ਥਰਮਲ ਕਾਮਿਆ ਵੱਲੋਂ ਅਰਥੀ ਫੂਕ ਮੁਜ਼ਾਹਾਰਾ ਕੀਤਾ ਗਿਆ
ਮਨਪ੍ਰੀਤ ਸਿੰਘ
ਰੂਪਨਗਰ 17 ਫਰਵਰੀ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਵਿਖੇ ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ, ਆਰ ਟੀ ਪੀ ਕੰਟਰੈਕਟਰ ਵਰਕਰ ਯੂਨੀਅਨ ਏਟਕ, ਸਾਝਾਂ ਮੰਚ ਕਟਰੈਕਟਰ ਵਰਕਰ ਯੂਨੀਅਨ ਅਤੇ ਆਰ ਟੀ ਪੀ ਇੰਪਲਾਈਜ ਯੂਨੀਅਨ ਵੱਲੋ ਮੇਨ ਗੇਟ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਜੁਆਇੰਟ ਫੋਰਮ ਪੰਜਾਬ ਦੇ ਸਾਂਝੇ ਸੱਦੇ ਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਵਿੱਚ ਸੈਂਕੜੇ ਮਜ਼ਦੂਰ ਮੁਲਾਜ਼ਮਾਂ ਵੱਲੋ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਗਈ। ਇਸ ਸਮੇ ਸਾਥੀ ਰਾਜ ਕੁਮਾਰ ਤਿਵਾੜੀ ,ਸਾਥੀ ਸਿਮਰਨਜੀਤ ਨੀਲੋ ਅਤੇ ਸਾਥੀ ਪਵਨਪ੍ਰੀਤ ਸਿੰਘ ਨੇ ਸੰਬੋਧਨ ਕਰਦੇ ਕਿਹਾ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਵਲੋ ਪਿਛਲੀਆ ਮੀਟਿੰਗਾ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਬਿਜਲੀ ਨਿਗਮ ਦੀ ਕੋਈ ਵੀ ਜਾਇਦਾਦ ਨਹੀਂ ਵੇਚੀ ਜਾਵੇਗੀ ਪਰ ਹੁਣ ਬਿਜਲੀ ਨਿਗਮ ਦੀ ਮੈਨੇਜਮੈਂਟ ਵਲੋ ਵਾਅਦਾ ਖਿਲਾਫੀ ਕਰਦੇ ਹੋਏ ਬਡੂੰਗਰ ਜ਼ਿਲਾ ਪਟਿਆਲਾ ਵਿਚਲੀ ਬਿਜਲੀ ਨਿਗਮ ਦੀ 50 ਏਕੜ ਜ਼ਮੀਨ ਪੁੱਡਾ ਦੇ ਨਾਮ ਤਬਦੀਲ ਕਰ ਦਿੱਤੀ ਗਈ ਹੈ। ਜਿਸ ਦੇ ਵਿਰੁੱਧ ਥਰਮਲ ਕਾਮਿਆ ਵਿਚ ਬਹੁਤ ਭਾਰੀ ਰੋਸ ਹੈ। ਥਰਮਲ ਕਾਮੇ ਮੰਗ ਕਰ ਰਹੇ ਹਨ ਕਿ ਕੰਟਰੈਕਟਰ ਵਰਕਰਾ ਨੂੰ ਸਿੱਧਾ ਪਾਵਰਕਾਮ ਦੇ ਰੋਲ ਤੇ ਲਿਆ ਜਾਵੇ, ਘੱਟੋ ਘੱਟ ਉਜਰਤ 26000/- ਪ੍ਰਤੀ ਮਹੀਨਾ ਕੀਤੀ ਜਾਵੇ,ਬਿਜਲੀ ਐਕਟ 2025 ਰੱਦ ਕੀਤਾ ਜਾਵੇ। ਜਿੰਨਾ ਚਿਰ ਕੰਟਰੈਕਟਰ ਵਰਕਰਾ ਨੂੰ ਪਾਵਰਕਾਮ ਵਿੱਚ ਭਰਤੀ ਨਹੀਂ ਕਰਦੇ ਉਨਾ ਚਿਰ ਠੇਕੇਦਾਰਾ ਨੂੰ ਬਾਹਰ ਕਰਕੇ ਕੰਟਰੈਕਟ ਵਰਕਰਾਂ ਨੂੰ ਸਿੱਧਾ ਕੰਟਰੈਕਟ ਤੇ ਲਿਆ ਜਾਵੇ। ਮਜ਼ਦੂਰ ਮਾਰੂ ਚਾਰ ਲੇਬਰ ਕੋਡ ਰੱਦ ਕੀਤੇ ਜਾਣ ਆਦਿ ਮੰਗਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਸਮੇ ਸਾਥੀ ਬੀਰਪਾਲ ਸਿੰਘ, ਸੂਬਾ ਸਕੱਤਰ ਸਾਥੀ ਦਵਿੰਦਰ ਸਿੰਘ, ਜਸਕਰਨ ਸਿੰਘ ਦਦਰਾਹੋ, ਦਵਿੰਦਰ ਪਾਂਡੇ,ਬਲਵਿੰਦਰ ਸਿੰਘ, ਪਰਗਟ ਸਿੰਘ, ਬਲਵਿੰਦਰ ਸਿੰਘ ਆਦਿ ਨੇ ਸੰਬੋਧਨ ਕਰਦਿਆ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਤਿੱਖੇ ਸ਼ਬਦਾਂ ਵਿਚ ਨੁਕਤਾ ਚੀਨੀ ਕੀਤੀ ਅਤੇ ਸਮੂਹ ਕੰਟਰੈਕਟ ਵਰਕਰਾ ਅਤੇ ਮੁਲਾਜ਼ਮਾਂ ਨੂੰ ਇੱਕ ਮੁੱਠ ਹੋਣ ਦਾ ਸੱਦਾ ਦਿੱਤਾ।