ਹੜ੍ਹਾਂ ਦੌਰਾਨ ਪ੍ਰਭਾਵਿਤ ਖੇਤਰਾਂ ਇਲਾਕਿਆਂ ਵਿੱਚ 366 ਮੈਡੀਕਲ ਕੈਂਪ ਲਾਏ
4500 ਮਰੀਜ਼ਾਂ ਦਾ ਮੁਫਤ ਇਲਾਜ, ਦਵਾਈਆਂ ਤੇ ਟੈਸਟ ਦੀ ਸਹੂਲਤ ਮੁਹੱਇਆ ਕਰਵਾਈ- ਹਰਜੋਤ ਬੈਂਸ
ਪ੍ਰਮੋਦ ਭਾਰਤੀ
ਨੰਗਲ 19 ਸਤੰਬਰ ,2025
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿੱਚ ਹੜ੍ਹਾਂ ਵਰਗੇ ਹਾਲਾਤਾ ਦੌਰਾਨ ਜਦੋਂ ਦਰਿਆਵਾਂ, ਨਹਿਰਾਂ ਅਤੇ ਖੱਡਾਂ ਅਤੇ ਬਰਸਾਤੀ ਪਾਣੀ ਪੂਰੇ ਉਫਾਨ ਤੇ ਸੀ ਅਤੇ ਸੜਕਾ ਦਾ ਨੈਟਵਰਕ ਟੁੱਟ ਚੁੱਕਾ ਸੀ, ਅਜਿਹੇ ਸਮੇਂ ਵਿੱਚ ਸਾਡੀਆਂ ਟੀਮਾਂ ਨੇ ਪ੍ਰਸਾਸ਼ਨ ਦੇ ਸਹਿਯੋਗ ਨਾਲ ਟਰੈਕਟਰਾਂ ਅਤੇ ਕਿਸ਼ਤੀਆਂ ਰਾਹੀ ਲੋੜਵੰਦਾਂ ਤੱਕ ਜਿੱਥੇ ਰਾਹਤ ਸਮੱਗਰੀ, ਰਸਦ, ਪਸ਼ੂ ਚਾਰਾ ਅਤੇ ਜਰੂਰੀ ਵਸਤੂਆਂ ਬਿਨਾ ਦੇਰੀ ਪਹੁੰਚਾਈਆਂ, ਉਥੇ ਇਸ ਇਲਾਕੇ ਵਿੱਚ ਸਿਹਤ ਵਿਭਾਗ ਨੇ ਮੈਡੀਕਲ ਸਹੂਲਤਾਂ ਦੇਣ ਵਿੱਚ ਕੋਈ ਕਸਰ ਨਹੀ ਛੱਡੀ। ਸਾਡੇ ਸਰਕਾਰੀ ਹਸਪਤਾਲ,ਪ੍ਰਾਇਮਰੀ ਹੈਲਥ ਸੈਂਟਰ ਅਤੇ ਆਮ ਆਦਮੀ ਕਲੀਨਿਕ ਇਲਾਕੇ ਵਿੱਚ ਮਰੀਜ਼ਾ ਨੂੰ ਨਿਰਵਿਘਨ ਸਿਹਤ ਸਹੂਲਤਾਂ ਉਪਲੱਬਧ ਕਰਵਾ ਰਹੇ ਹਨ।
ਸ.ਬੈਂਸ ਨੇ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਵਿਚ 366 ਮੈਡੀਕਲ ਕੈਂਪ ਲਗਾ ਕੇ 4500 ਮਰੀਜ਼ਾਂ ਦਾ ਇਲਾਜ, ਦਵਾਈਆਂ ਤੇ ਟੈਸਟ ਮੁਫਤ ਕੀਤੇ ਗਏ, ਉਨ੍ਹਾਂ ਨੁੰ ਆਪਣੇ ਘਰਾਂ ਦੇ ਨਜ਼ਦੀਕ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਕਈ ਵਾਰ ਮੈਡੀਕਲ ਟੀਮਾਂ ਇਨ੍ਹਾਂ ਦੂਰ ਦੂਰਾਂਡੇ ਦੇ ਪਿੰਡਾਂ ਵਿਚ ਟਰੈਕਟਰਾਂ ਅਤੇ ਕਿਸ਼ਤੀਆਂ ਰਾਹੀ ਪਹੁੰਚਾਈਆਂ ਗਈਆਂ। ਇਨ੍ਹਾਂ ਮੈਡੀਕਲ ਟੀਮਾ ਵੱਲੋਂ 8 ਕੀਮਤੀ ਜਾਨਾਂ ਵੀ ਬਚਾਈਆਂ ਗਈਆਂ ਜਦੋ ਕਿਸੇ ਨੂੰ ਸੱਪ ਨੇ ਕੱਟਿਆ ਅਤੇ ਗਰਭਵਤੀ ਔਰਤਾਂ ਤੇ ਹੋਰ ਘਾਤਕ ਬਿਮਾਰੀਆਂ ਦੇ ਸ਼ਿਕਾਰ ਲੋਕਾਂ ਨੂੰ ਐਮਰਜੈਂਸੀ ਮਿਆਰੀ ਸਿਹਤ ਸਹੂਲਤ ਦੀ ਜਰੂਰਤ ਮਹਿਸੂਸ ਕੀਤੀ ਗਈ। ਉਨ੍ਹਾਂ ਨੂੰ ਵੱਡੇ ਹਸਪਤਾਲਾਂ ਵਿਚ ਸਿਫਟ ਕੀਤਾ ਗਿਆ ਅਤੇ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀ ਹੋਇਆ। ਉਨ੍ਹਾਂ ਨੇ ਕਿਹਾ ਕਿ ਪ੍ਰਸਾਸ਼ਨ ਨੇ ਬਹੁਤ ਬਹੁਤ ਮਿਹਨਤ ਨਾਲ ਇਸ ਸਮੇਂ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਅਤੇ ਬਿਜਲੀ, ਜਲ ਸਪਲਾਈ, ਸੜਕੀ ਨੈਟਵਰਕ ਨੂੰ ਬਹਾਲ ਕੀਤਾ।
ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਵਰਜੀਤ ਵਾਲੀਆਂ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਸਿਵਲ ਸਰਜਨ ਡਾ.ਸੁਖਵਿੰਦਰਜੀਤ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਵੱਲੋਂ ਬਲਾਕ ਕੀਰਤਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮੈਡੀਕਲ ਕੈਂਪ ਲਾ ਕੇ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ ਦਾ ਸਿਲਸਿਲਾ ਨਿਰਵਿਘਨ ਜਾਰੀ ਹੈ।
ਪੀ.ਐੱਚ.ਸੀ ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫ਼ਸਰ ਇੰ: ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਵਿਚ ਉਹਨਾਂ ਦੀ ਟੀਮ ਵੱਲੋਂ ਹੁਣ ਤੱਕ 366 ਕੈਂਪ ਲਾਏ ਗਏ ਹਨ। ਇਹਨਾਂ ਕੈਂਪਾਂ ਦੌਰਾਨ 616 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ।
ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ 8 ਹੜ੍ਹ ਪੀੜਤ ਵਿਅਕਤੀਆਂ ਨੂੰ ਸੁਰੱਖਿਅਤ ਪਾਣੀ ਵਿਚੋਂ ਕੱਢ ਕੇ ਉਹਨਾਂ ਨੂੰ ਮੌਕੇ 'ਤੇ ਮੁੱਢਲੀ ਡਾਕਟਰੀ ਸਹਾਇਤਾ ਮੁਹੱਇਆ ਕਰਵਾ ਕੇ ਉਹਨਾਂ ਦੀ ਜਾਨ ਬਚਾਈ ਗਈ ਅਤੇ ਸੁਰੱਖਿਅਤ ਸਿਵਲ ਹਸਪਤਾਲ ਨੰਗਲ ਸ਼ਿਫਟ ਕੀਤਾ ਗਿਆ। ਇਹਨਾਂ ਮਰੀਜ਼ਾਂ ਵਿਚ 2 ਗਰਭਵਤੀ ਔਰਤਾਂ, ਸੱਪ ਦੇ ਡੰਗ ਤੋਂ ਪੀੜ੍ਹਤ ਵਿਅਕਤੀ, ਹਾਈ ਬੀ.ਪੀ ਅਤੇ ਹਾਈਪਰਟੈਂਸ਼ਨ ਦੇ ਮਰੀਜ਼ ਸ਼ਾਮਲ ਸਨ। ਉਹਨਾਂ ਦੱਸਿਆ ਕਿ ਤੁਰੰਤ ਕਾਰਵਾਈ ਟੀਮਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਟ੍ਰੈਕਟਰ ਅਤੇ ਕਿਸ਼ਤੀ ਜ਼ਰੀਏ ਵੀ ਦਵਾਈਆਂ ਅਤੇ ਹੋਰ ਮੈਡੀਕਲ ਸਹੂਲਤਾਂ ਮੁਹੱਇਆ ਕਰਵਾਈਆਂ ਗਈਆਂ। ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਸਿਵਲ ਸਰਜਨ ਰੂਪਨਗਰ ਡਾਕਟਰ ਸੁਖਵਿੰਦਰਜੀਤ ਸਿੰਘ ਦੇ ਹੁਕਮਾਂ ਅਨੁਸਾਰ ਇਹ ਕੈਂਪ 27 ਸਤੰਬਰ ਤੱਕ ਜਾਰੀ ਰਹਿਣਗੇ।
ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ ਨੇ ਦੱਸਿਆ ਕਿ ਵੱਖ ਵੱਖ ਇਲਾਕਿਆਂ ਵਿਚ ਤੈਨਾਤ ਟੀਮਾਂ ਵੱਲੋਂ ਐੱਸ.ਆਈ ਸਿਕੰਦਰ ਸਿੰਘ, ਸੁਖਬੀਰ ਸਿੰਘ, ਬਲਵੰਤ ਰਾਏ, ਗੁਰਿੰਦਰ ਸਿੰਘ ਅਤੇ ਹੈਲਥ ਇੰਸਪੈਕਟਰ ਸੁਖਦੀਪ ਸਿੰਘ ਦੀ ਅਗਵਾਈ ਵਿੱਚ ਨਾ ਸਿਰਫ਼ ਦਿਨ ਰਾਤ ਸਗੋਂ ਛੁੱਟੀ ਵਾਲੇ ਦਿਨ ਵੀ ਉੱਚ ਦਰਜੇ ਦੀਆਂ ਮੁਫ਼ਤ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।