ਸਰਕਾਰੀ ਕਾਲਜ ਗੁਰਦਾਸਪੁਰ ਵਿਖੇ "ਇਨੋਵੇਸ਼ਨ, ਲੀਡਰਸ਼ਿਪ ਐਂਡ ਨੈਸ਼ਨ ਬਿਲਡਿੰਗ: ਐਨ.ਡੀ.ਏ. ਇੰਡਕਸ਼ਨ ਪ੍ਰੋਗਰਾਮ" ਕਰਵਾਇਆ
ਰੋਹਿਤ ਗੁਪਤਾ
ਗੁਰਦਾਸਪੁਰ, 27 ਜੁਲਾਈ ਸਰਕਾਰੀ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਦੀ ਯੋਗ ਅਗਵਾਈ ਹੇਠ ਕਾਲਜ ਦੀ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ (IIC) ਵੱਲੋਂ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ (IQAC) ਦੇ ਸਹਿਯੋਗ ਨਾਲ "ਇਨੋਵੇਸ਼ਨ, ਲੀਡਰਸ਼ਿਪ ਐਂਡ ਨੈਸ਼ਨ ਬਿਲਡਿੰਗ: ਐਨ.ਡੀ.ਏ. ਇੰਡਕਸ਼ਨ ਪ੍ਰੋਗਰਾਮ" ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਸਸ਼ਸਤ੍ਰ ਸੈਨਾਵਾਂ, ਵਿਸ਼ੇਸ਼ ਤੌਰ 'ਤੇ ਨੈਸ਼ਨਲ ਡਿਫੈਂਸ ਅਕੈਡਮੀ (NDA) ਅਤੇ ਭਾਰਤੀ ਹਵਾਈ ਸੈਨਾ (Indian Air Force) ਵਿੱਚ ਉੱਜਵਲ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨਾ ਸੀ।
ਪ੍ਰੋਗਰਾਮ ਦੇ ਮੁੱਖ ਵਕਤਾ ਲੈਫਟੀਨੈਂਟ ਧਰੁਵ ਯਾਦਵ ਸਨ। ਆਪਣੇ ਪ੍ਰੇਰਨਾਦਾਇਕ ਅਤੇ ਜਾਣਕਾਰੀ ਭਰਪੂਰ ਸੰਬੋਧਨ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੇਸ਼ ਸੇਵਾ ਦੇ ਉੱਚ ਆਦਰਸ਼ਾਂ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਸਸ਼ਸਤ੍ਰ ਸੈਨਾਵਾਂ ਵਿੱਚ ਕਰੀਅਰ ਕੇਵਲ ਇੱਕ ਨੌਕਰੀ ਨਹੀਂ, ਸਗੋਂ ਰਾਸ਼ਟਰ ਪ੍ਰਤੀ ਸਮਰਪਣ, ਅਨੁਸ਼ਾਸਨ, ਲੀਡਰਸ਼ਿਪ ਅਤੇ ਨੈਤਿਕ ਮੁੱਲਾਂ ਨਾਲ ਭਰਪੂਰ ਜੀਵਨ ਜਿਉਣ ਦਾ ਸੁਨਹਿਰੀ ਮੌਕਾ ਹੈ।
ਲੈਫਟੀਨੈਂਟ ਧਰੁਵ ਯਾਦਵ ਨੇ ਐਨ.ਡੀ.ਏ. ਵਿੱਚ ਦਾਖਲੇ ਲਈ ਯੋਗਤਾ ਸ਼ਰਤਾਂ, ਲਿਖਤੀ ਪ੍ਰੀਖਿਆ, ਐੱਸ.ਐੱਸ.ਬੀ. (SSB) ਇੰਟਰਵਿਊ, ਮੈਡੀਕਲ ਟੈਸਟ, ਸਰੀਰਕ ਯੋਗਤਾ ਅਤੇ ਚੋਣ ਪ੍ਰਕਿਰਿਆ ਦੇ ਹਰ ਪੜਾਅ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਪ੍ਰਭਾਵਸ਼ਾਲੀ ਰਣਨੀਤੀਆਂ, ਸਮਾਂ ਪ੍ਰਬੰਧਨ, ਸ਼ਖਸੀਅਤ ਵਿਕਾਸ ਅਤੇ ਸਰੀਰਕ ਤੰਦਰੁਸਤੀ ਦੀ ਮਹੱਤਤਾ ਬਾਰੇ ਵੀ ਵਿਸਥਾਰਪੂਰਵਕ ਮਾਰਗਦਰਸ਼ਨ ਦਿੱਤਾ। ਉਨ੍ਹਾਂ ਨੇ ਭਾਰਤੀ ਹਵਾਈ ਸੈਨਾ ਵਿੱਚ ਉਪਲਬਧ ਵੱਖ-ਵੱਖ ਕਰੀਅਰ ਮੌਕਿਆਂ, ਤਕਨੀਕੀ ਅਤੇ ਗੈਰ-ਤਕਨੀਕੀ ਸ਼ਾਖਾਵਾਂ ਅਤੇ ਉੱਚ ਪੱਧਰੀ ਸਿਖਲਾਈ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।
ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਅਤੇ ਪ੍ਰਸ਼ਨ-ਉੱਤਰ ਸੈਸ਼ਨ ਵਿੱਚ ਐਨ.ਡੀ.ਏ. ਦੀ ਯੋਗਤਾ, ਸਿਖਲਾਈ, ਸੇਵਾ ਦੀਆਂ ਸੰਭਾਵਨਾਵਾਂ, ਤਰੱਕੀ ਦੇ ਮੌਕੇ ਅਤੇ ਸੈਨਿਕ ਜੀਵਨ ਨਾਲ ਸੰਬੰਧਿਤ ਅਨੇਕਾਂ ਪ੍ਰਸ਼ਨ ਪੁੱਛੇ। ਲੈਫਟੀਨੈਂਟ ਧਰੁਵ ਯਾਦਵ ਨੇ ਹਰ ਪ੍ਰਸ਼ਨ ਦਾ ਬਹੁਤ ਹੀ ਸਰਲ, ਸਪਸ਼ਟ ਅਤੇ ਵਿਹਾਰਕ ਢੰਗ ਨਾਲ ਜਵਾਬ ਦਿੱਤਾ, ਜਿਸ ਨਾਲ ਵਿਦਿਆਰਥੀਆਂ ਦਾ ਆਤਮਵਿਸ਼ਵਾਸ ਹੋਰ ਵਧਿਆ।
ਇਸ ਮੌਕੇ ਲਗਭਗ 80 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਵਿੱਚ ਪ੍ਰੋ. ਸੁਗੰਧੀ ਮਹਾਜਨ, ਪ੍ਰੋ. ਤਰਨਬੀਰ ਕੌਰ, ਪ੍ਰੋ. ਕਰਨਵੀਰ ਸਿੰਘ, ਪ੍ਰੋ. ਮਮਤਾ ਸੈਣੀ ਅਤੇ ਡਾ. ਗੁਰਦੀਪ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿੱਚ ਕਰੀਅਰ ਸਬੰਧੀ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਸ਼ਸਤ੍ਰ ਸੈਨਾਵਾਂ ਵਿੱਚ ਸੇਵਾ ਕਰਨਾ ਹਰ ਨੌਜਵਾਨ ਲਈ ਮਾਣ ਅਤੇ ਸਨਮਾਨ ਦੀ ਗੱਲ ਹੈ ਅਤੇ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਦੇਸ਼ਭਗਤੀ, ਆਤਮ-ਵਿਸ਼ਵਾਸ, ਲੀਡਰਸ਼ਿਪ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
- Download Babushahi App
-
-