ਅੰਤਰਰਾਸ਼ਟਰੀ ਮਾਂ ਬੋਲੀ ਦਿਵਸ: ਪੰਜਾਬੀ ਭਾਸ਼ਾ ਲਈ ਸਿਰਫ਼ ਕਾਨੂੰਨ ਕਾਫ਼ੀ ਨਹੀਂ, ਮਨੋਵ੍ਰਿੱਤੀ ਬਦਲਣ ਦੀ ਲੋੜ - ਅਨਿਤਾ ਸ਼ਰਮਾ
ਸੁਖਮਿੰਦਰ ਭੰਗੂ
ਲੁਧਿਆਣਾ 21 ਫਰਵਰੀ 2026
ਅੱਜ ਪੂਰੇ ਵਿਸ਼ਵ ਵਿੱਚ 21 ਫ਼ਰਵਰੀ ਨੂੰ 'ਅੰਤਰਰਾਸ਼ਟਰੀ ਮਾਤ੍ਰ-ਭਾਸ਼ਾ ਦਿਵਸ' ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਮਾਜਿਕ ਚਿੰਤਕ ਅਤੇ 'ਨਵਕਿਰਨ ਵੁਮਨ ਵੈਲਫੇਅਰ ਐਸੋਸੀਏਸ਼ਨ' ਦੀ ਪ੍ਰਧਾਨ ਅਨੀਤਾ ਸ਼ਰਮਾ ਨੇ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਪਹਿਚਾਣ ਦੇ ਸੰਕਟ ਅਤੇ ਨੀਤੀਗਤ ਕਮੀਆਂ ਦਾ ਸੁਮੇਲ ਦੱਸਿਆ ਹੈ।
ਅਨੀਤਾ ਸ਼ਰਮਾ ਨੇ ਯਾਦ ਕਰਵਾਇਆ ਕਿ ਇਹ ਦਿਨ 1952 ਵਿੱਚ ਢਾਕਾ ਵਿਖੇ ਭਾਸ਼ਾਈ ਅਧਿਕਾਰਾਂ ਲਈ ਸ਼ਹੀਦ ਹੋਏ ਵਿਦਿਆਰਥੀਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਸ ਨੂੰ 1999 ਵਿੱਚ ਯੂਨੇਸਕੋ ਨੇ ਮਾਨਤਾ ਦਿੱਤੀ। ਉਨ੍ਹਾਂ ਕਿਹਾ ਕਿ ਮਾਂ-ਬੋਲੀ ਸਿਰਫ਼ ਸੰਚਾਰ ਦਾ ਸਾਧਨ ਨਹੀਂ, ਸਗੋਂ ਸਾਡੀ ਪਹਿਚਾਣ ਦਾ ਮੂਲ ਆਧਾਰ ਹੈ।
ਗਲੋਬਲਾਈਜ਼ੇਸ਼ਨ ਅਤੇ ਅੰਗਰੇਜ਼ੀ ਦਾ ਗਲਬਾ
ਲੇਖਿਕਾ ਅਨੁਸਾਰ, 1990 ਤੋਂ ਬਾਅਦ ਵਧੇ ਗਲੋਬਲਾਈਜ਼ੇਸ਼ਨ ਅਤੇ ਆਈਲੈਟਸ (IELTS) ਦੇ ਰੁਝਾਨ ਨੇ ਅੰਗਰੇਜ਼ੀ ਨੂੰ ਸਫਲਤਾ ਦਾ ਇੱਕੋ-ਇੱਕ ਪ੍ਰਤੀਕ ਬਣਾ ਦਿੱਤਾ ਹੈ। ਇਸ ਮਨੋਵਿਗਿਆਨਕ ਦਬਾਅ ਕਾਰਨ ਅੱਜ ਦੇ ਬੱਚੇ 'ਪੈਂਤੀ ਅੱਖਰੀ' ਅਤੇ ਮੂਲ ਪੰਜਾਬੀ ਗਿਣਤੀ ਤੋਂ ਦੂਰ ਹੁੰਦੇ ਜਾ ਰਹੇ ਹਨ। ਪੰਜਾਬੀ ਹੁਣ ਜੀਵਨ-ਸ਼ੈਲੀ ਦੀ ਬਜਾਏ ਸਿਰਫ਼ ਸਕੂਲਾਂ ਵਿੱਚ ਇੱਕ 'ਵਿਸ਼ੇ' ਤੱਕ ਸੀਮਿਤ ਹੋ ਕੇ ਰਹਿ ਗਈ ਹੈ।
ਉਨ੍ਹਾਂ ਪ੍ਰਸ਼ਾਸਨ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਵਿੱਚ ਵਪਾਰਿਕ ਅਦਾਰਿਆਂ 'ਤੇ ਪੰਜਾਬੀ ਲਿਖਣਾ ਲਾਜ਼ਮੀ ਹੈ, ਪਰ ਇਸ ਦੀ ਲਾਗੂਆਈ ਬਹੁਤ ਕਮਜ਼ੋਰ ਹੈ। ਲੁਧਿਆਣਾ ਦੇ ਪ੍ਰਮੁੱਖ ਭਾਰਤ ਨਗਰ ਚੌਂਕ ਵਰਗੇ ਸਥਾਨਾਂ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਨੀਤੀਆਂ ਅਤੇ ਜ਼ਮੀਨੀ ਹਕੀਕਤ ਵਿੱਚ ਵੱਡਾ ਅੰਤਰ ਹੈ।
ਇੱਕ ਅਹਿਮ ਨੁਕਤਾ ਸਾਂਝਾ ਕਰਦਿਆਂ ਅਨੀਤਾ ਸ਼ਰਮਾ ਨੇ ਦੱਸਿਆ ਕਿ ਪੰਜਾਬ ਵਿੱਚ ਰਹਿੰਦੇ ਪਰਵਾਸੀ ਪਰਿਵਾਰਾਂ ਦੇ ਬੱਚੇ ਸਰਕਾਰੀ ਸਕੂਲਾਂ ਰਾਹੀਂ ਪੰਜਾਬੀ ਨੂੰ ਬਾਖ਼ੂਬੀ ਅਪਣਾ ਰਹੇ ਹਨ। ਇਹ ਸਾਬਤ ਕਰਦਾ ਹੈ ਕਿ ਸਮੱਸਿਆ ਭਾਸ਼ਾ ਦੀ ਸਿੱਖਣ-ਯੋਗਤਾ ਵਿੱਚ ਨਹੀਂ, ਸਗੋਂ ਸਾਡੀ ਆਪਣੀ ਮਾਨਸਿਕਤਾ ਵਿੱਚ ਹੈ।
ਉਨ੍ਹਾਂ ਅਪੀਲ ਕੀਤੀ ਕਿ ਘਰਾਂ ਵਿੱਚ ਬੱਚਿਆਂ ਨਾਲ ਪੰਜਾਬੀ ਵਿੱਚ ਗੱਲਬਾਤ ਕੀਤੀ ਜਾਵੇ।
ਸਰਕਾਰ ਸਿਰਫ਼ ਕਾਨੂੰਨ ਨਾ ਬਣਾਵੇ, ਸਗੋਂ ਉਹਨਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਵੇ।
ਵਿਕਸਿਤ ਦੇਸ਼ਾਂ ਵਾਂਗ ਅੰਗਰੇਜ਼ੀ ਨੂੰ 'ਸਹਾਇਕ ਭਾਸ਼ਾ' ਵਜੋਂ ਵਰਤਿਆ ਜਾਵੇ, ਪਰ ਮਾਂ-ਬੋਲੀ ਨੂੰ ਪ੍ਰਸ਼ਾਸਨ ਅਤੇ ਸਿੱਖਿਆ ਦੇ ਕੇਂਦਰ ਵਿੱਚ ਰੱਖਿਆ ਜਾਵੇ।
"ਮਾਂ-ਬੋਲੀ ਸਾਡੀ ਰੂਹ ਦੀ ਆਵਾਜ਼ ਹੈ, ਆਓ ਇਸ ਦਿਨ 'ਤੇ ਅਸੀਂ ਆਪਣੀ ਵਿਰਾਸਤ ਨੂੰ ਸੰਭਾਲਣ ਦਾ ਅਹਿਦ ਲਈਏ।"
Click to Follow Babushahi Facebook page →