ਵਿਸ਼ਵਵਿਆਪੀ ਊਰਜਾ ਸੰਕਟ: ਖਾੜੀ ਦੇਸ਼ਾਂ ਵੱਲੋਂ ਤੇਲ ਉਤਪਾਦਨ ਵਿੱਚ ਵੱਡੀ ਕਟੌਤੀ
ਨਵੀਂ ਦਿੱਲੀ: 10 ਮਾਰਚ, 2026
ਮੱਧ ਪੂਰਬ ਵਿੱਚ ਵਧਦੇ ਤਣਾਅ ਅਤੇ ਹੋਰਮੁਜ਼ ਜਲਡਮਰੂ ਵਿੱਚ ਜਾਰੀ ਰੁਕਾਵਟਾਂ ਦੇ ਵਿਚਕਾਰ, ਵਿਸ਼ਵਵਿਆਪੀ ਤੇਲ ਬਾਜ਼ਾਰ ਵਿੱਚ ਇੱਕ ਵੱਡਾ ਸੰਕਟ ਪੈਦਾ ਹੋ ਗਿਆ ਹੈ। ਬਲੂਮਬਰਗ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ, ਖਾੜੀ ਖੇਤਰ ਦੇ ਚਾਰ ਵੱਡੇ ਤੇਲ ਉਤਪਾਦਕ ਦੇਸ਼ਾਂ—ਸਾਊਦੀ ਅਰਬ, ਇਰਾਕ, ਸੰਯੁਕਤ ਅਰਬ ਅਮੀਰਾਤ (UAE) ਅਤੇ ਕੁਵੈਤ—ਨੇ ਆਪਣੇ ਸਮੂਹਿਕ ਤੇਲ ਉਤਪਾਦਨ ਵਿੱਚ ਪ੍ਰਤੀ ਦਿਨ 6.7 ਮਿਲੀਅਨ ਬੈਰਲ ਦੀ ਭਾਰੀ ਕਟੌਤੀ ਕਰ ਦਿੱਤੀ ਹੈ। ਇਹ ਅੰਕੜਾ ਵਿਸ਼ਵ ਦੀ ਕੁੱਲ ਤੇਲ ਸਪਲਾਈ ਦੇ ਲਗਭਗ 6 ਫੀਸਦੀ ਦੇ ਬਰਾਬਰ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਗਲੋਬਲ ਅਰਥਵਿਵਸਥਾ ਉੱਤੇ ਗੰਭੀਰ ਪ੍ਰਭਾਵ ਪੈਣ ਦਾ ਡਰ ਬਣਿਆ ਹੋਇਆ ਹੈ।
ਜੰਗ ਦੇ ਹਾਲਾਤਾਂ ਕਾਰਨ ਤੇਲ ਨਿਰਯਾਤ ਦਾ ਮੁੱਖ ਰੂਟ ਮੰਨੇ ਜਾਣ ਵਾਲੇ ਹੋਰਮੁਜ਼ ਜਲਡਮਰੂ ਦੇ ਲਗਭਗ ਬੰਦ ਹੋਣ ਨਾਲ ਇਨ੍ਹਾਂ ਦੇਸ਼ਾਂ ਦੇ ਸਟੋਰੇਜ ਟੈਂਕ ਭਰ ਚੁੱਕੇ ਹਨ, ਜਿਸ ਕਰਕੇ ਉਨ੍ਹਾਂ ਨੂੰ ਮਜਬੂਰਨ ਆਪਣਾ ਉਤਪਾਦਨ ਘਟਾਉਣਾ ਪਿਆ ਹੈ। ਰਿਪੋਰਟਾਂ ਮੁਤਾਬਕ, ਇਰਾਕ ਵਿੱਚ ਸਭ ਤੋਂ ਵੱਧ ਪ੍ਰਭਾਵ ਦੇਖਣ ਨੂੰ ਮਿਲਿਆ ਹੈ, ਜਿੱਥੇ ਉਤਪਾਦਨ ਵਿੱਚ 2.9 ਮਿਲੀਅਨ ਬੈਰਲ ਪ੍ਰਤੀ ਦਿਨ ਦੀ ਕਮੀ ਆਈ ਹੈ, ਜਦਕਿ ਸਾਊਦੀ ਅਰਬ ਨੇ 2 ਤੋਂ 2.5 ਮਿਲੀਅਨ ਬੈਰਲ, ਯੂਏਈ ਨੇ 5 ਲੱਖ ਤੋਂ 8 ਲੱਖ ਬੈਰਲ ਅਤੇ ਕੁਵੈਤ ਨੇ ਲਗਭਗ 5 ਲੱਖ ਬੈਰਲ ਪ੍ਰਤੀ ਦਿਨ ਦੀ ਕਟੌਤੀ ਕੀਤੀ ਹੈ।
ਊਰਜਾ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਨੂੰ ਹੋਰ ਅਸਮਾਨੀ ਚੜ੍ਹਾ ਸਕਦਾ ਹੈ। ਕੱਚੇ ਤੇਲ ਦੀਆਂ ਕੀਮਤਾਂ ਪਹਿਲਾਂ ਹੀ 100 ਡਾਲਰ ਪ੍ਰਤੀ ਬੈਰਲ ਦੇ ਅੰਕੜੇ ਨੂੰ ਪਾਰ ਕਰ ਚੁੱਕੀਆਂ ਹਨ ਅਤੇ ਜੇਕਰ ਇਹ ਸਪਲਾਈ ਚੇਨ ਜਲਦੀ ਬਹਾਲ ਨਹੀਂ ਹੁੰਦੀ, ਤਾਂ ਆਉਣ ਵਾਲੇ ਸਮੇਂ ਵਿੱਚ ਮਹਿੰਗਾਈ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ। ਇਹ ਸਥਿਤੀ ਨਾ ਸਿਰਫ਼ ਉਦਯੋਗਿਕ ਇਕਾਈਆਂ ਲਈ ਚੁਣੌਤੀਪੂਰਨ ਹੈ, ਸਗੋਂ ਭਾਰਤ ਵਰਗੇ ਦੇਸ਼ਾਂ ਲਈ ਵੀ ਵੱਡੀ ਮੁਸੀਬਤ ਖੜ੍ਹੀ ਕਰ ਸਕਦੀ ਹੈ, ਜੋ ਆਪਣੀ ਤੇਲ ਲੋੜਾਂ ਦਾ ਵੱਡਾ ਹਿੱਸਾ ਆਯਾਤ ਕਰਦੇ ਹਨ।
Click to Follow Babushahi Facebook page →