ਕਾਂਗਰਸ ਪਾਰਟੀ ਬਲਾਕ ਪ੍ਰਧਾਨ 'ਤੇ ਪਿਸਤੌਲ ਨਾਲ ਜਾਨਲੇਵਾ ਹਮਲਾ
ਫਾਇਰ ਮਿਸ ਹੋਣ ਕਰਕੇ ਵਾਲ-ਵਾਲ ਬਚੇ
ਪਹਿਲਾਂ ਵੀ ਗੈਂਗਸਟਰਾਂ ਵਲੋਂ ਦਿੱਤੀਆਂ ਗਈਆਂ ਸਨ ਧਮਕੀਆਂ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,20 ਅਕਤੂਬਰ
ਸੋਮਵਾਰ ਦਿਵਾਲੀ ਵਾਲੇ ਦਿਨ ਕਸਬਾ ਚੋਹਲਾ ਸਾਹਿਬ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦ ਸਵੇਰੇ 10.30 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਦੋ ਬੇਪਛਾਣ ਹਮਲਾਵਰਾਂ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਬਲਾਕ ਚੋਹਲਾ ਸਾਹਿਬ ਦੇ ਪ੍ਰਧਾਨ ਭੁਪਿੰਦਰ ਕੁਮਾਰ ਨਈਅਰ ਨੂੰ ਮਾਰ ਦੇਣ ਦੀ ਨੀਅਤ ਨਾਲ ਪਿਸਤੌਲ ਨਾਲ ਗੋਲੀਆਂ ਮਾਰਨ ਦੀ ਕੋਸ਼ਿਸ਼ ਕੀਤੀ ਗਈ,ਪਰ ਫਾਇਰ ਮਿਸ ਹੋਣ ਕਰਕੇ ਉਹ ਵਾਲ-ਵਾਲ ਬਚ ਗਏ।ਉਪਰੋਕਤ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਭੁਪਿੰਦਰ ਕੁਮਾਰ ਨਈਅਰ ਜ਼ੋ ਕਿ ਕ੍ਰਿਸ਼ਨਾ ਗਊਸ਼ਾਲਾ ਚੋਹਲਾ ਸਾਹਿਬ ਦੇ ਵੀ ਪ੍ਰਧਾਨ ਹਨ ਜੋ ਸਵੇਰੇ ਆਪਣੀ ਦੁਕਾਨ 'ਤੇ ਬੈਠੇ ਸਨ ਕਿ ਮੋਟਰਸਾਈਕਲ ਸਵਾਰ ਦੋ ਬੇਪਛਾਣ ਹਮਲਾਵਰ ਜਿੰਨਾ ਵਿਚੋਂ ਇੱਕ ਨਿਹੰਗ ਬਾਣੇ ਵਿੱਚ ਸੀ।ਉਨ੍ਹਾਂ ਦੀ ਦੁਕਾਨ ਦੇ ਬਾਹਰ ਆਏ।ਨਿਹੰਗ ਬਾਣੇ ਵਾਲਾ ਵਿਅਕਤੀ ਮੋਟਰਸਾਈਕਲ ਉੱਪਰ ਹੀ ਸਵਾਰ ਰਿਹਾ ਜਦਕਿ ਉਸਦੇ ਦੂਸਰੇ ਨਕਾਬਪੋਸ਼ ਸਾਥੀ ਵਲੋਂ ਦੁਕਾਨ 'ਤੇ ਬੈਠੇ ਕਾਂਗਰਸੀ ਆਗੂ ਭੁਪਿੰਦਰ ਕੁਮਾਰ ਨਈਅਰ 'ਤੇ ਪਿਸਤੌਲ ਨਾਲ ਗੋਲੀਆਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫਾਇਰ ਮਿਸ ਹੋਣ ਤੋਂ ਬਾਅਦ ਉਹ ਮੋਟਰਸਾਈਕਲ ਸਵਾਰ ਦੂਸਰੇ ਸਾਥੀ ਨਾਲ ਮੌਕੇ ਤੋਂ ਫ਼ਰਾਰ ਹੋ ਗਏ।ਕਾਂਗਰਸੀ ਆਗੂ ਕੋਲੋਂ ਜਦ ਉਸਦਾ ਕਿਸੇ ਨਾਲ ਵੈਰ ਵਿਰੋਧ ਹੋਣ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਫਿਰੌਤੀ ਦੇਣ ਲਈ ਗੈਂਗਸਟਰਾਂ ਵਲੋਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ।ਇਥੇ ਜ਼ਿਕਰਯੋਗ ਹੈ ਇੱਕ ਸਾਲ ਪਹਿਲਾਂ ਵੀ ਗੈਂਗਸਟਰਾਂ ਵਲੋਂ ਇਥੋਂ ਦੇ ਇੱਕ ਦੁਕਾਨਦਾਰ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ 'ਚ ਜਖਮੀ ਕੀਤਾ ਗਿਆ ਸੀ।ਉਸ ਸਮੇਂ ਤੋਂ ਹੀ ਦੁਕਾਨਦਾਰ ਸਹਿਮ ਦੀ ਜਿੰਦਗੀ ਜੀਅ ਰਹੇ ਹਨ।ਬਜ਼ਾਰ ਦੇ ਸਮੂਹ ਦੁਕਾਨਦਾਰਾਂ ਵਲੋਂ ਆਪਣੀ ਸੁਰੱਖਿਆ ਲਈ ਨਿੱਜੀ ਗਾਰਡ ਵੀ ਬਜ਼ਾਰ ਵਿੱਚ ਤਾਇਨਾਤ ਕੀਤੇ ਗਏ ਹਨ।ਪਰ ਸਮਾਜ ਵਿਰੋਧੀ ਅਨਸਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਦਿਨ-ਦਿਹਾੜੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ।ਹੁਣ ਤਾਜ਼ੀ ਵਾਪਰੀ ਉੱਕਤ ਘਟਨਾ ਨਾਲ ਦੁਕਾਨਦਾਰਾਂ ਅਤੇ ਇਨਸਾਫ ਪਸੰਦ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।ਇਸ ਸੰਬੰਧੀ ਜਦ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਐਸਐਚਓ ਬਲਜਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ।