ਰਮਨ ਬਹਿਲ ਦੀਆਂ ਕੋਸ਼ਿਸ਼ਾਂ ਨਾਲ ਸਬਜ਼ੀ ਮੰਡੀ ਗੁਰਦਾਸਪੁਰ ਨੂੰ ਮਿਲਿਆ ਤੋਹਫ਼ਾ
36 ਲੱਖ ਰੁਪਏ ਦੀ ਲਾਗਤ ਨਾਲ 5,000 ਵਰਗ ਫੁੱਟ ਦੇ ਸਟੀਲ ਕਵਰ ਸ਼ੈੱਡ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ, 27 ਜੁਲਾਈ
ਗੁਰਦਾਸਪੁਰ ਦੇ ਹਲਕਾ ਇੰਚਾਰਜ ਸ੍ਰੀ ਰਮਨ ਬਹਿਲ ਨੇ ਅੱਜ ਸਬਜ਼ੀ ਮੰਡੀ ਗੁਰਦਾਸਪੁਰ ਵਿੱਚ 36 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ 5,000 ਵਰਗ ਫੁੱਟ ਦੇ ਸਟੀਲ ਕਵਰ ਸ਼ੈੱਡ ਦੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ ਕਰਵਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਸਬਜ਼ੀ ਮੰਡੀ ਗੁਰਦਾਸਪੁਰ ਦੇ ਵਿਕਾਸ ਲਈ ਇਤਿਹਾਸਕ ਕੰਮ ਹੋਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਨ ਬਹਿਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਬਜ਼ੀ ਮੰਡੀ ਵਿੱਚ 15,000 ਵਰਗ ਫੁੱਟ ਦਾ ਸਟੀਲ ਕਵਰ ਸ਼ੈੱਡ ਤਿਆਰ ਕਰਵਾਇਆ ਗਿਆ ਸੀ, ਜਿਸ ’ਤੇ ਕਰੀਬ 1 ਕਰੋੜ 4 ਲੱਖ ਰੁਪਏ ਦੀ ਲਾਗਤ ਆਈ। ਇਸ ਤੋਂ ਬਾਅਦ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੀ ਮੰਗ ’ਤੇ 2,500 ਵਰਗ ਫੁੱਟ ਹੋਰ ਸ਼ੈੱਡ ਦਾ ਵਿਸਥਾਰ ਕਰਵਾਇਆ ਗਿਆ, ਜਿਸ ’ਤੇ ਲਗਭਗ 25 ਲੱਖ ਰੁਪਏ ਖਰਚ ਕੀਤੇ ਗਏ।
ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਐਸੋਸੀਏਸ਼ਨ ਵੱਲੋਂ ਬਾਕੀ ਰਹਿੰਦੀ ਖੁੱਲ੍ਹੀ ਥਾਂ ’ਤੇ ਵੀ ਸ਼ੈੱਡ ਬਣਾਉਣ ਦੀ ਮੰਗ ਕੀਤੀ ਗਈ ਤਾਂ ਜੋ ਫੜ੍ਹ ਲਗਾਉਣ ਵਾਲੇ ਵਪਾਰੀਆਂ ਅਤੇ ਖਰੀਦਦਾਰਾਂ ਨੂੰ ਮੀਂਹ ਅਤੇ ਧੁੱਪ ਤੋਂ ਰਾਹਤ ਮਿਲ ਸਕੇ ਅਤੇ ਕਾਰੋਬਾਰ ਨੂੰ ਹੋਰ ਪ੍ਰੋਤਸ਼ਾਹਨ ਮਿਲੇ। ਇਸ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੇ ਪੰਜਾਬ ਸਰਕਾਰ ਕੋਲ ਪ੍ਰਸਤਾਵ ਰੱਖਿਆ, ਜਿਸ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਮਨਜ਼ੂਰੀ ਦਿੱਤੀ। ਅੱਜ 5,000 ਵਰਗ ਫੁੱਟ ਦੇ ਨਵੇਂ ਸਟੀਲ ਕਵਰ ਸ਼ੈੱਡ, ਜਿਸ ’ਤੇ ਕਰੀਬ 36 ਲੱਖ ਰੁਪਏ ਦੀ ਲਾਗਤ ਆਵੇਗੀ, ਦੇ ਨਿਰਮਾਣ ਕਾਰਜ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ।
ਰਮਨ ਬਹਿਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਉਪਰੰਤ ਸਬਜ਼ੀ ਮੰਡੀ ਦਾ ਸਮੁੱਚਾ ਫੜ੍ਹ ਖੇਤਰ ਸਟੀਲ ਕਵਰ ਸ਼ੈੱਡ ਨਾਲ ਢੱਕਿਆ ਜਾਵੇਗਾ। ਕੁੱਲ ਮਿਲਾ ਕੇ 22,500 ਵਰਗ ਫੁੱਟ ਖੇਤਰ ਵਿੱਚ ਸਟੀਲ ਸ਼ੈੱਡ ਤਿਆਰ ਹੋਵੇਗਾ, ਜਿਸ ’ਤੇ ਲਗਭਗ 1 ਕਰੋੜ 65 ਲੱਖ ਰੁਪਏ ਦੀ ਲਾਗਤ ਆਵੇਗੀ।
ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਦੀ ਖ਼ਰਾਬ ਸੜਕ ਕਾਰਨ ਵਪਾਰੀਆਂ, ਆੜ੍ਹਤੀਆਂ ਅਤੇ ਟਰਾਂਸਪੋਰਟਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸਮੱਸਿਆ ਦੇ ਹੱਲ ਲਈ 1 ਕਰੋੜ 1 ਲੱਖ ਰੁਪਏ ਦੀ ਲਾਗਤ ਨਾਲ ਸੀਮੈਂਟ ਕਾਂਕਰੀਟ ਦੀ ਨਵੀਂ ਸੜਕ ਵੀ ਤਿਆਰ ਕਰਵਾਈ ਗਈ ਹੈ।
ਰਮਨ ਬਹਿਲ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਸਬਜ਼ੀ ਮੰਡੀ ਗੁਰਦਾਸਪੁਰ ਦੇ ਵਿਕਾਸ ਲਈ ਲਗਭਗ 2 ਕਰੋੜ 66 ਲੱਖ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਕਸਦ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣਾ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੇ ਸਬਜ਼ੀ ਮੰਡੀ ਅਤੇ ਇਸ ਇਲਾਕੇ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਹੈ। ਗੁਰਦਾਸਪੁਰ ਹਲਕੇ ਦੇ ਲੋਕ ਉਨ੍ਹਾਂ ਲਈ ਆਪਣੇ ਪਰਿਵਾਰ ਵਾਂਗ ਹਨ ਅਤੇ ਉਹ ਹਮੇਸ਼ਾਂ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨ ਲਈ ਵਚਨਬੱਧ ਰਹਿਣਗੇ। ਉਨ੍ਹਾਂ ਇਸ ਪ੍ਰੋਜੈਕਟ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।
ਰਮਨ ਬਹਿਲ ਨੇ ਆਖਰ ਵਿੱਚ ਕਿਹਾ ਕਿ ਉਨ੍ਹਾਂ ਦੀ ਰਾਜਨੀਤੀ ਦਾ ਇੱਕੋ-ਇੱਕ ਮਕਸਦ ਵਿਕਾਸ ਅਤੇ ਲੋਕ ਸੇਵਾ ਹੈ। ਉਹ ਆਮ ਆਦਮੀ ਪਾਰਟੀ ਦੀ ਸੋਚ ’ਤੇ ਪਹਿਰਾ ਦਿੰਦਿਆਂ ਗੁਰਦਾਸਪੁਰ ਹਲਕੇ ਦੇ ਲੋਕਾਂ ਦੀ ਨਿਰੰਤਰ ਸੇਵਾ ਕਰਦੇ ਰਹਿਣਗੇ।
ਇਸ ਮੌਕੇ ਮਾਰਕੀਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਭਾਰਤ ਭੂਸ਼ਨ ਸ਼ਰਮਾ, ਸਬਜ਼ੀ ਮੰਡੀ ਐਸੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ਰਵੀ ਮਹਾਜਨ, ਨਗਰ ਸੁਧਾਰ ਟਰੱਸਟ ਦੇ ਟਰੱਸਟੀ ਰਘੁਬੀਰ ਸਿੰਘ ਖ਼ਾਲਸਾ, ਹਿਤੇਸ਼ ਮਹਾਜਨ, ਸਬਜ਼ੀ ਮੰਡੀ ਦੇ ਆੜ੍ਹਤੀ ਸਾਹਿਬਾਨ ਅਤੇ ਸ਼ਹਿਰ ਦੇ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ।
- Download Babushahi App
-
-