ਭਗਵੰਤ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ; 'ਮੋਗਾ ਰੈਲੀ' ਲਈ ਹੋਏ ਰਵਾਨਾ
ਬੀਤੇ ਦਿਨੀਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਹੋਏ ਸਨ ਦਾਖਲ; ਹੁਣ ਸਿੱਧਾ ਪਹੁੰਚ ਰਹੇ ਹਨ ਰੈਲੀ ਦੇ ਮੈਦਾਨ 'ਚ
Babushahi Network
ਚੰਡੀਗੜ੍ਹ/ਮੋਗਾ, 16 ਫਰਵਰੀ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਸਿੱਧਾ ਮੋਗਾ ਵਿਖੇ ਹੋ ਰਹੀ ਨਸ਼ਾ ਵਿਰੋਧੀ 'ਮੈਗਾ ਰੈਲੀ' ਵਿੱਚ ਸ਼ਾਮਿਲ ਹੋਣ ਲਈ ਰਵਾਨਾ ਹੋ ਗਏ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਸਿਹਤ ਸਬੰਧੀ ਕੁਝ ਦਿੱਕਤਾਂ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ (Fortis Hospital) ਵਿਖੇ ਦਾਖਲ ਕਰਵਾਇਆ ਗਿਆ ਸੀ।
ਡਾਕਟਰਾਂ ਵੱਲੋਂ ਜ਼ਰੂਰੀ ਜਾਂਚ ਤੋਂ ਬਾਅਦ ਅੱਜ ਸਵੇਰੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਹਸਪਤਾਲ ਤੋਂ ਬਾਹਰ ਆਉਂਦਿਆਂ ਹੀ ਉਨ੍ਹਾਂ ਨੇ ਆਪਣੀ ਪਹਿਲਾਂ ਤੋਂ ਤੈਅ ਮੋਗਾ ਰੈਲੀ ਵਿੱਚ ਜਾਣ ਦਾ ਫੈਸਲਾ ਕੀਤਾ। ਪਿਛਲੇ 24 ਘੰਟਿਆਂ ਤੋਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸ਼ਾਇਦ ਉਹ ਰੈਲੀ ਵਿੱਚ ਨਹੀਂ ਪਹੁੰਚ ਸਕਣਗੇ, ਪਰ ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ 'ਮਿਲਦੇ ਹਾਂ ਦੋਸਤੋ' ਲਿਖ ਕੇ ਸਭ ਚਰਚਾਵਾਂ 'ਤੇ ਵਿਰਾਮ ਲਗਾ ਦਿੱਤਾ ਸੀ।
ਇਹ ਰੈਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦਾ ਵੱਡਾ ਹਿੱਸਾ ਹੈ, ਜਿੱਥੇ ਮੁੱਖ ਮੰਤਰੀ ਲੋਕਾਂ ਨੂੰ ਸੰਬੋਧਨ ਕਰਨਗੇ। ਮੁੱਖ ਮੰਤਰੀ ਦੇ ਹਸਪਤਾਲ ਤੋਂ ਸਿੱਧਾ ਰੈਲੀ ਵਿੱਚ ਪਹੁੰਚਣ ਦੀ ਖ਼ਬਰ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਮੋਗਾ ਵਿਖੇ ਇਕੱਠੀ ਹੋਈ ਸੰਗਤ ਵਿੱਚ ਭਾਰੀ ਉਤਸ਼ਾਹ ਭਰ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।