ਤਰਨ ਤਾਰਨ-ਗੋਇੰਦਵਾਲ ਸਾਹਿਬ ਰੋਡ 'ਤੇ ਭਿਆਨਕ ਸੜਕ ਹਾਦਸਾ: ਤੇਜ਼ ਰਫ਼ਤਾਰ ਕਾਰ ਦਰੱਖ਼ਤ ਨਾਲ ਟਕਰਾਈ, ਅੰਮ੍ਰਿਤਸਰ ਦੇ 21 ਸਾਲਾ ਨੌਜਵਾਨ ਦੀ ਮੌਕੇ 'ਤੇ ਮੌਤ
Baljit Singh
ਗੋਇੰਦਵਾਲ ਸਾਹਿਬ/ਤਰਨ ਤਾਰਨ, 10 ਅਕਤੂਬਰ, 2026: ਤਰਨ ਤਾਰਨ ਤੋਂ ਗੋਇੰਦਵਾਲ ਸਾਹਿਬ ਮੁੱਖ ਮਾਰਗ 'ਤੇ ਪੈਂਦੇ ਪਿੰਡ ਵੇਈਂ ਪੂਈਂ ਕੋਲ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੋਇੰਦਵਾਲ ਸਾਹਿਬ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਹੋਂਡਾ ਅਮੇਜ਼ ਕਾਰ ਬੇਕਾਬੂ ਹੋ ਕੇ ਮੋੜ ਨੇੜੇ ਇੱਕ ਸੜਕ ਕਿਨਾਰੇ ਦਰੱਖ਼ਤ ਨਾਲ ਟਕਰਾ ਗਈ, ਜਿਸ ਕਾਰਨ ਕਾਰ ਚਲਾ ਰਹੇ 21 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਗੋਇੰਦਵਾਲ ਸਾਹਿਬ ਦੇ ਏ.ਐੱਸ.ਆਈ. ਬਲਦੇਵ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਹਾਦਸਾਗ੍ਰਸਤ ਵਾਹਨ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਵਿਸ਼ੂ ਕੁਮਾਰ (21), ਵਾਸੀ ਛੇਹਰਟਾ (ਅੰਮ੍ਰਿਤਸਰ) ਵਜੋਂ ਹੋਈ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਇੰਚਾਰਜ ਏ.ਐੱਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਮੋੜ 'ਤੇ ਚਾਲਕ ਤੋਂ ਗੱਡੀ ਸੰਭਾਲੀ ਨਹੀਂ ਗਈ ਅਤੇ ਇਹ ਸਿੱਧੀ ਦਰੱਖ਼ਤ ਵਿੱਚ ਜਾ ਵੱਜੀ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
- Download Babushahi App
-
-