ ਵਾਇਰਸ ਲੜਕੀਆਂ ਅਤੇ ਮਹਿਲਾਵਾਂ ਵਿੱਚ ਸਰਵਾਇਕਲ ਕੈਂਸਰ ਦਾ ਮੁੱਖ ਕਾਰਨ ਹੈ ਅਤੇ ਇਸ ਵੈਕਸੀਨ ਰਾਹੀਂ ਇਸ ਗੰਭੀਰ ਬਿਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ।ਸਿਵਲ ਸਰਜਨ ਡਾ ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਕਾਰ ਵੱਲੋਂ ਇਹ ਵੈਕਸੀਨ 14 ਸਾਲ ਦੀ ਉਮਰ ਦੀਆਂ ਬੱਚੀਆਂ ਨੂੰ ਮੁਫ਼ਤ ਲਗਾਈ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਸਰਵਾਇਕਲ ਕੈਂਸਰ ਦੇ ਮਾਮਲਿਆਂ ਵਿੱਚ ਕਮੀ ਲਿਆਂਦੀ ਜਾ ਸਕੇ । ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਬੱਚੀਆਂ ਨੂੰ ਇਹ ਟੀਕਾ ਜ਼ਰੂਰ ਲਗਵਾਉਣ ਅਤੇ ਸਿਹਤ ਵਿਭਾਗ ਦਾ ਸਹਿਯੋਗ ਦੇਣ । ਉਹਨਾਂ ਕਿਹਾ ਕਿ ਐਚ.ਪੀ.ਵੀ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਵਿਗਿਆਨਕ ਤੌਰ ‘ਤੇ ਪ੍ਰਮਾਣਿਤ ਹੈ ਅਤੇ ਇਸ ਦੇ ਕੋਈ ਗੰਭੀਰ ਸਾਈਡ ਇਫੈਕਟ ਨਹੀਂ ਹਨ।
ਉਹਨਾਂ ਕਿਹਾ ਕਿ ਹਲਕਾ ਬੁਖਾਰ ਜਾਂ ਟੀਕੇ ਵਾਲੀ ਥਾਂ ‘ਤੇ ਦਰਦ ਜਿਹਾ ਆਮ ਪ੍ਰਭਾਵ ਹੋ ਸਕਦਾ ਹੈ ਜੋ ਕੁਝ ਸਮੇਂ ਵਿੱਚ ਠੀਕ ਹੋ ਜਾਂਦਾ ਹੈ । ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ ਅਤੇ ਆਪਣੀਆਂ ਬੱਚੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ।ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮੀਨਾਕਸ਼ੀ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟੀਕਾਕਰਨ ਮੁਹਿੰਮ 90 ਦਿਨ ਚੱਲੇਗੀ ਇਹ ਸਾਰੇ ਸਰਕਾਰੀ ਹਸਪਤਾਲਾਂ, ਕਮਿਊਨਟੀ ਹੈਲਥ ਸੈਂਟਰਾਂ ਵਿੱਚ ਰੋਜਾਨਾ ਚਲਾਈ ਜਾਵੇਗੀ। ਇਹ ਇੱਕ ਟੀਕਾ ਉਮਰ ਭਰ ਲਈ ਬੱਚੀਆਂ ਨੂੰ ਬੱਚੇਦਾਨੀ ਦੇ ਕੈਂਸ਼ਰ ਤੋਂ ਸੁਰੱਖਿਅਤ ਕਰਨ ਲਈ ਲਗਾਇਆ ਜਾਵੇਗਾ ਅਤੇ ਨਾਲ ਹੀ ਟੀਕਾਕਰਣ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ । ਇਹ ਮੁਹਿੰਮ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਫਲ ਹੋ ਸਕੇਗੀ । ਸਿਹਤ ਕਰਮਚਾਰੀਆਂ ਨੂੰ ਇਸ ਸਬੰਧੀ ਪਹਿਲਾਂ ਹੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਡਾ ਜੈਦੀਪ, ਡਾ ਰਾਹੁਲ ਮੈਦਾਨ,ਡਾ ਰੀਆ,ਡਾ ਇੰਦਰਜੀਤ ਖੁਰਾਣਾ,ਡਾ ਮੋਨੀਕਾ, ਡਿਪਟੀ ਮਾਸ ਮੀਡੀਆ ਅਫ਼ਸਰ ਕੇਵਲ ਸਿੰਘ ,ਬੀ.ਈ.ਈ ਗਗਨਦੀਪ ਸਿੰਘ ਭੁੱਲਰ ਅਤੇ ਹਰਜਿੰਦਰ ਕੌਰ,ਐਲ.ਐਚ.ਵੀ ਗੁਰਜਿੰਦਰ ਕੌਰ, ਸਟਾਫ ਨਰਸ ਬਲਜੀਤ ਕੌਰ, ਮੈਟਰਨ ਅਨੀਤਾ, ਏ.ਐਨ.ਐਮ ਦਵਿੰਦਰ ਕੌਰ ਅਤੇ ਗੁਰਪ੍ਰੀਤ ਕੌਰ ਹਾਜ਼ਰ ਸਨ ।