ਸਾਬਕਾ ਵਿਧਾਇਕ ਨਾਗਰਾ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰ ਅਧਿਕਾਰ ਸੰਗਰਾਮ ਰਾਜਪੁਰਾ ’ਚ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਸ਼ਮੂਲੀਅਤ ਕਰਦੇ ਹੋਏ ਕਾਂਗਰਸੀ ਤੇ ਮਨਰੇਗਾ ਵਰਕਰ
ਦੀਦਾਰ ਗੁਰਨਾ
ਫ਼ਤਿਹਗੜ੍ਹ ਸਾਹਿਬ 10 ਜਨਵਰੀ 2026 : ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਲਈ ਰਾਜਪੁਰਾ ਵਿਖੇ ਕਾਂਗਰਸ ਪਾਰਟੀ ਵੱਲੋਂ ਕਰਵਾਏ ਗਏ ਮਨਰੇਗਾ ਮਜ਼ਦੂਰ ਅਧਿਕਾਰ ਸੰਗਰਾਮ ਵਿੱਚ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ , ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਮਨਰੇਗਾ ਤਹਿਤ ਕੰਮ ਕਰਦੇ ਮਜ਼ਦੂਰਾਂ ਨੂੰ ਅੱਜ ਆਪਣੇ ਮੂਲ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ , ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮਨਰੇਗਾ ਯੋਜਨਾ ਨੂੰ ਹੌਲੀ-ਹੌਲੀ ਕਮਜ਼ੋਰ ਕੀਤਾ ਜਾ ਰਿਹਾ ਹੈ, ਜਿਸ ਦਾ ਸਿੱਧਾ ਨੁਕਸਾਨ ਪਿੰਡਾਂ ਦੇ ਗਰੀਬ ਅਤੇ ਮਿਹਨਤੀ ਵਰਗ ਨੂੰ ਹੋ ਰਿਹਾ ਹੈ
ਉਨ੍ਹਾਂ ਕਿਹਾ ਕਿ ਮਨਰੇਗਾ ਸਕੀਮ ਕਾਂਗਰਸ ਸਰਕਾਰ ਦੀ ਇਤਿਹਾਸਕ ਦੇਣ ਹੈ, ਜਿਸ ਨੇ ਪਿੰਡਾਂ ਦੇ ਗਰੀਬ ਮਜ਼ਦੂਰਾਂ ਨੂੰ ਰੋਜ਼ਗਾਰ ਦੀ ਗਾਰੰਟੀ ਦਿੱਤੀ ਸੀ, ਪਰ ਅੱਜ ਕੇਂਦਰ ਸਰਕਾਰ ਇਸ ਸਕੀਮ ਦੀ ਆਤਮਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ,ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਂਦਰ ਅੱਗੇ ਪੰਜਾਬ ਦੇ ਹੱਕਾਂ ਦੀ ਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ , ਨਾ ਤਾਂ ਮਨਰੇਗਾ ਲਈ ਪੂਰਾ ਫੰਡ ਲਿਆ ਜਾ ਰਿਹਾ ਹੈ ਅਤੇ ਨਾ ਹੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਜਾ ਰਿਹਾ ਹੈ
ਸਾਬਕਾ ਵਿਧਾਇਕ ਨਾਗਰਾ ਨੇ ਕਿਹਾ ਕਿ ਅੱਜ ਦੀ ਪੰਜਾਬ ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਅਤੇ ਜੁਮਲਿਆਂ ਤੱਕ ਸੀਮਿਤ ਰਹਿ ਗਈ ਹੈ, ਜਦਕਿ ਜ਼ਮੀਨੀ ਪੱਧਰ ’ਤੇ ਨਾ ਰੋਜ਼ਗਾਰ ਦੇ ਮੌਕੇ ਬਣ ਰਹੇ ਹਨ ਅਤੇ ਨਾ ਹੀ ਮਜ਼ਦੂਰਾਂ ਨੂੰ ਉਹਨਾਂ ਦੇ ਬਣਦੇ ਹੱਕ ਮਿਲ ਰਹੇ ਹਨ , ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀ ਆਵਾਜ਼ ਬਣ ਕੇ ਖੜੀ ਰਹੀ ਹੈ ਅਤੇ ਅੱਜ ਵੀ ਮਨਰੇਗਾ ਮਜ਼ਦੂਰਾਂ ਦੀ ਲੜਾਈ ਵਿੱਚ ਪੂਰੀ ਤਾਕਤ ਨਾਲ ਉਨ੍ਹਾਂ ਦੇ ਨਾਲ ਹੈ। ਮਨਰੇਗਾ ਮਜ਼ਦੂਰ ਪਿੰਡਾਂ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਨਾਲ ਹੋ ਰਹੀ ਅਨਿਆਇਕਤਾ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ , ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਮਨਰੇਗਾ ਸਕੀਮ ਦਾ ਨਾਮ ਬਦਲਣਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਅਪਮਾਨ ਹੈ। ਕਾਂਗਰਸ ਪਾਰਟੀ ਇਹ ਸੰਘਰਸ਼ ਉਦੋਂ ਤੱਕ ਜਾਰੀ ਰੱਖੇਗੀ ਜਦੋਂ ਤੱਕ ਮਨਰੇਗਾ ਮਜ਼ਦੂਰਾਂ ਨੂੰ ਉਨ੍ਹਾਂ ਦੇ ਪੂਰੇ ਹੱਕ ਨਹੀਂ ਮਿਲ ਜਾਂਦੇ
ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ, ਯੂਥ ਕਾਂਗਰਸ, ਮਹਿਲਾ ਕਾਂਗਰਸ,ਬਲਾਕ ਸੰਮਤੀ ਮੈਂਬਰ, ਸਾਬਕਾ ਸਰਪੰਚ, ਪੰਚ,ਸਮੂਹ ਕਾਂਗਰਸ ਪਾਰਟੀ ਦੇ ਅਹੁਦੇਦਾਰ,ਕਾਂਗਰਸੀ ਆਗੂ,ਕਾਂਗਰਸੀ ਵਰਕਰ,ਮਨਰੇਗਾ ਵਰਕਰ ਤੇ ਹੋਰ ਪਤਵੰਤੇ ਹਾਜ਼ਰ ਸਨ