ਬੂਟਾ ਸਿੰਘ ਚੌਹਾਨ ਦੀ ਪੁਸਤਕ ‘ਅਜੀਬ ਪਾਤਰਾਂ ਦੀ ਦਾਸਤਾਨ’ ਲੋਕ ਅਰਪਣ
ਅਸ਼ੋਕ ਵਰਮਾ
ਬਠਿੰਡਾ, 13 ਜੁਲਾਈ 2025: ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ਸਥਾਨਕ ਟੀਚਰਜ ਹੋਮ ਵਿਖੇ ਲੇਖਕ ਬੂਟਾ ਸਿੰਘ ਚੌਹਾਨ ਦੀ ਸੰਪਾਦਿਤ ਪੁਸਤਕ ‘‘ਅਜੀਬ ਪਾਤਰਾਂ ਦੀ ਦਾਸਤਾਨ’’ ਨੂੰ ਲੋਕ ਅਰਪਣ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਕਿਸ਼ੋਰ ਬਾਂਸਲ ਸੇਵਾਮੁਕਤ ਨਿਗਰਾਨ ਇੰਜਨੀਅਰ ਨਗਰ ਨਿਗਮ ਬਠਿੰਡਾ ਸਨ ਅਤੇ ਪ੍ਰਧਾਨਗੀ ਡਾ: ਜਸਬੀਰ ਸਿੰਘ ਢਿੱਲੋਂ ਪ੍ਰਿੰਸੀਪਲ ਦੇਸ ਰਾਜ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਇਸ ਪੁਸਤਕ ਦੇ ਸੰਪਾਦਕ ਬੂਟਾ ਸਿੰਘ ਚੌਹਾਨ, ਪ੍ਰਸਿੱਧ ਕਹਾਣੀਕਾਰ ਅਤਰਜੀਤ, ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਅਤੇ ਉੱਘੇ ਗ਼ਜਲਗੋ ਸੁਰਿੰਦਰਪ੍ਰੀਤ ਘਣੀਆ ਵੀ ਮੌਜੂਦ ਸਨ। ਪੁਸਤਕ ਲੋਕ ਅਰਪਣ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਪਾਲ ਸਿੰਘ ਕੋਟਫੱਤਾ ਨੇ ਸ੍ਰੀ ਚੌਹਾਨ ਅਤੇ ਉਹਨਾਂ ਦੀ ਲੇਖਣੀ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਲਿਖਦੇ ਜਾਂ ਪੜ੍ਹਦੇ ਹੀ ਵੇਖੇ ਜਾਂਦੇ ਹਨ, ਸਾਹਿਤ ਉਹਨਾਂ ਦੇ ਸਾਹਾਂ ਦੇ ਨਾਲ ਨਾਲ ਤੁਰਦਾ ਹੈ।
ਉਹਨਾਂ ਇਸ ਪੁਸਤਕ ਵਿਚਲੇ ਆਪਣੇ ਪਾਤਰ ਮਿੱਡ ਬਾਰੇ ਵੀ ਵਿਸਥਾਰ ਪੂਰਬਕ ਜਾਣਕਾਰੀ ਮੁਹੱਈਆ ਕਰਵਾਈ। ਇਸਤੋਂ ਬਾਅਦ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਪੁਸਤਕ ਵਿੱਚ ਸ਼ਾਮਲ ਸੀਰਤਨਾਮੇ ਲੇਖ ਨਹੀਂ ਹਨ, ਕਹਾਣੀ ਜਾਂ ਨਾਵਲ ਵਾਂਗ ਵਿਰਤਾਂਤ ਅਤੇ ਸ਼ੈਲੀ ਵਿੱਚ ਲਿਖੇ ਪਾਤਰਾਂ ਦੇ ਸ਼ਬਦ ਚਿੱਤਰ ਹਨ। ਉਹਨਾਂ ਲੇਖਕ ਬਾਰੇ ਕਿਹਾ ਕਿ ਉਹ ਹਮੇਸ਼ਾਂ ਉੱਭਰਦੇ ਲੇਖਕਾਂ ਨੂੰ ਹਲਾਸ਼ੇਰੀ ਦਿੰਦੇ ਹਨ ਅਤੇ ਪ੍ਰੇਰਦੇ ਰਹਿੰਦੇ ਹਨ, ਜਿਸ ਸਦਕਾ ਨਵੇਂ ਲੇਖਕ ਪੈਦਾ ਕਰਨ ਵਾਲਾ ਉਹਨਾਂ ਦਾ ਗੁਣ ਮਾਤਭਾਸ਼ਾ ਪੰਜਾਬੀ ਦੀ ਵੱਡੀ ਸੇਵਾ ਹੈ। ਜਸਪਾਲ ਮਾਨਖੇੜਾ ਨੇ ਕਿਹਾ ਕਿ ਬੂਟਾ ਸਿੰਘ ਚੌਹਾਨ ਸਰਵਾਂਗੀ ਲੇਖਕ ਹਨ, ਉਹਨਾਂ ਉੱਚਪਾਏ ਦੀਆਂ ਗ਼ਜ਼ਲਾਂ ਰਚਨ ਤੋਂ ਇਲਾਵਾ ਕਹਾਣੀ, ਵਾਰਤਕ, ਨਾਵਲ ਵੀ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਹਨ। ਉਹਨਾਂ ਕਿਹਾ ਕਿ ਇਸ ਪੁਸਤਕ ਵਿੱਚ ਸ਼ਾਮਲ ਹਰ ਸੀਰਤਨਾਮਾ ਪਾਠਕ ਨੂੰ ਝੰਜੋੜਦਾ ਹੈ ਅਤੇ ਸੋਚਣ ਲਈ ਮਜਬੂਰ ਕਰ ਦਿੰਦਾ ਹੈ।
ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆ ਨੇ ਕਿਹਾ ਕਿ ਸ੍ਰੀ ਚੌਹਾਨ ਉੱਚਕੋਟੀ ਦੇ ਪੱਤਰਕਾਰ, ਗ਼ਜ਼ਲਗੋ ਅਤੇ ਸਾਹਿਤਕਾਰ ਹਨ ਅਤੇ ਨਵੇਂ ਸਾਹਿਤਕਾਰਾਂ ਲਈ ਮਾਰਗ ਦਰਸ਼ਕ ਹਨ। ਉਹਨਾਂ ਕਿਹਾ ਕਿ ਤਸੱਲੀ ਵਾਲੀ ਗੱਲ ਹੈ ਕਿ ਪੰਜਾਬੀ ਪਾਠਕ ਅੱਜ ਦੁਨੀਆਂ ਭਰ ਵਿੱਚ ਫੈਲੇ ਹੋਏ ਹਨ। ਉਹਨਾਂ ਸ਼ਾਇਰਾਂ ਨੂੰ ਵਾਰਤਕ ਉੱਤੇ ਕਲਮ ਚਲਾਉਣ ਦਾ ਵੀ ਸੁਝਾਅ ਦਿੱਤਾ। ਸ੍ਰੀ ਅਤਰਜੀਤ ਨੇ ਕਿਹਾ ਕਿ ਬੂਟਾ ਸਿੰਘ ਚੌਹਾਨ ਦੋਸਤਾਂ ਨਾਲ ਰਹਿਨਨੁਮਾ ਵਾਲਾ ਰਿਸ਼ਤਾ ਨਿਭਾ ਰਹੇ ਹਨ, ਉਹਨਾਂ ਰਚਨਾਕਾਰੀ ਸਬੰਧੀ ਜਿਸਦੀ ਵੀ ਉਂਗਲ ਫੜੀ ਉਸਨੂੰ ਪਾਰ ਲਾਇਆ ਹੈ। ਸ੍ਰੀ ਕਿਸ਼ੋਰ ਬਾਂਸਲ ਨੇ ਕਿਹਾ ਕਿ ਸਾਹਿਤ ਜੀਵਨ ਵਿੱਚ ਰੌਸ਼ਨੀ ਕਰਦਾ ਹੈ, ਹਰ ਇਨਸਾਨ ਨੂੰ ਸਮਾਂ ਕੱਢ ਕੇ ਪੁਸਤਕਾਂ ਪੜ੍ਹਣੀਆਂ ਚਾਹੀਦੀਆਂ ਹਨ। ਬੂਟਾ ਸਿੰਘ ਚੌਹਾਨ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ ਜ਼ਮੀਨਾਂ ਕੋਠੀਆਂ ਜਾਂ ਪੈਸਾ ਇਕੱਠਾ ਕਰਕੇ ਹੀ ਨਾਂ ਨਹੀਂ ਬਣਦਾ, ਸਾਹਿਤ ਲਈ ਸਮਰਪਿਤ ਹੋ ਕੇ, ਲੇਖਕ ਬਣ ਕੇ ਵੀ ਨਾਂ ਕਮਾਇਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਜਿਹੜੇ ਲੇਖਕ ਘਰ ਵਿੱਚ ਵੀ ਸਾਹਿਤ ਨਾਲ ਜੁੜੇ ਰਹਿੰਦੇ ਹਨ, ਉਹਨਾਂ ਬਾਰੇ ਬਾਹਰ ਵੀ ਕੁੱਝ ਨਾ ਕੁੱਝ ਹੁੰਦਾ ਹੈ, ਜੋ ਲਿਖਣ ਨੂੰ ਪਹਿਲ ਦਿੰਦੇ ਹਨ ਉਹ ਸਫ਼ਲ ਹੁੰਦੇ ਹਨ। ਉਹਨਾਂ ਕਿਹਾ ਕਿ ਸਮਾਜ ਲਈ ਸਾਹਿਤ ਰਚ ਕੇ ਵੀ ਲੜਾਈ ਲੜੀ ਜਾ ਸਕਦੀ ਹੈ ਅਤੇ ਲੜਣੀ ਚਾਹੀਦੀ ਹੈ। ਡਾ: ਜਸਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਪੁਸਤਕ ਜਿੰਦਗੀ ਵਿੱਚ ਪ੍ਰਭਾਵ ਛੱਡਣ ਵਾਲੇ ਅਦੀਬ ਪਾਤਰਾਂ ਤੇ ਆਧਾਰਤ ਹੈ, ਜਿਸਤੋਂ ਪ੍ਰੇਰਨਾ ਮਿਲਦੀ ਹੈ। ਕਵੀ ਦਰਬਾਰ ਵਿੱਚ ਰਣਬੀਰ ਰਾਣਾ, ਬਲਵਿੰਦਰ ਸਿੰਘ ਭੁੱਲਰ, ਅੰਮ੍ਰਿਤਪਾਲ ਸਿੰਘ, ਸੇਵਕ ਸਮੀਰੀਆ, ਕੁਲਦੀਪ ਸਿੰਘ ਦੀਪ, ਕਮਲ ਬਰਠਿੰਡਾ, ਅਮਨਦੀਪ ਕੌਰ, ਦਿਲਬਾਗ ਸਿੰਘ, ਮਨਜੀਤ ਜੀਤ, ਅਮਰ ਸਿੰਘ ਸਿੱਧੂ, ਹਰਮਨ, ਕੰਵਲਜੀਤ ਕੁਟੀ, ਰਮੇਸ਼ ਗਰਗ, ਗੁਰਸੇਵਕ ਸਿੰਘ, ਸੁਰਿੰਦਰਪ੍ਰੀਤ ਘਣੀਆ, ਬੂਟਾ ਸਿੰਘ ਚੌਹਾਨ, ਜਸਵੀਰ ਸਿੰਘ ਢਿੱਲੋਂ ਨੇ ਕਵਿਤਾਵਾਂ, ਗ਼ਜ਼ਲਾਂ ਪੇਸ਼ ਕਰਕੇ ਹਾਜਰੀ ਲਵਾਈ। ਸਟੇਜ ਸੰਚਾਲਨ ਦਮਜੀਤ ਦਰਸ਼ਨ ਨੇ ਕੀਤਾ।
- Download Babushahi App
-
-