ਗੁਰਦਾਸਪੁਰ: DC ਨੇ ਬਿਰਧ ਆਸ਼ਰਮ ਅਤੇ ਚਿਲਡਰਨ ਹੋਮ ਵਿੱਚ ਪਹੁੰਚ ਕੇ ਬਜ਼ੁਰਗਾਂ ਤੇ ਬੱਚਿਆਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ
ਰੋਹਿਤ ਗੁਪਤਾ
ਗੁਰਦਾਸਪੁਰ, 22 ਅਕਤੂਬਰ - ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ‘ਤੇ ਸ੍ਰੀ ਦਲਵਿੰਦਰਜੀਤ ਸਿੰਘ, ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਗੁਰਦਾਸਪੁਰ ਵਲੋਂ ਬਿਰਧ ਆਸ਼ਰਮ, ਗੁਰਦਾਸਪੁਰ ਵਿਖੇ ਪਹੁੰਚ ਕੇ ਬਜ਼ੁਰਗਾਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੱਤੀ। ਡਿਪਟੀ ਕਮਿਸ਼ਨਰ ਵਲੋਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬਜੁਰਗ ਸਾਡੇ ਆਪਣੇ ਹਨ ਅਤੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ। ਉਹਨਾਂ ਵਲੋਂ ਆਸ਼ਰਮ ਦੇ ਕਮਰਿਆਂ, ਰਸੋਈ ਅਤੇ ਹੋਰ ਸਹੂਲਤਾਂ ਦੀ ਜਾਂਚ ਕੀਤੀ ਗਈ।
ਇਸ ਮੌਕੇ ਉਹਨਾਂ ਨੇ ਬਜ਼ੁਰਗਾਂ ਨੂੰ ਫਲ ਆਦਿ ਵੰਡੇ ਅਤੇ ਸੰਬੰਧਤ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਬਜ਼ੁਰਗਾਂ ਦੀ ਸਿਹਤ ਅਤੇ ਸੁਖ-ਸੁਵਿਧਾ ਦਾ ਖਾਸ ਧਿਆਨ ਰੱਖਿਆ ਜਾਵੇ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਆਸ਼ਰਮ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੋਵੇ ਤਾਂ ਪ੍ਰਸ਼ਾਸਨ ਨੂੰ ਜ਼ਰੂਰ ਜਾਣਕਾਰੀ ਦਿੱਤੀ ਜਾਵੇ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਜ਼ਿਲ੍ਹੇ ਅੰਦਰ ਚਲਾਏ ਜਾ ਰਹੇ ਚਿਲਡਰਨ ਹੋਮ, ਜ਼ੇਲ ਰੋਡ, ਗੁਰਦਾਸਪੁਰ ਪਹੁੰਚੇ ਅਤੇ ਬੱਚਿਆਂ ਨੂੰ ਫਲ, ਮਿਠਾਈਆਂ ਅਤੇ ਖੇਡ ਦਾ ਸਮਾਨ ਵੰਡ ਕੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਬੱਚਿਆਂ ਵਲੋਂ ਦੀਵਾਲੀ ਦੇ ਮੌਕੇ ‘ਤੇ ਆਪਣੇ ਹੱਥਾਂ ਨਾਲ ਤਿਆਰ ਕੀਤੇ ਗਏ ਦੀਵ੍ ਅਤੇ ਪੇਂਟਿੰਗਾਂ ਵੀ ਡਿਪਟੀ ਕਮਿਸ਼ਨਰ ਵਲੋਂ ਖਰੀਦੀਆਂ ਗਈਆਂ, ਜਿਸ ਨਾਲ ਬੱਚਿਆਂ ਦਾ ਮਨੋਬਲ ਵਧਿਆ। ਉਨਾਂ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੀ ਪੜਾਈ ‘ਤੇ ਖ਼ਾਸ ਧਿਆਨ ਦੇਣ ਤੇ ਆਸ਼ਰਮ ਵਲੋਂ ਪ੍ਰਦਾਨ ਕੀਤੀਆਂ ਸਹੂਲਤਾਂ ਦਾ ਲਾਭ ਲੈ ਕੇ ਜੀਵਨ ਵਿਚ ਉੱਚਾਈਆਂ ਹਾਸਲ ਕਰਨ।
ਇਸ ਮੌਕੇ ਰਾਜੀਵ ਸਿੰਘ, ਸਕੱਤਰ, ਰੈਡ ਕਰਾਸ ਸੋਸਾਇਟੀ , ਗੁਰਦਾਸਪੁਰ, ਸ੍ਰੀਮਤੀ ਅਰਪਣਾ, ਮੈਨੇਜਰ, ਬਿਰਧ ਆਸ਼ਰਮ (ਹੈਲਪ ਏਜ਼ ਇੰਡੀਆ), ਗੁਰਦਾਸਪੁਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸੁਨੀਲ ਸ਼ਰਮਾ, ਮੈਡਮ ਸੰਦੀਪ ਕੌਰ, ਸੁਪਰਡੈਂਟ ਅਤੇ ਸਟਾਫ ਮੈਂਬਰ ਵੀ ਹਾਜ਼ਰ ਸਨ।