ਐਚਐਮਈਐਲ ਦੇ ਸਕਿੱਲ ਡਿਵੈਲਪਮੈਂਟ ਕੇਂਦਰਾਂ ਤੋਂ ਸਿਖਲਾਈ ਪ੍ਰਾਪਤ ਕਰਕੇ ਨੌਜਵਾਨ ਬਣੇ ਆਤਮਨਿਰਭਰ
ਅਸ਼ੋਕ ਵਰਮਾ
ਬਠਿੰਡਾ, 30 ਜੁਲਾਈ 2026:ਪਿੰਡਾਂ ਦੇ ਆਮ ਪਰਿਵਾਰਾਂ ਨਾਲ ਸਬੰਧਤ ਨੌਜਵਾਨਾਂ ਦੀ ਪ੍ਰਤਿਭਾ ਸੀਮਿਤ ਸਹੂਲਤਾਂ ਕਾਰਨ ਦਬ ਕੇ ਨਾ ਰਹਿ ਜਾਵੇ, ਇਸ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ ਅਤੇ ਸਕਿਲ ਡਿਵੈਲਪਮੈਂਟ ਦੀ ਸਿਖਲਾਈ ਦੇ ਕੇ ਰੋਜ਼ਗਾਰਯੋਗ ਬਣਾਉਣ ਲਈ ਐਚਐਮਈਐਲ ਲਗਾਤਾਰ ਯਤਨਸ਼ੀਲ ਹੈ। ਇਨ੍ਹਾਂ ਉਪਰਾਲਿਆਂ ਸਦਕਾ ਪੇਂਡੂ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਵੀਂ ਉਡਾਣ ਮਿਲ ਰਹੀ ਹੈ ਅਤੇ ਉਹ ਉੱਚ ਸਿੱਖਿਆ ਅਤੇ ਆਤਮਨਿਰਭਰਤਾ ਦੇ ਆਪਣੇ ਸੁਪਨੇ ਵੀ ਸਾਕਾਰ ਕਰ ਰਹੇ ਹਨ।ਇਸੇ ਕੜੀ ਤਹਿਤ ਐਚਪੀਸੀਐਲ-ਮਿੱਤਲ ਐਨਰਜੀ ਲਿਮਿਟੇਡ (ਐਚਐਮਈਐਲ) ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵੱਲੋਂ ਨੈਸ਼ਨਲ ਸਕਿਲ ਡਿਵੈਲਪਮੈਂਟ ਕਾਰਪੋਰੇਸ਼ਨ (ਐਨਐਸਡੀਸੀ) ਦੇ ਸਹਿਯੋਗ ਨਾਲ ਤਲਵੰਡੀ ਸਾਬੋ ਵਿਖੇ ਚਲਾਏ ਜਾ ਰਹੇ ਸਕਿਲ ਡਿਵੈਲਪਮੈਂਟ ਕੇਂਦਰ ਰਾਹੀਂ 480 ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਆਤਮਨਿਰਭਰ ਕੀਤਾ ਗਿਆ ਹੈ।
ਇਨ੍ਹਾਂ ਵਿੱਚੋਂ 341 ਨੌਜਵਾਨ ਅੱਜ ਵੱਖ-ਵੱਖ ਖੇਤਰਾਂ ਵਿੱਚ ਰੋਜ਼ਗਾਰ ਪ੍ਰਾਪਤ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਕਰੀਬ 100 ਨੌਜਵਾਨਾਂ ਨੂੰ ਬੁੱਧਵਾਰ ਨੂੰ ਤਲਵੰਡੀ ਸਾਬੋ ਵਿਖੇ ਐਨਐਸਡੀਸੀ ਅਧੀਨ ਚੱਲ ਰਹੇ ਜਾਰਜ ਟੈਲੀਗ੍ਰਾਫ ਟ੍ਰੇਨਿੰਗ ਇੰਸਟੀਚਿਊਟ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਦੌਰਾਨ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਸਮਾਗਮ ਦਾ ਉਦੇਸ਼ ਨੌਜਵਾਨਾਂ ਨੂੰ ਰੋਜ਼ਗਾਰਮੁਖੀ ਹੁਨਰਾਂ ਨਾਲ ਸਸ਼ਕਤ ਕਰਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣਾ ਅਤੇ ਖੇਤਰ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਸੀ। ਸਮਾਗਮ ਦੌਰਾਨ ਐਚਐਮਈਐਲ ਵੱਲੋਂ ਸ਼੍ਰੀ ਵਿਸ਼ਵਮੋਹਨ ਪ੍ਰਸਾਦ, ਡੀਜੀਐਮ (ਸੀਐਸਆਰ) ਅਤੇ ਉਨ੍ਹਾਂ ਦੀ ਟੀਮ, ਜਾਰਜ ਟੈਲੀਗ੍ਰਾਫ ਵੱਲੋਂ ਸ਼੍ਰੀਮਤੀ ਮੌਮਿਤਾ ਘੋਸ਼, ਏਵੀਪੀ – ਸੀਐਸਆਰ ਅਤੇ ਗਵਰਨਮੈਂਟ ਪ੍ਰੋਜੈਕਟਸ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਇਸ ਮੌਕੇ ਸਕਿਲ ਡਿਵੈਲਪਮੈਂਟ ਕੇਂਦਰ ਤੋਂ ਸਿਖਲਾਈ ਪੂਰੀ ਕਰਨ ਵਾਲੇ ਨੌਜਵਾਨਾਂ ਦਾ ਹੌਸਲਾ ਵਧਾਉਂਦੇ ਹੋਏ ਸ਼੍ਰੀ ਵਿਸ਼ਵਮੋਹਨ ਪ੍ਰਸਾਦ ਨੇ ਕਿਹਾ ਕਿ ਅੱਜ ਦਾ ਯੁੱਗ ਹੁਨਰ ਦਾ ਯੁੱਗ ਹੈ। ਜੇਕਰ ਕਿਸੇ ਨੌਜਵਾਨ ਕੋਲ ਸਿੱਖਿਆ ਦੇ ਨਾਲ-ਨਾਲ ਵਿਹਾਰਕ ਹੁਨਰ ਵੀ ਹੋਵੇ ਤਾਂ ਉਸ ਲਈ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੋਵੇਂ ਦੇ ਰਸਤੇ ਖੁੱਲ੍ਹ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਰ ਨੌਜਵਾਨ ਨੂੰ ਲਗਾਤਾਰ ਸਿੱਖਣ ਦੀ ਆਦਤ ਵਿਕਸਿਤ ਕਰਨੀ ਚਾਹੀਦੀ ਹੈ, ਕਿਉਂਕਿ ਸਿੱਖਣਾ ਹੀ ਸਫਲਤਾ ਦੀ ਸਭ ਤੋਂ ਵੱਡੀ ਪੌੜੀ ਹੈ।
ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ। ਅਨੁਸ਼ਾਸਨ, ਮਿਹਨਤ ਅਤੇ ਸਕਾਰਾਤਮਕ ਸੋਚ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਸਰਟੀਫਿਕੇਟ ਵੰਡਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਮਿਲਿਆ ਇਹ ਸਰਟੀਫਿਕੇਟ ਕੇਵਲ ਇੱਕ ਦਸਤਾਵੇਜ਼ ਨਹੀਂ, ਸਗੋਂ ਤੁਹਾਡੇ ਰੌਸ਼ਨ ਭਵਿੱਖ ਦੀ ਸ਼ੁਰੂਆਤ ਹੈ। ਉਨ੍ਹਾਂ ਨੌਜਵਾਨਾਂ ਨੂੰ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਸਰਗਰਮ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।ਇਸ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਅਕਾਊਂਟਸ ਅਸਿਸਟੈਂਟ ਟ੍ਰੇਡ ਵਿੱਚ 180 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ, ਜਿਨ੍ਹਾਂ ਵਿੱਚੋਂ 116 ਨੌਜਵਾਨਾਂ ਨੂੰ ਰੋਜ਼ਗਾਰ ਮਿਲ ਚੁੱਕਾ ਹੈ। ਇਸੇ ਤਰ੍ਹਾਂ ਬੈਂਕਐਸ਼ੋਰੈਂਸ ਰਿਲੇਸ਼ਨਸ਼ਿਪ ਐਸੋਸੀਏਟ ਟ੍ਰੇਡ ਵਿੱਚ 300 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ, ਜਿਨ੍ਹਾਂ ਵਿੱਚੋਂ 225 ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਾਪਤ ਹੋਏ ਹਨ।
ਕੇਂਦਰ ਦੇ ਸਾਬਕਾ ਵਿਦਿਆਰਥੀ ਜਗਦੀਪ ਸਿੰਘ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਅਪ੍ਰੈਲ 2025 ਵਿੱਚ ਕੇਂਦਰ ਵਿੱਚ ਦਾਖਲਾ ਲੈ ਕੇ ਤਿੰਨ ਮਹੀਨੇ ਦਾ ਅਕਾਊਂਟਸ ਅਸਿਸਟੈਂਟ ਕੋਰਸ ਕੀਤਾ। ਇਸ ਤੋਂ ਬਾਅਦ ਆਈਆਰਡੀਏਆਈ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਜੁਲਾਈ 2025 ਵਿੱਚ ਉਨ੍ਹਾਂ ਦੀ ਚੋਣ ਐਸਬੀਆਈ ਲਾਈਫ ਇੰਸ਼ੋਰੈਂਸ ਵਿੱਚ ਹੋ ਗਈ। ਇਸ ਨਾਲ ਨਾ ਸਿਰਫ਼ ਉਨ੍ਹਾਂ ਨੂੰ ਰੋਜ਼ਗਾਰ ਮਿਲਿਆ, ਸਗੋਂ ਉਹ ਆਪਣੇ ਪਰਿਵਾਰ ਦੀ ਆਰਥਿਕ ਮਜ਼ਬੂਤੀ ਦਾ ਵੀ ਸਹਾਰਾ ਬਣੇ।ਤਲਵੰਡੀ ਸਾਬੋ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਅਕਾਊਂਟਸ ਅਸਿਸਟੈਂਟ ਦਾ ਕੋਰਸ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਠਿੰਡਾ ਦੀ ਇੱਕ ਸੰਸਥਾ ਵਿੱਚ ਨੌਕਰੀ ਮਿਲੀ, ਜਿਸ ਨਾਲ ਉਹ ਅੱਜ ਆਤਮਨਿਰਭਰ ਬਣ ਕੇ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਸਫਲ ਹੋਈ ਹੈ। ਅੰਤ ਵਿੱਚ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
- Download Babushahi App
-
-