ਗ਼ਜ਼ਲ
ਜੇ ਜੱਗ ਜਿੱਤਣਾ, ਉਸ ਤੋਂ ਪਹਿਲਾਂ,
ਖ਼ੁਦ ਆਪਣੇ ਸੰਗ ਲੜਨਾ ਪੈਂਦੈ
ਗੁਰਭਜਨ ਗਿੱਲ
ਪੱਥਰ ਚੋਂ ਭਗਵਾਨ ਜੇ ਲੱਭਣੈਂ, ਪਹਿਲਾਂ ਉਸਨੂੰ ਘੜਨਾ ਪੈਂਦੈ।
ਸਿਖ਼ਰ ਚੋਟੀਆਂ ਜਿੱਤਣ ਦੇ ਲਈ,
ਕਦਮ ਕਦਮ ਕਰ ਚੜ੍ਹਨਾ ਪੈਦੈ।
ਸਰਪੱਟ ਦੌੜਨ ਵਾਲੇ ਸੱਜਣਾ
ਰਾਹ ਵਿੱਚ ਹਫ਼ ਕੇ ਬਹਿ ਨਾ ਜਾਵੀਂ,
ਮੰਜ਼ਲ ਦਾ ਸਿਰਨਾਵਾਂ ਪਹਿਲਾਂ, ਅੱਖਰ ਅੱਖਰ ਪੜ੍ਹਨਾ ਪੈਦੈ।
ਸੀਸ ਤਲੀ ‘ਤੇ ਧਰਨੋਂ ਪਹਿਲਾਂ,
ਸਬਕ ਪਤਾ ਕਰ ਸੂਰਮਿਆਂ ਤੋਂ
ਜਗਦੀ ਲਾਟ ਦੀ ਸੰਗਤ ਖ਼ਾਤਰ,
ਬਣ ਪਰਵਾਨਾ ਸੜਨਾ ਪੈਂਦੈ।
ਜਬਰ ਜ਼ੁਲਮ ਦੀ ਤੇਜ਼ ਹਨ੍ਹੇਰੀ,ਲੰਘ ਜਾਵੇਗੀ, ਇਹ ਨਾ ਸੋਚੀਂ,
ਹੱਕ ਸੱਚ ਇਨਸਾਫ਼ ਲਈ ਤਾਂ ਪੈਰ ਪੈਰ ਤੇ ਅੜਨਾ ਪੈਂਦੈ।
ਨਕਲੀ ਰੰਗ ਬਣਾ ਨਹੀਂ ਸਕਦਾ, ਕੱਚੇ ਦੁੱਧ ਨੂੰ ਗੇਰੂ ਵਰਗਾ,
ਮਾਵਾਂ ਸਾਨੂੰ ਆਪ ਸਿਖਾਇਆ, ਵਿੱਚ ਕਾੜ੍ਹਨੀ ਕੜ੍ਹਨਾ ਪੈਂਦੈ।
ਬਿਰਖਾਂ ਤੋਂ ਮੈਂ ਏਹੀ ਸਿੱਖਿਐ,ਜੇ ਰਿਸ਼ੀਆਂ ਦੀ ਜੂਨ ਹੰਢਾਉਣੀ,
ਹਰ ਹਾਲਤ ਵਿੱਚ ਸਾਰੇ ਮੌਸਮ
ਪੱਕੇ ਪੈਰੀਂ ਖੜ੍ਹਨਾ ਪੈਂਦੈ।
ਸੋਚ ਵਿਚਾਰਾਂ ਦੇ ਵਿੱਚ ਡੁੱਬ ਕੇ, ਇਸ ਨੁਕਤੇ ਤੇ ਪਹੁੰਚ ਗਿਆ ਹਾਂ,
ਜੇ ਜੱਗ ਜਿੱਤਣਾ, ਉਸ ਤੋਂ ਪਹਿਲਾਂ,
ਖ਼ੁਦ ਆਪਣੇ ਸੰਗ ਲੜਨਾ ਪੈਂਦੈ।
ਚਿਰ ਹੋਇਆ ਇੱਕ ਵਾਰ ਮਿਲੇ ਦੀ,ਓਹੀ ਯਾਦ ਨਗੀਨੇ ਵਰਗੀ,
ਪਲ ਵਡਮੁੱਲਾ ਸਾਂਭਣ ਦੇ ਲਈ, ਦਿਲ ਮੁੰਦਰੀ ਵਿੱਚ ਜੜਨਾ ਪੈਂਦੈ।
ਡੁੱਬਿਆ ਸੂਰਜ,ਚੰਦ ਸਿਤਾਰੇ, ਸਿਰ ਪਰਨੇ ਹੋ ਅੰਬਰੀਂ ਡਲ੍ਹਕਣ ,
ਰਾਤ ਦੇ ਕੇਸੀਂ ਗੁੰਦਣ ਜੋਗਾ,ਉੱਡਦਾ ਜੁਗਨੂੰ ਫੜਨਾ ਪੈਂਦੈ।

-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ,
gurbhajangill@gmail.com
1111111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.