ਮਿਡ ਡੇਅ ਮੀਲ ਵਰਕਰਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਕੀਤਾ ਰੋਸ ਵਿਖਾਵਾ
ਮੁੱਖ ਮੰਤਰੀ ਨੂੰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਹੀਂ ਭੇਜਿਆ ਮੰਗ ਪੱਤਰ
ਗੁਰਦਾਸਪੁਰ 17 ਫਰਵਰੀ
ਅੱਜ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੀਆਂ ਮਿਡ ਡੇਅ ਮੀਲ ਵਰਕਰਾਂ ਵੱਲੋਂ ਜਿਲ੍ਹਾ ਪ੍ਰਧਾਨ ਮਨਜੀਤ ਕੌਰ ਵੜੀਚ ਜਨਰਲ ਸਕੱਤਰ ਚੰਪਾ ਦੇਵੀ , ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਪ੍ਰਧਾਨ ਅਨਿਲ ਕੁਮਾਰ ਲਾਹੌਰੀਆ ਦੀ ਅਗਵਾਈ ਹੇਠ ਸਥਾਨਕ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਸਾਡੀ ਘੱਟੋ ਘੱਟ ਉਜਰਤ 18000 ਰੁਪਏ ਮਹੀਨਾ ਕੀਤੀ ਜਾਵੇ, ਫੌਰੀ ਤੌਰ ਤੇ ਹਰਿਆਣਾ ਵਿੱਚ ਦਿੱਤੀ ਜਾਂਦੀ ਉਜਰਤ 6500 ਰੁਪਏ ਤੁਰੰਤ ਕੀਤੀ ਜਾਵੇ ਕਿਉਂਕਿ 3000ਰੁਪਏ ਨਾਲ ਘਰਾਂ ਦਾ ਗੁਜ਼ਾਰਾ ਕਰਨਾ ਔਖਾ ਹੈ। ਆਗੂਆਂ ਕਿਹਾ ਕਿ ਚਾਰ ਸਾਲ ਬਾਅਦ ਸਰਕਾਰ ਨੇ ਇੱਕ ਵੀ ਰੁਪਇਆ ਭੱਤੇ ਵਿੱਚ ਵਾਧਾ ਨਹੀਂ ਕੀਤਾ।ਆਗੂਆਂ ਮੰਗ ਕੀਤੀ ਕਿ ਸਾਨੂੰ ਵਰਦੀਆਂ ਦਿਤੀਆਂ ਜਾਣ, ਬੀਮਾ ਕੀਤਾ ਜਾਵੇ, ਹਾਦਸੇ ਵਿੱਚ ਮੌਤ ਹੋ ਜਾਣ ਤੇ 50 ਲੱਖ ਦੀ ਫੌਰੀ ਮਦਦ ਕੀਤੀ ਜਾਵੇ, ਗਿਣਤੀ ਦੇ ਆਧਾਰ ਤੇ ਨੌਕਰੀ ਤੋਂ ਫ਼ਾਰਗ ਕੀਤੀਆਂ ਵਰਕਰਾਂ ਬਹਾਲ ਕੀਤੀਆਂ ਜਾਣ, ਖਾਣਾ ਬਣਾਉਣ ਤੋਂ ਇਲਾਵਾ ਵਾਧੂ ਕੰਮਾਂ ਦੀ ਮਨਾਹੀ ਕੀਤੀ ਜਾਵੇ। ਰੋਸ ਪ੍ਰਦਰਸ਼ਨ ਤੋਂ ਬਾਅਦ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸੈਕੰਡਰੀ ਦਫ਼ਤਰ ਦੇ ਸੁਪਰਡੰਟ ਪਰਬੋਧ ਕੁਮਾਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਿਆ।ਇਸ ਮੌਕੇ ਤੇ ਬੇਵੀ, ਰੇਖਾ ਰਾਣੀ, ਰਤਨ ਕੌਰ, ਸਪਨਾ, ਪਰਵੀਨ ਕਮਲੇਸ਼ ਕੁਮਾਰੀ, ਬਿਮਲਾ, ਪਰਮਜੀਤ, ਜੋਤੀ, ਰਾਜਵਿੰਦਰ, ਸੁਰਜੀਤ ਕੌਰ, ਕੁਲਵਿੰਦਰ ਕੌਰ, ਰਿੰਪੀ, ਰਮੇਸ਼ ਚੰਦ, ਸੁਖਵਿੰਦਰ ਰੰਧਾਵਾ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।