ਦੇਸ਼ ਭਰ ਤੋਂ 34 ਟੀਮਾਂ ਲੈ ਰਹੀਆਂ ਹਨ ਹਿੱਸਾ; ਚਾਰ ਰੋਜ਼ਾ ਮੁਕਾਬਲਿਆਂ ਵਿੱਚ ਖਿਡਾਰੀ ਦਿਖਾਉਣਗੇ ਜੌਹਰ
ਪਰਮੋਦ ਭਾਰਤੀ
ਨਵਾਂਸ਼ਹਿਰ, 3 ਅਕਤੂਬਰ 2026- Lamrin Tech Skills University Punjab (LTSU) ਵਿਖੇ SNAP & SPRINT Flag Bowl Inter-Club Flag Football Championship 2026 ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ। ਚਾਰ ਦਿਨ ਚੱਲਣ ਵਾਲੀ ਇਸ ਕੌਮੀ ਪੱਧਰੀ ਚੈਂਪੀਅਨਸ਼ਿਪ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ 34 ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਵਿੱਚ 20 ਟੀਮਾਂ ਪੁਰਸ਼ ਵਰਗ ਅਤੇ 14 ਟੀਮਾਂ ਮਹਿਲਾ ਵਰਗ ਦੀਆਂ ਹਨ।
ਇਹ ਵੱਕਾਰੀ ਚੈਂਪੀਅਨਸ਼ਿਪ Lamrin Tech Skills University Punjab ਦੇ ਚਾਂਸਲਰ ਨਿਰਮਲ ਸਿੰਘ ਰਾਇਤ ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ ਹੇਠ ਕਰਵਾਈ ਜਾ ਰਹੀ ਹੈ। ਇਸ ਦੇ ਆਯੋਜਨ ਵਿੱਚ ਪ੍ਰੋ. (ਡਾ.) ਮਹੇਸ਼ ਜੇਟਲੀ, ਡੀਨ, ਫਿਜ਼ੀਕਲ ਐਜੂਕੇਸ਼ਨ ਅਤੇ ਡਾਇਰੈਕਟਰ, ਯੂਨੀਵਰਸਿਟੀ ਸਪੋਰਟਸ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।
ਚੈਂਪੀਅਨਸ਼ਿਪ ਦਾ ਉਦਘਾਟਨ ਪ੍ਰੋ. ਬੀ. ਐੱਸ. ਸਤਿਆਲ, ਪ੍ਰੋ ਵਾਈਸ ਚਾਂਸਲਰ, LTSU ਨੇ ਮੁੱਖ ਮਹਿਮਾਨ ਵਜੋਂ ਕੀਤਾ। ਇਸ ਮੌਕੇ ਉਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਖਿਡਾਰੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਖਿਡਾਰੀਆਂ ਨੂੰ ਪੂਰੀ ਖੇਡ ਭਾਵਨਾ, ਅਨੁਸ਼ਾਸਨ, ਟੀਮ ਵਰਕ ਅਤੇ ਸਪੋਰਟਸਮੈਨਸ਼ਿਪ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਉਦਘਾਟਨੀ ਸਮਾਰੋਹ ਵਿੱਚ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਵਿਨਾਇਕ ਗੁਪਤਾ, ਸੀ.ਏ., ਮੋਹਾਲੀ-ਚੰਡੀਗੜ੍ਹ; ਵਿਮਲ ਮਨਹੋਤਰਾ, ਸੀ.ਈ.ਓ.; ਡਾ. ਆਸ਼ੂਤੋਸ਼ ਸ਼ਰਮਾ, ਡੀਨ; ਅਤੇ ਦੀਪੇਸ਼ ਸੋਲੰਕੀ, ਸੀ.ਈ.ਓ., AFFI ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਰੋਹ ਦੀ ਸ਼ੋਭਾ ਵਧਾਈ।
ਇਸ ਤੋਂ ਇਲਾਵਾ ਲੋਕੇਂਦਰ ਸਿੰਘ, ਸਕੱਤਰ AFFI; ਬਲਪ੍ਰੀਤ ਸਿੰਘ, ਸਕੱਤਰ, American Football Association Chandigarh; ਸੁਖਜਿੰਦਰ ਸਿੰਘ, ਮੈਂਬਰ AFFI; ਅਤੇ ਹਿਮਾਂਸ਼ੂ, ਟੈਕਨੀਕਲ ਡਾਇਰੈਕਟਰ AFFI ਵੀ ਮੌਜੂਦ ਰਹੇ।
ਚਾਰ ਦਿਨਾਂ ਤੱਕ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਟੀਮਾਂ ਵਿਚਕਾਰ ਤੇਜ਼ ਰਫ਼ਤਾਰ, ਰਣਨੀਤੀ, ਫੁਰਤੀ, ਟੀਮ ਵਰਕ ਅਤੇ ਜਿੱਤ ਲਈ ਜਜ਼ਬੇ ਨਾਲ ਭਰਪੂਰ ਮੁਕਾਬਲੇ ਦੇਖਣ ਨੂੰ ਮਿਲਣਗੇ। ਪੁਰਸ਼ਾਂ ਦੇ ਨਾਲ ਮਹਿਲਾ ਟੀਮਾਂ ਦੀ ਵੱਡੀ ਸ਼ਮੂਲੀਅਤ ਇਸ ਚੈਂਪੀਅਨਸ਼ਿਪ ਨੂੰ ਹੋਰ ਵੀ ਖਾਸ ਬਣਾ ਰਹੀ ਹੈ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਜਿਹੇ ਕੌਮੀ ਪੱਧਰ ਦੇ ਮੁਕਾਬਲੇ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਡਾ ਮੰਚ ਪ੍ਰਦਾਨ ਕਰਨ ਦੇ ਨਾਲ-ਨਾਲ ਦੇਸ਼ ਵਿੱਚ Flag Football ਖੇਡ ਨੂੰ ਉਤਸ਼ਾਹਿਤ ਕਰਨ ਅਤੇ ਇਸ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
34 ਟੀਮਾਂ, ਚਾਰ ਦਿਨ ਅਤੇ ਇੱਕੋ ਮੰਚ—SNAP & SPRINT Flag Bowl Championship 2026 LTSU ਵਿਖੇ ਖੇਡ ਪ੍ਰੇਮੀਆਂ ਲਈ ਰੋਮਾਂਚਕ ਮੁਕਾਬਲਿਆਂ ਦਾ ਕੇਂਦਰ ਬਣਨ ਜਾ ਰਹੀ ਹੈ।
- Download Babushahi App
-
-