ਆਧੁਨਿਕ ਪੇਂਡੂ ਲਾਇਬ੍ਰੇਰੀਆਂ ਦਾ ਉਦਘਾਟਨ MLA ਰੁਪਿੰਦਰ ਸਿੰਘ ਹੈਪੀ , ADC D ਧਾਲੀਵਾਲ BDPO ਦੀਪਸ਼ਿਖਾ ਅਤੇ ਹੋਰ
ਦੀਦਾਰ ਗੁਰਨਾ
ਬਸੀ ਪਠਾਣਾ 19 ਸਤੰਬਰ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਆਧੁਨਿਕ ਪੇਂਡੂ ਲਾਇਬ੍ਰੇਰੀਆਂ ਸਥਾਪਤ ਕਰਨ ਦੀ ਚੱਲ ਰਹੀ ਮੁਹਿੰਮ ਤਹਿਤ ਬਸੀ ਪਠਾਣਾ ਹਲਕੇ ਦੇ ਪਿੰਡ ਮੁਕਾਰੋਂਪੁਰ ਤੇ ਨੌਗਾਵਾਂ ਵਿਖੇ ਨਵੀਆਂ ਪੇਂਡੂ ਲਾਇਬ੍ਰੇਰੀਆਂ ਬਣਾਈਆਂ ਗਈਆਂ ਹਨ ਜਿਸ ਦਾ ਉਦਘਾਟਨ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕੀਤਾ , ਇਸ ਮੌਕੇ ਪਿੰਡਾਂ ਦੇ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਪਿੰਡਾਂ ਵਿੱਚ ਪੁਸਤਕ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਦੀ ਦਿਸ਼ਾ ਵਿੱਚ ਇਹ ਮਹੱਤਵਪੂਰਨ ਕਦਮ ਹੈ ਅਤੇ ਪਿੰਡ ਦੇ ਹਰ ਵਸਨੀਕ ਨੂੰ ਇਸ ਲਾਇਬ੍ਰੇਰੀ ਵਿੱਚ ਆ ਕੇ ਪੁਸਤਕਾਂ ਨਾਲ ਦਿਲੀਂ ਸਾਂਝ ਪਾਉਣੀ ਚਾਹੀਦੀ ਹੈ
ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਕਿਤਾਬਾਂ ਇਨਸਾਨ ਦੀ ਤੀਜੀ ਅੱਖ ਹੁੰਦੀਆਂ ਹਨ ਜਿਨ੍ਹਾਂ ਰਾਹੀ਼ ਗਿਆਨ ਵਿੱਚ ਵਾਧਾ ਹੁੰਦਾ ਹੈ ਅਤੇ ਇਨਸਾਨ ਦੀ ਸੋਚ ਸ਼ਕਤੀ ਦਾ ਅਥਾਹ ਵਿਕਾਸ ਹੁੰਦਾ ਹੈ , ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਹਲਕਾ ਬਸੀ ਪਠਾਣਾ ਦੇ ਪਿੰਡਾਂ ਦੇ ਸਰਵ ਪੱਖੀ ਵਿਕਾਸ ਲਈ ਅਨੇਕਾਂ ਹੋਰ ਉਪਰਾਲੇ ਵੀ ਕੀਤੇ ਜਾ ਰਹੇ ਹਨ ਜਿਸ ਤਹਿਤ ਖੇਡ ਸਟੇਡੀਅਮਾਂ ਤੇ ਪਾਰਕਾਂ ਦਾ ਨਿਰਮਾਣ ਵੀ ਪ੍ਰਗਤੀ ਅਧੀਨ ਹੈ , ਉਨ੍ਹਾਂ ਕਿਹਾ ਕਿ ਹਰ ਉਮਰ ਵਰਗ ਦੇ ਨਾਗਰਿਕਾਂ ਨੂੰ ਵੱਖ ਵੱਖ ਉਸਾਰੂ ਗਤੀਵਿਧੀਆਂ ਨਾਲ ਜੋੜਨਾ ਸਾਡਾ ਟੀਚਾ ਹੈ ਅਤੇ ਹੌਲੀ ਹੌਲੀ ਅਸੀਂ ਇਸ ਵਿੱਚ ਸਫ਼ਲ ਵੀ ਹੋ ਰਹੇ ਹਾਂ
ਇਸ ਮੌਕੇ ਮੌਜੂਦ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਕਈ ਪਿੰਡਾਂ ਵਿੱਚ ਸਰਕਾਰ ਦੀ ਤਰਫੋਂ ਅਜਿਹੀਆਂ ਅਤਿ ਆਧੁਨਿਕ ਪੇਂਡੂ ਲਾਇਬ੍ਰੇਰੀਆਂ ਬਣਾਈਆਂ ਗਈਆਂ ਹਨ ਜਿਸ ਦਾ ਲਾਭ ਵਿਦਿਆਰਥੀ ਵਰਗ ਅਤੇ ਆਮ ਲੋਕਾਂ ਵੱਲੋਂ ਉਠਾਇਆ ਜਾ ਰਿਹਾ ਹੈ , ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਲਾਇਬ੍ਰੇਰੀਆਂ ਤਿਆਰ ਕਰਕੇ ਪਿੰਡਾਂ ਦੇ ਲੋਕਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ , ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੀਪਸ਼ਿਖਾ ਸਮੇਤ ਗ੍ਰਾਮ ਪੰਚਾਇਤ ਦੇ ਸਰਪੰਚ, ਪੰਚ ਤੇ ਹੋਰ ਮੋਹਤਬਰ ਵੀ ਮੌਜੂਦ ਸਨ