Breaking: ਪੰਜਾਬੀ ਗਾਇਕ 'ਤੇ ਹਮਲੇ ਦੀ ਕੋਸ਼ਿਸ਼: ਬਦਮਾਸ਼ਾਂ ਨੇ ਗੱਡੀ ਦਾ ਪਿੱਛਾ ਕਰਕੇ ਕੀਤੇ ਹਵਾਈ ਫਾਇਰ
ਕਾਲੇ ਰੰਗ ਦੀ ਕਾਰ 'ਚ ਸਵਾਰ ਸਨ ਹਮਲਾਵਰ; ਗਾਇਕ ਨੇ ਭਜਾ ਕੇ ਬਚਾਈ ਜਾਨ, ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ
Babushahi Network
ਨਵਾਂਸ਼ਹਿਰ, 11 ਮਾਰਚ 2026- ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਨਾਮਵਰ ਗਾਇਕ ਰਾਣਾ ਸਹੋਤਾ ਨਾਲ ਜੁੜੀ ਇੱਕ ਬੇਹੱਦ ਹੈਰਾਨ ਕਰਨ ਵਾਲੀ ਅਤੇ ਖ਼ੌਫ਼ਨਾਕ ਘਟਨਾ ਸਾਹਮਣੇ ਆਈ ਹੈ। ਨਵਾਂਸ਼ਹਿਰ ਦੇ ਨਜ਼ਦੀਕ ਅਣਪਛਾਤੇ ਬਦਮਾਸ਼ਾਂ ਵੱਲੋਂ ਰਾਣਾ ਸਹੋਤਾ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਦਹਿਸ਼ਤ ਫੈਲਾਉਣ ਲਈ ਹਵਾਈ ਫਾਇਰ ਵੀ ਕੀਤੇ ਗਏ।
ਰਾਣਾ ਸਹੋਤਾ ਨੇ ਖੁਦ ਮੀਡੀਆ ਦੇ ਸਾਹਮਣੇ ਆ ਕੇ ਇਸ ਪੂਰੀ ਘਟਨਾ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ, ਉਹ ਖੁਦ ਆਪਣੀ ਗੱਡੀ ਚਲਾ ਕੇ ਜਾ ਰਹੇ ਸਨ, ਜਦੋਂ ਨਵਾਂਸ਼ਹਿਰ ਦੇ ਨੇੜੇ ਇੱਕ ਕਾਲੇ ਰੰਗ ਦੀ ਸ਼ੱਕੀ ਕਾਰ ਉਨ੍ਹਾਂ ਦਾ ਪਿੱਛਾ ਕਰਨ ਲੱਗੀ। ਕੁਝ ਦੂਰੀ ਤੱਕ ਪਿੱਛਾ ਕਰਨ ਤੋਂ ਬਾਅਦ ਹਮਲਾਵਰਾਂ ਨੇ ਆਪਣੀ ਕਾਰ ਰਾਣਾ ਸਹੋਤਾ ਦੀ ਗੱਡੀ ਦੇ ਬਰਾਬਰ ਲਿਆਂਦੀ ਅਤੇ ਅੰਦਰ ਬੈਠੇ ਨੌਜਵਾਨਾਂ ਨੇ ਇਸ਼ਾਰਿਆਂ ਨਾਲ ਗੱਡੀ ਰੋਕਣ ਲਈ ਕਿਹਾ। ਜਦੋਂ ਗਾਇਕ ਨੇ ਖ਼ਤਰਾ ਮਹਿਸੂਸ ਕਰਦਿਆਂ ਗੱਡੀ ਨਾ ਰੋਕੀ, ਤਾਂ ਬਦਮਾਸ਼ਾਂ ਨੇ ਹਵਾਈ ਫਾਇਰ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਏ।
ਸੁਰੱਖਿਆ ਨੂੰ ਲੈ ਕੇ ਉੱਠੇ ਸਵਾਲ
ਪੰਜਾਬ ਵਿੱਚ ਗਾਇਕਾਂ 'ਤੇ ਹਮਲਿਆਂ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਕਲਾਕਾਰ ਜਗਤ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਰਾਣਾ ਸਹੋਤਾ ਨੇ ਦੱਸਿਆ ਕਿ ਉਹ ਇਸ ਘਟਨਾ ਤੋਂ ਬਾਅਦ ਕਾਫੀ ਸਹਿਮੇ ਹੋਏ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਹੈ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ (CCTV) ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਉਸ ਕਾਲੇ ਰੰਗ ਦੀ ਗੱਡੀ ਅਤੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ।
Click to Follow Babushahi Facebook page →