ਪੰਜਾਬ ਕਲਾ ਪਰਿਸ਼ਦ ਵਲੋਂ ਨਾਵਲਕਾਰ ਜਸਬੀਰ ਮੰਡ ਨਾਲ ਸੰਵਾਦ ਸਮਾਰੋਹ ਕਰਵਾਇਆ ਗਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 05 ਮਾਰਚ 2026
ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵਲੋਂ ਪੰਜਾਬ ਦੀ ਨਵ ਸਿਰਜਣਾ ਤਹਿਤ ਆਰੰਭ ਕੀਤੀ ਪ੍ਰੋਗਰਾਮ ਲੜੀ ‘ਸਿਰਜਣਾ ਅਤੇ ਸੰਵਾਦ’ ਅਧੀਨ ਖੇਤਰ ਦੇ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਸਬੀਰ ਮੰਡ ਨਾਲ ਸੰਵਾਦ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ। ਅਦਾਰਾ ਪਰਵਾਜ਼, ਇਕਾਈ ਨਵਾਂਸ਼ਹਿਰ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਮਹਿਮਾਨ ਨਾਵਲਕਾਰ ਜਸਬੀਰ ਮੰਡ, ਆਰੀਆ ਸਕੂਲ ਦੇ ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ, ਜਸਬੀਰ ਦੀਪ, ਭੁਪਿੰਦਰ ਸਿੰਘ ਮੱਲ੍ਹੀ ਅਤੇ ਕਹਾਣੀਕਾਰ ਅਜਮੇਰ ਸਿੱਧੂ ਨੇ ਸ਼ਿਰਕਤ ਕੀਤੀ। ਸਮਾਰੋਹ ਦੇ ਆਰੰਭ ਵਿੱਚ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ ਜੇ ਬੀ ਸੇਖੋਂ ਨੇ ਦੱਸਿਆ ਕਿ ਪੰਜਾਬ ਕਲਾ ਪਰੀਸ਼ਦ ਵਲੋਂ ਉਲੀਕੇ ਇਸ ਸਮਾਰੋਹ ਦਾ ਮੰਤਵ ਲੇਖਕ ਅਤੇ ਪਾਠਕ ਵਿਚਕਾਰ ਸੰਵਾਦ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਕਰਨਾ ਹੈ। ਪਿ੍ਰੰਸੀਪਲ ਰਜਿੰਦਰ ਸਿੰਘ ਗਿੱਲ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਕਲਾ ਪਰਿਸ਼ਦ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਮਹਿਮਾਨ ਨਾਵਲਕਾਰ ਜਸਬੀਰ ਮੰਡ ਨੇ ਆਪਣੇ ਨਾਵਲਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਵਿਚਾਰ ਰੱਖੇ। ਉਨ੍ਹਾਂ ਆਪਣੇ ਨਾਵਲ ‘ਔੜ ਦੇ ਬੀਜ’ ਤੋਂ ‘ਚੁਰਾਸੀ ਲੱਖ ਯਾਦਾਂ’ ਤੱਕ ਦੇ ਸਿਰਜਣਾਤਮਿਕ ਸਫ਼ਰ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਨਾਵਲਾਂ ਵਿੱਚ ਕੁਦਰਤ, ਕਿਰਤ, ਕਿਰਸਾਨੀ ਅਤੇ ਪਿੰਡ ਦੇ ਬਦਲ ਰਹੀ ਤਸਵੀਰ ਦਾ ਅਕਸਰ ਜ਼ਿਕਰ ਆਉਂਦਾ ਹੈ। ਉਨ੍ਹਾਂ ਸੰਤਾਲੀ ਅਤੇ ਪੰਜਾਬ ਸੰਕਟ ਨਾਲ ਜੁੜੇ ਨਾਵਲੀ ਬਿਰਤਾਂਤ ਦੀਆਂ ਘਟਨਾਵਾਂ, ਪਾਤਰਾਂ, ਭਾਸ਼ਾ ਸ਼ੈਲੀ ਆਦਿ ਬਾਰੇ ਮੁੱਲਵਾਨ ਵਿਚਾਰ ਰੱਖੇ। ਵਿਚਾਰ ਚਰਚਾ ਦਾ ਆਗ਼ਾਜ਼ ਕਹਾਣੀਕਾਰ ਅਜਮੇਰ ਸਿੱਧੂ ਅਤੇ ਆਲੋਚਕ ਡਾ ਕੇਵਲ ਰਾਮ ਨੇ ਕੀਤੀ ਅਤੇ ਪੰਜਾਬੀ ਨਾਵਲ ਦੀ ਵਰਤਮਾਨ ਸਥਿਤੀ ਵਿੱਚ ਜਸਬੀਰ ਮੰਡ ਦੀ ਨਾਵਲ ਕਲਾ ਬਾਰੇ ਵਿਚਾਰ ਰੱਖੇ। ਇਸ ਮੌਕੇ ਭੁਪਿੰਦਰ ਸਿੰਘ ਮੱਲੀ, ਜਸਬੀਰ ਦੀਪ, ਦੀਦਾਰ ਸਿੰਘ ਸ਼ੇਤਰਾ, ਲੈਕਚਰਾਰ ਬਲਵੀਰ ਸਿੰਘ, ਪ੍ਰੋ ਇਕਬਾਲ ਸਿੰਘ ਚੀਮਾ, ਪ੍ਰੋ ਦੀਪਕ ਗੁਣਾਚੌਰ, ਕਹਾਣੀਕਾਰ ਜੋਗੇ ਭੰਗਲ, ਸ਼ਾਇਰ ਕੁਲਵਿੰਦਰ ਕੁੱਲਾ, ਡਾ ਗੁਰਮੀਤ ਸਿੰਘ ਸਰਾਂ ਨੇ ਜਸਬੀਰ ਮੰਡ ਦੇ ਨਾਵਲਾਂ ਅੰਦਰ ਦਾਰਸ਼ਨਿਕ ਸੁਰ, ਬਿਰਤਾਂਤ ਦੀ ਬੁਣਤੀ, ਭਾਸ਼ਾ ਸ਼ੈਲੀ ਅਤੇ ਲੇਖਕ ਦੇ ਅਧਿਐਨ ਖੇਤਰ ਬਾਰੇ ਗੰਭੀਰ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਵਿੱਚ ਜਸਬੀਰ ਮੰਡ ਨੇ ਕਿਹਾ ਕਿ ਉਹ ਹਮੇਸ਼ਾਂ ਉਪਦੇਸ਼ਨੁਮਾ ਲੇਖਣੀ ਤੋਂ ਦੂਰ ਰਹੇ ਹਨ ਅਤੇ ਚੰਗਾ ਨਾਵਲ ਇਕਿਹਰੇ ਅਰਥਾਂ ਦੀ ਥਾਂ ਬਹੁ ਪਰਤੀ ਅਰਥਾਂ ਵਾਲਾ ਹੁੰਦਾ ਹੈ। ਉਨ੍ਹਾਂ ਬੋਲ ਮਰਦਾਨਿਆਂ, ਆਖਰੀ ਪਿੰਡ ਦੀ ਕਥਾ, ਆਖਰੀ ਬਾਬੇ ਆਦਿ ਨਾਵਲਾਂ ਦੀ ਰਚਨਾ ਪ੍ਰਕਿਰਿਆ ਬਾਰੇ ਵੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਤਿਹਾਸਕ ਨਾਵਲ ਲਿਖਣਾ ਇਤਿਹਾਸ ਲਿਖਣਾ ਨਹੀਂ ਸਗੋਂ ਇਤਿਹਾਸ ਦੀ ਮਾਨਸਿਕਤਾ ਤੱਕ ਪੁੱਜਣਾ ਹੁੰਦਾ ਹੈ। ਇਸ ਮੌਕੇ ਜਸਵੀਰ ਬੇਗਮਪੁਰੀ ਨੇ ਪੁਸਤਕਾਂ ਦੀ ਵਿਕਰੀ ਪ੍ਰਦਰਸ਼ਨੀ ਲਗਾਈ। ਸਮਾਰੋਹ ਮੌਕੇ ਸੁਰਮੁਖ ਸਿੰਘ, ਅਜੈ ਕੁਮਾਰ ਚਾਹੜਮਜਾਰਾ, ਕੁਲਦੀਪ ਸਿੰਘ ਜੇਠੂਮਜਾਰਾ, ਰੁਪਿੰਦਰ ਸਿੰਘ ਮਾਹਿਲ, ਐਡਵੋਕੇਟ ਪਰਮਜੀਤ ਸਿੰਘ ਖੱਟੜਾ, ਵਾਸਦੇਵ ਪਰਦੇਸੀ, ਕਵੀ ਮੱਖਣ ਬਖਲੌਰ, ਅਮਰੀਕ ਸਿੰਘ ਬੇਗਮਪੁਰੀ,ਵਿਜੈ ਕੁਮਾਰ , ਰੁਪਿੰਦਰ ਕੌਰ ਦੁਰਗਾ ਪੁਰ,ਸੰਦੀਪ ਨਈਅਰ, ਪ੍ਰੋ ਹਰਪ੍ਰੀਤ ਕੌਰ, ਰੁਪਿੰਦਰ ਕੌਰ ਬਕਾਪੁਰ, ਮੈਡਮ ਰੀਆ, ਮੈਡਮ ਦੀਪਕਾ ਆਦਿ ਸਮੇਤ ਸਾਹਿਤ ਪ੍ਰੇਮੀ ਹਾਜ਼ਰ ਸਨ।