ਲੋਕ ਸਮੱਸਿਆਵਾਂ ਨੂੰ ਲੈ ਕੇ ਰਾਜਗੁਰੂ ਨਗਰ ਵਿਖੇ ਹੋਈ ਮੀਟਿੰਗ
ਪ੍ਰਮੋਦ ਭਾਰਤੀ
ਲੁਧਿਆਣਾ 03 ਮਾਰਚ,2026
ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜੇ ਵੱਖ - ਵੱਖ ਮੁੱਦਿਆਂ ਨੂੰ ਲੈ ਕੇ ਸਥਾਨਕ ਰਾਜਗੁਰੂ ਨਗਰ ਵਿਖੇ ਰਿਟਾਇਰਡ ਅਫਸਰ ਬੀ ਐਮ ਕਾਲੀਆ ਦੇ ਨਿਵਾਸ ਸਥਾਨ ਤੇ ਇਕ ਮੀਟਿੰਗ ਹੋਈ।
ਇਸ ਮੌਕੇ ਲੋਕਾਂ ਦੀਆਂ ਚਿੰਤਾਵਾਂ ਸਾਂਝੀਆਂ ਕਰਨ ਤੋਂ ਬਾਅਦ, ਸੰਬੋਧਨ ਕਰਦਿਆਂ ਲੁਧਿਆਣਾ ਸ਼ਹਿਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈੱਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਕਿਹਾ ਕਿ ਕਾਨੂੰਨ ਤੇ ਵਿਵਸਥਾ ਦੀ ਮਾੜੀ ਹਾਲਤ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਆਏ ਦਿਨ ਅਪਰਾਧਿਕ ਵਾਰਦਾਤਾਂ ਨੇ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਇਸੇ ਤਰ੍ਹਾਂ, ਨਸ਼ੇ ਦੀ ਗੰਭੀਰ ਸੱਮਸਿਆ ਤੋਂ ਹਰ ਵਰਗ ਦੁਖੀ ਹੈ। ਜਦਕਿ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਦੀ ਸਫਲਤਾ ਸਬੰਧੀ ਵੱਡੇ ਵੱਡੇ ਦਾਅਵੇ ਕਰ ਰਹੀ ਹੈ।
ਮੀਟਿੰਗ ਦੌਰਾਨ ਇਲਾਕੇ ਵਿਚ ਵਿਕਾਸ ਨਾਲ ਜੁੜੇ ਕਈ ਮੁੱਦੇ ਵੀ ਸਾਹਮਣੇ ਆਏ। ਦੀਵਾਨ ਨੇ ਕਿਹਾ ਕਿ ਸੜਕਾਂ ਦਾ ਬੁਰਾ ਹਾਲ ਹੈ ਅਤੇ ਪਾਰਕਾਂ ਵਿੱਚ ਕੂੜਾ ਪਿਆ ਮਿਲਦਾ ਹੈ। ਲੇਕਿਨ ਨਗਰ ਨਿਗਮ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਸਬੰਧੀ ਦਾਅਵੇ ਕਰਦੀ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਸਿਰਫ਼ ਦਾਅਵੇ ਕਰਨ ਨਾਲ ਵਿਕਾਸ ਨਹੀਂ ਹੁੰਦਾ, ਜਮੀਨੀ ਪੱਧਰ ਤੇ ਵੀ ਦਿਖਣਾ ਚਾਹੀਦਾ ਹੈ।
ਜਦਕਿ ਇਸ ਤੋਂ ਪਹਿਲਾਂ, ਬੀ ਐਮ ਕਾਲੀਆ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਲਾਕੇ ਵਿਚ 7 ਵਾਹਨਾਂ ਵਿੱਚੋਂ ਬੈਟਰੀਆਂ ਚੋਰੀ ਹੋ ਗਈਆਂ ਸਨ। ਹਾਲਾਤ ਇੰਨੇ ਮਾੜੇ ਹਨ ਕਿ ਲੋਕ ਰਾਤ ਵੇਲੇ ਆਪਣੇ ਘਰਾਂ ਵਿਚੋਂ ਨਿਕਲਣ ਤੋਂ ਵੀ ਡਰਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਕਪੂਰ, ਦਵਿੰਦਰ ਬੇਦੀ, ਐਸ ਐਸ ਖੁਰਾਨਾ, ਭੁਪਿੰਦਰ ਸਿੰਘ ਗਿੱਲ, ਸੁਨੀਲ ਸ਼ਰਮਾ, ਡਾ. ਜਗਦੇਵ ਸਿੰਘ ਗਰੇਵਾਲ, ਬਾਲ ਕ੍ਰਿਸ਼ਨ ਸ਼ਰਮਾ, ਦਿਨੇਸ਼ ਗੁਪਤਾ, ਸੁਰਿੰਦਰ ਗਰੇਵਾਲ ਵੀ ਮੌਜੂਦ ਰਹੇ।