ਸਿਵਲ ਸਰਜਨ ਵੱਲੋਂ ਕੰਨਾਂ ਦੀ ਸੁਣਨ ਸ਼ਕਤੀ ਬਚਾਉਣ ਲਈ ਨਿਯਮਿਤ ਜਾਂਚ ਦੀ ਸਲਾਹ
ਅਸ਼ੋਕ ਵਰਮਾ
ਬਠਿੰਡਾ, 3 ਮਾਰਚ 2026 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਵਿਸ਼ਵ ਸੁਣਨ ਸ਼ਕਤੀ ਦਿਵਸ ਮੌਕੇ ਜ਼ਿਲ੍ਹੇ ਭਰ ਵਿੱਚ ਸੁਣਨ ਸਮੱਸਿਆਵਾਂ ਸਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ। ਇਸੇ ਤਹਿਤ ਜਿਲ੍ਹਾ ਹਸਪਤਾਲ ਦੀ ਓ.ਪੀ.ਡੀ ਵਿਖੇ ਸੁਣਨ ਸਮੱਸਿਆਵਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਇਸ ਸਾਲ ਦੇ ਥੀਮ ਅਨੁਸਾਰ ਲੋਕਾਂ ਨੂੰ ਸੁਣਨ ਦੀ ਸਮੱਸਿਆ ਦੀ ਸਮੇਂ ਸਿਰ ਪਹਿਚਾਣ ਅਤੇ ਇਲਾਜ ਲਈ ਪ੍ਰੇਰਿਤ ਕੀਤਾ ਗਿਆ।
ਸਿਵਲ ਸਰਜਨ ਡਾ ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਣਨ ਦੀ ਸਮੱਸਿਆ ਹਰ ਉਮਰ ਦੇ ਲੋਕਾਂ ਵਿੱਚ ਹੋ ਸਕਦੀ ਹੈ। ਬੱਚਿਆਂ ਵਿੱਚ ਜਨਮ ਤੋਂ ਹੀ ਸੁਣਨ ਦੀ ਕਮੀ ਹੋ ਸਕਦੀ ਹੈ, ਜਦਕਿ ਵੱਡੀ ਉਮਰ ਵਿੱਚ ਤੇਜ਼ ਸ਼ੋਰ, ਇੰਫੈਕਸ਼ਨ ਜਾਂ ਹੋਰ ਕਾਰਨਾਂ ਕਰਕੇ ਸੁਣਨ ਦੀ ਸਮਰੱਥਾ ਘੱਟ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਬੱਚਾ ਆਵਾਜ਼ ‘ਤੇ ਪ੍ਰਤੀਕ੍ਰਿਆ ਨਾ ਦੇਵੇ, ਬੋਲਣ ਵਿੱਚ ਦੇਰੀ ਹੋਵੇ ਜਾਂ ਵਾਰ-ਵਾਰ ਕੰਨ ਦਰਦ ਰਹੇ ਤਾਂ ਤੁਰੰਤ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ। ਕੰਨਾਂ ਦੇ ਮਾਹਿਰ ਡਾ ਰਜਤ ਸ਼ਰਮਾ ਨੇ ਕਿਹਾ ਕਿ ਮੋਬਾਈਲ ਫੋਨ ਅਤੇ ਹੈੱਡਫੋਨ ਦੀ ਉੱਚੀ ਆਵਾਜ਼ ਤੋਂ ਬਚਿਆ ਜਾਵੇ ਅਤੇ ਲੰਬੇ ਸਮੇਂ ਤੱਕ ਸ਼ੋਰ ਵਾਲੇ ਮਾਹੌਲ ਵਿੱਚ ਰਹਿਣ ਤੋਂ ਪਰਹੇਜ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਰਾਸ਼ਟਰੀ ਬਹਿਰਾਪਨ ਨਿਯੰਤਰਣ ਪ੍ਰੋਗਰਾਮ ਹੇਠ ਮੁਫ਼ਤ ਜਾਂਚ ਅਤੇ ਇਲਾਜ ਦੀ ਸਹੂਲਤ ਉਪਲਬਧ ਹੈ। ਜਿਲ੍ਹਾ ਬੀ.ਸੀ.ਸੀ ਕੁਆਰਡੀਨੇਟਰ ਨਰਿੰਦਰ ਕੁਮਾਰ ਅਤੇ ਬੀ.ਈ.ਈ ਹਰਜਿੰਦਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 60 ਸਾਲ ਦੀ ਉਮਰ ਤੋਂ ਵੱਧ ਹਰ ਵਿਅਕਤੀ ਨੂੰ ਆਪਣਾ ਸੁਣਵਾਈ ਦਾ ਟੈਸਟ ਕਰਾਉਣਾ ਲਾਜ਼ਮੀ ਹੈ, ਖ਼ਾਸਕਰ ਉਦੋਂ ਜਦੋਂ ਤੁਸੀਂ ਗੱਲਬਾਤ ਦੌਰਾਨ ਵਾਰ ਵਾਰ ਸ਼ਬਦਾਂ ਨੂੰ ਦੁਹਰਾਉਣ ਲਈ ਕਹਿ ਰਹੇ ਹੋਵੋ। ਉਹਨਾਂ ਦੱਸਿਆ ਕਿ ਸਕੂਲ ਵਿੱਚ ਪੜ੍ਹਨ ਵਾਲਾ ਬੱਚਾ ਥੋੜ੍ਹੀ ਦੂਰੀ ਤੋਂ ਅਧਿਆਪਕ ਦੀ ਆਵਾਜ਼ ਵੱਲ ਧਿਆਨ ਨਹੀਂ ਦੇ ਰਿਹਾ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਗਰਭ ਅਵਸਥਾ ਦੌਰਾਨ ਮਾਹਿਰ ਡਾਕਟਰ ਦੀ ਰਾਇ ਤੋਂ ਬਿਨ੍ਹਾਂ ਲਈ ਗਈ ਦਵਾਈ ਨਵਜੰਮੇ ਬੱਚੇ ਦੀ ਸੁਣਨ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਅੰਤ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਣਨ ਸਮਰੱਥਾ ਦੀ ਨਿਯਮਿਤ ਜਾਂਚ ਕਰਵਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ‘ਤੇ ਨਜ਼ਦੀਕੀ ਸਿਹਤ ਸੰਸਥਾ ਨਾਲ ਸੰਪਰਕ ਕਰਨ।