ਗਣਤੰਤਰ ਦਿਵਸ ਬਹਾਨੇ ਰਾਜਨੀਤੀ!-- ਗੁਰਪ੍ਰੀਤ
26 ਜਨਵਰੀ ਨੂੰ ਗਣਤੰਤਰ ਦਿਵਸ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਪਰ ਇਸ ਵਾਰ ਇਸ ਦਿਵਸ ਮੌਕੇ ਨਵਾਂ ਵੀ ਬਹੁਤ ਕੁਝ ਜਾਪ ਰਿਹਾ ਹੈ ਕਿਉਂਕਿ ਅਗਲੇ ਸਾਲ ਕਈ ਸੂਬਿਆਂ ਦੇ ਅੰਦਰ ਚੋਣਾਂ ਹੋਣ ਜਾ ਰਹੀਆਂ ਹਨ।
ਦਰਅਸਲ 26 ਜਨਵਰੀ 1950 ਵਾਲੇ ਦਿਨ ਹੀ ਆਜ਼ਾਦ ਭਾਰਤ ਵਿੱਚ ਸੰਵਿਧਾਨ ਲਾਗੂ ਕੀਤਾ ਗਿਆ ਸੀ। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਅਤੇ ਸਮਾਨਤਾ ਦੀ ਵਿਚਾਰਧਾਰਾ ਉੱਤੇ ਅਧਾਰਤ ਆਜ਼ਾਦ ਭਾਰਤ ਗਣਤੰਤਰ ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ਹੈ। ਭਾਵੇਂ ਕਿ ਆਜ਼ਾਦੀ ਵੇਲੇ ਵਿਛੜੇ ਸੱਕਿਆਂ ਨੂੰ ਕਈ ਅੱਜ ਵੀ ਨਹੀਂ ਭੁਲਾ ਸਕੇ ਪਰ ਆਜ਼ਾਦ ਭਾਰਤ ਵਿੱਚ ਰਹਿ ਕੇ ਕਈ ਅੱਜ ਵੀ ਬਟਵਾਰੇ ਨੂੰ ਚੇਤੇ ਕਰ ਰੋ ਪੈਂਦੇ ਨੇ। ਜਿਨ੍ਹਾਂ ਨੇ 47 ਨਹੀਂ ਵੇਖੀ ਉਹ ਤਾਂ ਬਿਨਾਂ ਕੁਝ ਸੋਚੇ ਸਮਝੇ ਹੀ ਬੜਾ ਕੁਝ ਆਖ ਜਾਂਦੇ ਨੇ ਪਰ ਜਿਨ੍ਹਾਂ ਨੇ ਉਹ ਦੌਰ ਵੇਖਿਆ ਹੈ ਉਹ ਅੱਜ ਵੀ ਅੱਖਾਂ ਭਰ ਲੈਂਦੇ ਨੇ।
ਖੈਰ ਆਜ਼ਾਦ ਭਾਰਤ ਵਿੱਚ ਗਣਤੰਤਰ ਦਿਵਸ ਦਾ ਕਰੀਬ 75ਵਾਂ ਸਾਲ ਹੈ। ਗਣਤੰਤਰ ਦਿਵਸ ਬਹਾਨੇ ਰਾਜਨੀਤਿਕ ਲੋਕ ਕਿਸ ਤਰੀਕੇ ਦੇ ਨਾਲ ਆਪਣੀ ਰਾਜਨੀਤੀ ਚਮਕਾਉਣਗੇ ਇਹ ਤਾਂ ਅਸੀਂ ਸਭ ਜਾਣਦੇ ਹੀ ਹਾਂ ਪਰ ਵੇਖਿਆ ਜਾਵੇ ਤਾਂ ਕੀ ਇਹ ਸ਼ੋਭਾ ਦਿੰਦਾ ਹੈ ਕਿ ਅਸੀਂ ਦੇਸ਼ ਦੇ ਇੰਨੇ ਵੱਡੇ ਤਿਉਹਾਰ ਮੌਕੇ ਰਾਜਨੀਤੀ ਕਰੀਏ? ਵੈਸੇ ਲੀਡਰਾਂ ਦਾ ਕਿਹੜਾ ਕੋਈ ਦੀਨ ਈਮਾਨ ਹੁੰਦਾ, ਇਹਨਾਂ ਨੂੰ ਤਾਂ ਮੌਕਾ ਚਾਹੀਦਾ ਹੁੰਦਾ ਸਿਆਸਤ ਕਰਨ ਦਾ, ਹਰ ਜਗ੍ਹਾ ਤੇ ਇਹ ਮਾਈਕ ਫੜ ਕੇ ਬੋਲਣ ਲੱਗ ਹੀ ਪੈਂਦੇ ਨੇ। ਵੈਸੇ ਗਣਤੰਤਰ ਦਿਵਸ ਮੌਕੇ ਬਹੁਤੇ ਲੀਡਰਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਇਹ ਦਿਹਾੜਾ ਮਨਾਇਆ ਕਿਉਂ ਜਾਂਦਾ ਪਰ ਇਹਨਾਂ ਨੂੰ ਜਰੂਰ ਪਤਾ ਹੈ ਕਿ ਇਸ ਦਿਨ ਸਿਆਸਤ ਖੂਬ ਕਰਨੀ ਹੈ ਅਤੇ ਲੋਕਾਂ ਨੂੰ ਲੰਮੇ ਚੌੜੇ ਭਾਸ਼ਣ ਸੁਣਾ ਕੇ ਅਗਲੀਆਂ ਚੋਣਾਂ ਦੀ ਤਿਆਰੀ ਕਰਨੀ ਹੈ।
ਪੰਜਾਬ ਵਿੱਚ ਵੀ ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ ਜਿਸ ਨੂੰ ਲੈ ਕੇ ਸਮੂਹ ਸਿਆਸੀ ਪਾਰਟੀਆਂ ਦੇ ਵੱਲੋਂ ਤਿਆਰੀਆਂ ਖਿੱਚ ਲਈਆਂ ਗਈਆਂ ਹਨ ਅਤੇ ਲਗਾਤਾਰ ਲੀਡਰ ਵੀ ਪਾਰਟੀਆਂ ਵਿੱਚ ਅਦਲਾ ਬਦਲੀ ਕਰ ਰਹੇ ਨੇ, ਦਲ ਬਦਲੂਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਪਰ ਇਸੇ ਵਿਚਕਾਰ ਹੀ ਗਣਤੰਤਰ ਦਿਵਸ ਵੀ ਆ ਗਿਆ ਹੈ। ਅਗਲੇ ਸਾਲ ਗਣਤੰਤਰ ਦਿਵਸ ਜਦੋਂ ਮਨਾਇਆ ਜਾਣਾ ਹੈ ਲੱਗਦਾ ਹੈ ਕਿ ਉਸ ਵੇਲੇ ਚੋਣ ਜਾਬਤਾ ਲੱਗ ਚੁੱਕਾ ਹੋਵੇਗਾ, ਪੰਜਾਬ ਵਿੱਚ ਚੋਣ ਜਾਬਤਾ ਚੋਣਾਂ ਤੋਂ ਕਰੀਬ ਦੋ ਕੁ ਮਹੀਨੇ ਪਹਿਲਾਂ ਲੱਗ ਜਾਂਦਾ ਹੈ ਪਰ ਲੀਡਰਾਂ ਕੋਲ ਇਸ ਵਾਰ ਇਹੋ ਇੱਕੋ ਇੱਕ ਵੱਡਾ ਮੌਕਾ ਹੈ ਜਦੋਂ ਸਿਆਸਤ ਝੋਕੀ ਜਾਵੇ ਇਸ ਤਿਉਹਾਰ ਮੌਕੇ। ਹਾਲਾਂਕਿ ਇਸ ਤੋਂ ਬਾਅਦ ਆਜ਼ਾਦੀ ਦਿਹਾੜਾ 15 ਅਗਸਤ ਨੂੰ ਵੀ ਆਉਣਾ ਹੈ ਉਦੋਂ ਵੀ ਸੱਤਾਧਾਰੀ ਲੀਡਰਾਂ ਨੇ ਝੰਡੇ ਲਹਿਰਾਉਣੇ ਨੇ ਪਰ ਉਦੋਂ ਤੱਕ ਬੜੀ ਦੇਰ ਹੋ ਚੁੱਕੀ ਹੋਣੀ ਹੈ ਕਿਉਂਕਿ ਚੋਣਾਂ ਦਾ ਸਮਾਂ ਐਨ ਪੀਕ ਤੇ ਹੋਣਾ ਹੈ ਅਤੇ ਹਰ ਕੋਈ ਅੰਦਰੋਂ ਅੰਦਰੀ ਡਰਿਆ ਬੈਠਾ ਹੋਣਾ ਹੈ ਕਿ ਅੱਗੇ ਬਣੇਗਾ ਕੀ, ਹਰ ਕੋਈ ਸੋਚ ਸਮਝ ਕੇ ਬੋਲੇਗਾ। ਵੈਸੇ ਤਾਂ ਇਸ ਗਣਤੰਤਰ ਦਿਵਸ ਮੌਕੇ ਵੀ ਚਾਹੀਦਾ ਤਾਂ ਸਭਨਾਂ ਨੂੰ ਇਹ ਹੈ ਕਿ ਉਹ ਸੋਚ ਸਮਝ ਕੇ ਬੋਲਣ ਪਰ ਲੀਡਰਾਂ ਦਾ ਕੀ ਹੈ ਇਹਨਾਂ ਦੀ ਕਿਹੜੀ ਜੁਬਾਨ ਆਪਣੀ ਹੈ ਜੋ ਮੂੰਹ ਵਿੱਚ ਆਵੇ ਉਹੀ ਬੋਲੀ ਜਾਂਦੇ ਨੇ।
ਕਿਤੇ ਕੋਈ ਕਿਸੇ ਨੂੰ ਟਿੱਚਰ ਕਰੀ ਜਾਂਦਾ, ਕੋਈ ਕਿਸੇ ਨੂੰ ਕਰੀ ਜਾਂਦਾ, ਪੁੱਛਣ ਦੱਸਣ ਵਾਲਾ ਕੋਈ ਹੈ ਨਹੀਂ, ਵੈਸੇ ਇਸ ਵੇਲੇ ਰਾਜਨੀਤੀ ਦੀਆਂ ਲਗਾਮਾਂ ਖਿੱਚਣ ਵਾਲਾ ਹੀ ਕੋਈ ਨਹੀਂ ਰਿਹਾ, ਹਰ ਕੋਈ ਆਪਣੇ ਆਪ ਵਿੱਚ ਚੌਧਰੀ ਬਣਿਆ ਫਿਰਦੈ ਅਤੇ ਆਪਣੇ ਹੀ ਬਿਆਨ ਨੂੰ ਸਹੀ ਦੱਸਦਾ ਹੈ, ਸੱਤਾਧਾਰੀ ਲੀਡਰ ਹੋਣ ਜਾਂ ਫਿਰ ਵਿਰੋਧੀ ਧਿਰ ਵਾਲੇ ਹਰ ਕੋਈ ਇਹੋ ਕਹਿੰਦਾ ਸੁਣਨ ਨੂੰ ਮਿਲਦਾ ਹੈ ਕਿ ਉਹਨਾਂ ਦੀ ਤਾਂ ਅਗਲੀ ਸਰਕਾਰ ਆਉਣੀ ਹੈ। ਭਾਵੇਂ ਵੋਟਾਂ ਲੋਕਾਂ ਨੇ ਪਾਉਣੀਆਂ ਨੇ ਪਰ ਇਹਨਾਂ ਲੀਡਰਾਂ ਨੂੰ ਇੰਨੀ ਅਕਲ ਨਹੀਂ ਕਿ ਉਹ ਬੋਲ ਕੀ ਰਹੇ ਨੇ।
ਗਣਤੰਤਰ ਦਿਵਸ ਦੇ ਬਹਾਨੇ ਵੈਸੇ ਤਾਂ ਰਾਜਨੀਤੀ ਕਰਨ ਦਾ ਰੁਝਾਨ ਕੋਈ ਅੱਜ ਤੋਂ ਨਹੀਂ ਰਿਹਾ, ਇਹ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ, ਪਰ ਵੇਖਿਆ ਜਾਵੇ ਤਾਂ ਕੀ ਗਣਤੰਤਰ ਦਿਵਸ ਵਾਲੇ ਦਿਨ ਰਾਜਨੀਤੀ ਕਰਨੀ ਠੀਕ ਹੈ? ਆਜ਼ਾਦ ਭਾਰਤ ਵਿੱਚ ਸੰਵਿਧਾਨ ਲਾਗੂ ਕੀਤਾ ਜਾਣਾ ਇਹ ਬਹੁਤ ਵੱਡਾ ਦਿਨ ਹੁੰਦਾ ਹੈ ਅਤੇ ਇਸ ਦਿਨ ਚਾਹੀਦਾ ਹੈ ਕਿ ਸੰਵਿਧਾਨ ਦੀ ਹੋਰ ਦੁਰਵਰਤੋਂ ਅਤੇ ਕਾਨੂੰਨ ਤੋਂ ਪਾਸੇ ਹਟ ਕੇ ਬੇਕਸੂਰਾਂ ਨੂੰ ਜੇਲਾਂ ਦੇ ਅੰਦਰ ਡੱਕਣ ਦੀ ਰਾਜਨੀਤੀ ਨੂੰ ਖਤਮ ਕਰਕੇ ਬੇਕਸੂਰਿਆਂ ਨੂੰ ਜੇਲਾਂ ਵਿੱਚੋਂ ਬਾਹਰ ਕੱਢਿਆ ਜਾਵੇ ਅਤੇ ਸੰਵਿਧਾਨ ਦਾ ਕਾਨੂੰਨ ਪਾਠ ਪੜ੍ਹਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਪਰ ਇਸ ਦੇ ਉਲਟ ਹੋ ਕੇ ਰਿਹਾ ਹੈ ਕਿ ਅੱਜ ਦੇਸ਼ ਦੇ ਤਕਰੀਬਨ ਸਾਰੇ ਸਕੂਲਾਂ ਵਿੱਚ ਛੁੱਟੀ ਹੈ ਅਤੇ ਬਹੁਤੇ ਬੱਚਿਆਂ ਨੂੰ ਇਹ ਨਹੀਂ ਪਤਾ ਕਿ 26 ਜਨਵਰੀ ਵਾਲੇ ਦਿਨ ਹੋਇਆ ਕੀ ਸੀ।
ਗਣਤੰਤਰ ਦਿਵਸ 'ਤੇ ਰਾਜਨੀਤੀ ਕਰਨੀ ਤਾਂ ਹਰੇਕ ਲੀਡਰ ਨੂੰ ਆਉਂਦੀ ਹੈ, ਪਰ ਕੀ ਕਦੇ ਇਹਨਾਂ ਲੀਡਰਾਂ ਨੇ ਸੋਚਿਆ ਹੈ ਕਿ ਜਿਹੜੀਆਂ ਜਗ੍ਹਾਵਾਂ 'ਤੇ ਉਹ ਰਾਜਨੀਤੀ ਕਰ ਰਹੇ ਨੇ ਕੀ ਉੱਥੋਂ ਦੇ ਲੋਕਾਂ ਨੂੰ ਸੰਵਿਧਾਨ ਬਾਰੇ, ਕਾਨੂੰਨ ਬਾਰੇ ਪਤਾ ਹੈ? ਮੈਨੂੰ ਲੱਗਦਾ ਹੈ ਕਿ ਸਾਡੇ ਮੁਲਕ ਦੇ ਅੰਦਰ ਜਿੰਨੀ ਅਨਪੜ੍ਹਤਾ, ਗਰੀਬੀ ਹੈ ਲੱਗਦਾ ਨਹੀਂ ਕਿ ਦੇਸ਼ ਦੀ 90% ਆਬਾਦੀ ਨੂੰ ਇਹਨਾਂ ਤਿਉਹਾਰਾਂ ਬਾਰੇ, ਦਿਹਾੜਿਆਂ ਬਾਰੇ ਕੋਈ ਪਤਾ ਹੋਵੇ।
ਆਜ਼ਾਦ ਭਾਰਤ ਦੇ ਕਰੀਬ 80 ਵਰ੍ਹੇ ਇਸੇ ਸਾਲ 15 ਅਗਸਤ ਨੂੰ ਹੋਣ ਵਾਲੇ ਨੇ, ਪਰ ਲੱਗਦਾ ਨਹੀਂ ਕਿ ਸਾਡੇ ਮੁਲਕ ਦੀ 80% ਆਬਾਦੀ ਵੀ ਇਹਨਾਂ 80 ਵਰ੍ਹਿਆਂ ਦੇ ਵਿੱਚ ਪੜ੍ਹੀ ਲਿਖੀ ਹੋ ਸਕੀ ਹੈ। ਮੁਲਕ ਦੇ ਅੰਦਰ ਲੋਕਾਂ ਨੂੰ ਜਿੱਥੇ ਲੀਡਰਾਂ ਦੇ ਵੱਲੋਂ ਝੂਠੇ ਵਾਅਦਿਆਂ, ਲਾਰਿਆਂ ਦੇ ਅੰਦਰ ਗੁੰਮਰਾਹ ਕੀਤਾ ਜਾ ਰਿਹਾ ਹੈ, ਉੱਥੇ ਹੀ ਸੰਵਿਧਾਨ ਅਤੇ ਕਾਨੂੰਨ ਤੋਂ ਉਲਟ ਜਾ ਕੇ ਇਹ ਰਾਜਨੀਤਿਕ ਆਪਣੀ ਹੀ ਤਾਨਾਸ਼ਾਹੀ ਵਿਖਾਉਣ 'ਤੇ ਲੱਗੇ ਹੋਏ ਨੇ। ਸੰਵਿਧਾਨ ਦੇ ਮੁਤਾਬਿਕ ਤਾਂ ਹਰ ਕਿਸੇ ਨੂੰ ਸਵਾਲ ਕਰਨ ਦਾ ਅਧਿਕਾਰ ਹੈ ਅਤੇ ਇਹਨਾਂ ਲੀਡਰਾਂ ਨੂੰ ਉਹਨਾਂ ਸਵਾਲਾਂ ਦਾ ਜਵਾਬ ਦੇਣ ਦਾ ਫਰਜ਼ ਬਣਦਾ ਹੈ, ਪਰ ਹੋ ਕੀ ਰਿਹਾ ਹੈ, ਸਵਾਲ ਪੁੱਛਣ ਵਾਲੇ ਪੱਤਰਕਾਰਾਂ, ਲੇਖਕਾਂ ਤੋਂ ਇਲਾਵਾ ਬੁੱਧੀਜੀਵੀਆਂ ਨੂੰ ਜੇਲਾਂ ਦੇ ਅੰਦਰ ਸੁੱਟਿਆ ਜਾ ਰਿਹਾ ਹੈ ਅਤੇ ਇਹਨਾਂ ਦਾ ਕੇਸ ਲੜਨ ਵਾਲੇ ਵਕੀਲਾਂ ਨੂੰ ਵੀ ਰਾਜ ਕਰਦੀਆਂ ਧਿਰਾਂ ਦੇ ਵੱਲੋਂ ਨਹੀਂ ਬਖਸ਼ਿਆ ਜਾ ਰਿਹਾ। ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਸੰਵਿਧਾਨ ਦੀ ਸ਼ਰੇਆਮ ਉਲੰਘਣਾ ਕਰਦਿਆਂ ਜਿੱਥੇ ਰਾਜਕਾਰ ਦੀਆਂ ਪਾਰਟੀਆਂ ਦੇ ਵੱਲੋਂ ਗੁਮਰਾਹਕੁੰਨ ਬਿਆਨ ਦਿੱਤੇ ਜਾ ਰਹੇ ਨੇ, ਉੱਥੇ ਹੀ ਪੱਤਰਕਾਰਾਂ 'ਤੇ ਝੂਠੇ ਮੁਕਦਮੇ ਬਣਾ ਕੇ ਉਹਨਾਂ ਨੂੰ ਜੇਲਾਂ ਦੇ ਅੰਦਰ ਸੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਕਈ ਪੱਤਰਕਾਰ ਹੁਣ ਤੱਕ ਝੂਠੇ ਮੁਕਦਮਿਆਂ ਦੇ ਤਹਿਤ ਜੇਲਾਂ ਦੀ ਹਵਾ ਵੀ ਖਾ ਰਹੇ ਨੇ।
ਰਾਜਨੀਤਿਕ ਲੀਡਰਾਂ ਨੂੰ ਇੱਕ ਅਪੀਲ ਹੈ ਕਿ ਜੇਕਰ ਉਹਨਾਂ ਨੇ ਇਸ ਤਿਉਹਾਰ ਮੌਕੇ ਥੋੜ੍ਹੀ ਬਹੁਤੀ ਰਾਜਨੀਤੀ ਕਰਨੀ ਵੀ ਹੈ ਜਾਂ ਫਿਰ ਅਗਲੀਆਂ ਚੋਣਾਂ ਦੀ ਤਿਆਰੀ ਕਰਨੀ ਹੀ ਹੈ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਘੱਟੋ ਘੱਟ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਤਾਂ ਗੱਲ ਕਰਨ, ਜੋ ਵੀ ਗੱਲ ਕਰਦੇ ਨੇ ਉਹਦਾ ਬਕਾਇਦਾ ਰਿਕਾਰਡ ਹੁੰਦਾ ਹੈ। ਜੇਕਰ ਇਹ ਲੀਡਰ ਇਸੇ ਤਰ੍ਹਾਂ ਹੀ ਬਦਮਾਸ਼ੀ ਕਰਦੇ ਰਹਿਣਗੇ ਤਾਂ ਸਾਡਾ ਸੂਬਾ, ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕੇਗਾ। ਆਖਰ 'ਤੇ ਇਹੀ ਕਹਿਣਾ ਚਾਹਾਂਗੇ ਕਿ ਗਣਤੰਤਰ ਦਿਵਸ ਵਾਲੇ ਦਿਨ ਸਿਰਫ ਤੇ ਸਿਰਫ ਗਣਤੰਤਰ ਅਤੇ ਸੰਵਿਧਾਨ ਲਾਗੂ ਕਰਨ ਦੀਆਂ ਹੀ ਗੱਲਾਂ ਕੀਤੀਆਂ ਜਾਣ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸੰਵਿਧਾਨ ਦੇ ਬਾਰੇ ਜਾਗਰੂਕ ਕਰਕੇ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇ, ਨਾ ਕਿ ਇਸ ਦਿਵਸ ਮੌਕੇ ਸਿਆਸਤ ਘੋਲ ਕੇ ਲੋਕਾਂ ਨੂੰ ਗੁੰਮਰਾਹ ਕਰਦਿਆਂ ਹੋਇਆਂ ਝੂਠੇ ਵਾਅਦੇ ਕੀਤੇ ਜਾਣ ਅਤੇ ਫਿਰ ਉਹਨਾਂ ਵਾਦਿਆਂ 'ਤੇ ਸਿਆਸਤ ਕਰਦਿਆਂ ਹੋਇਆਂ ਸਵਾਲ ਪੁੱਛਣ ਵਾਲਿਆਂ 'ਤੇ ਮੁਕਦਮੇ ਬਣਾ ਕੇ ਜੇਲਾਂ ਦੇ ਅੰਦਰ ਸੁੱਟ ਦਿੱਤਾ ਜਾਵੇ। ਖੈਰ, ਦੇਖਦੇ ਹਾਂ ਕਿ ਇਸ ਦਿਵਸ ਮੌਕੇ ਕਿੰਨੇ ਕੁ ਲੀਡਰ ਕਿਹੋ ਜਿਹਾ ਭਾਸ਼ਣ ਦਿੰਦੇ ਨੇ?
ਗੁਰਪ੍ਰੀਤ
9569820314

-
ਗੁਰਪ੍ਰੀਤ ਪ੍ਰੀਤ, writer
info.babushahi@gmail.com
111111111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.