ਜਗਰਾਉਂ: ਪੈਸਿਆਂ ਦੇ ਲੈਣ-ਦੇਣ ਕਾਰਨ ਜ਼ਹਿਰ ਪਿਲਾਉਣ ਨਾਲ 28 ਸਾਲਾ ਨੌਜਵਾਨ ਦੀ ਮੌਤ
ਮ੍ਰਿਤਕ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ
ਦੀਪਕ ਜੈਨ
ਜਗਰਾਉਂ, 10 ਮਾਰਚ 2026- ਪਿੰਡ ਗਗੜੇ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਬੀਤੇ ਦਿਨ ਸ਼ੱਕੀ ਹਾਲਾਤਾਂ ਵਿੱਚ ਜ਼ਹਿਰੀਲੀ ਵਸਤੂ ਨਿਗਲਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਨੇ ਜਗਰਾਉਂ ਦੇ ਕਲਿਆਨੀ ਹਸਪਤਾਲ (ਰਾਏਕੋਟ ਰੋਡ) ਵਿਖੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਨੂੰ ਮਰਨ ਤੋਂ ਪਹਿਲਾਂ ਦਿੱਤੇ ਆਪਣੇ ਬਿਆਨਾਂ ਵਿੱਚ ਮ੍ਰਿਤਕ ਨੇ ਆਪਣੇ ਹੀ ਦੋ ਸਾਥੀਆਂ 'ਤੇ ਜ਼ਬਰਦਸਤੀ ਜ਼ਹਿਰ ਪਿਲਾਉਣ ਦੇ ਗੰਭੀਰ ਦੋਸ਼ ਲਗਾਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਨੂੰ ਬੀਤੇ ਕੱਲ੍ਹ ਗੰਭੀਰ ਅਤੇ ਨਾਜ਼ੁਕ ਹਾਲਤ ਵਿੱਚ ਰਾਏਕੋਟ ਰੋਡ ਸਥਿਤ ਕਲਿਆਨੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਮੁੱਢਲੀ ਜਾਣਕਾਰੀ ਮੁਤਾਬਕ ਉਸਦੀ ਹਾਲਤ ਜ਼ਹਿਰੀਲੀ ਦਵਾਈ ਪੀਣ ਕਾਰਨ ਵਿਗੜੀ ਸੀ, ਜਿਸ ਤੋਂ ਬਾਅਦ ਡਾਕਟਰਾਂ ਵੱਲੋਂ ਉਸਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਅੱਜ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਜਗਰਾਉਂ ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਪੁਲਿਸ ਚੌਂਕੀ ਚੌਂਕੀਮਾਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮਾਮਲੇ ਦੇ ਜਾਂਚ ਅਧਿਕਾਰੀ ਅਤੇ ਚੌਂਕੀ ਇੰਚਾਰਜ ਏ.ਐੱਸ.ਆਈ. ਆਤਮਾ ਸਿੰਘ ਨੇ ਬੀਤੇ ਕੱਲ੍ਹ ਹੀ ਕਲਿਆਨੀ ਹਸਪਤਾਲ ਪਹੁੰਚ ਕੇ ਗੰਭੀਰ ਹਾਲਤ ਵਿੱਚ ਜ਼ੇਰੇ-ਇਲਾਜ ਗੁਰਪ੍ਰੀਤ ਸਿੰਘ ਦੇ ਬਿਆਨ ਕਲਮਬੱਧ ਕਰ ਲਏ ਸਨ।
ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਖੁਲਾਸਾ ਕੀਤਾ ਸੀ ਕਿ ਉਹ ਆਪਣੇ ਦੋ ਸਾਥੀਆਂ, ਹੈਪੀ ਅਤੇ ਗੀਟਾ ਨਾਲ ਮਿਲ ਕੇ ਪਲੰਬਰ ਦਾ ਕੰਮ ਕਰਦਾ ਸੀ। ਉਨ੍ਹਾਂ ਨੇ ਪਿੰਡ ਕੋਠੇ ਖਜੂਰਾਂ ਦੇ ਸਰਪੰਚ ਸੋਨੀ ਤੋਂ ਪਾਈਪਾਂ ਪਾਉਣ ਦਾ ਠੇਕਾ ਲਿਆ ਸੀ ਅਤੇ ਸਰਪੰਚ ਪਾਸੋਂ 10,000 ਰੁਪਏ ਦੀ ਪੇਸ਼ਗੀ (ਐਡਵਾਂਸ) ਰਕਮ ਵੀ ਲਈ ਸੀ। ਇਸੇ ਰਕਮ ਦੀ ਵੰਡ ਨੂੰ ਲੈ ਕੇ ਉਨ੍ਹਾਂ ਵਿਚਕਾਰ ਆਪਸੀ ਮਨਮੁਟਾਵ ਪੈਦਾ ਹੋ ਗਿਆ। ਥਾਣਾ ਮੁਖੀ ਅਨੁਸਾਰ ਮ੍ਰਿਤਕ ਨੇ ਦੋਸ਼ ਲਗਾਇਆ ਹੈ ਕਿ ਇਸੇ ਰੰਜਿਸ਼ ਦੇ ਚਲਦਿਆਂ ਉਕਤ ਦੋਵਾਂ ਸਾਥੀਆਂ ਨੇ ਉਸਨੂੰ ਕਥਿਤ ਤੌਰ 'ਤੇ ਜ਼ਬਰਦਸਤੀ ਜ਼ਹਿਰੀਲੀ ਚੀਜ਼ ਪਿਲਾ ਦਿੱਤੀ।
ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਕਲਮਬੱਧ ਕੀਤੇ ਗਏ ਬਿਆਨਾਂ (Dying Declaration) ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੋਸਟਮਾਰਟਮ ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਦੂਜੇ ਪਾਸੇ, ਇਸ ਸੰਵੇਦਨਸ਼ੀਲ ਮਾਮਲੇ ਵਿੱਚ ਕਿਸੇ ਵੀ ਪਰਿਵਾਰਕ ਮੈਂਬਰ ਨੇ ਮੀਡੀਆ ਦੇ ਕੈਮਰੇ ਅੱਗੇ ਆ ਕੇ ਕੁਝ ਵੀ ਕਹਿਣ ਤੋਂ ਗੁਰੇਜ਼ ਕੀਤਾ। ਹੈਰਾਨੀ ਵਾਲੀ ਗੱਲ ਇਹ ਵੀ ਸਾਹਮਣੇ ਆਈ ਕਿ ਨੌਜਵਾਨ ਦੀ ਮੌਤ ਹੋ ਜਾਣ ਦੇ ਬਾਵਜੂਦ ਉਸਦੀ ਪਤਨੀ ਅਤੇ ਹੋਰ ਕਰੀਬੀ ਪਰਿਵਾਰਕ ਮੈਂਬਰ ਹਸਪਤਾਲ ਨਹੀਂ ਪੁੱਜੇ ਸਨ, ਜੋ ਕਿ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Click to Follow Babushahi Facebook page →