ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਕੋਲ ਹਿਮਾਚਲ ਸਰਕਾਰ ਵੱਲੋਂ ਰਾਸ਼ਟਰੀ ਰਾਜਮਾਰਗਾਂ ਉੱਤੇ ਲਗਾਏ ਗਏ ਟੋਲ ਟੈਕਸ ਦਾ ਮੁੱਦਾ ਪਹੁੰਚਿਆ
ਮਨਪ੍ਰੀਤ ਸਿੰਘ
ਰੂਪਨਗਰ 11 ਜੁਲਾਈ
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰੂਪਨਗਰ ਅਜੈਵੀਰ ਸਿੰਘ ਲਾਲਪੁਰਾ ਨੇ ਅੱਜ ਨਵੀਂ ਦਿੱਲੀ ਵਿਖੇ ਭਾਰਤ ਸਰਕਾਰ ਦੇ ਮਾਣਯੋਗ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਸ੍ਰੀ ਹਰਸ਼ ਮਲਹੋਤਰਾ ਨਾਲ ਮੁਲਾਕਾਤ ਕਰਕੇ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਰਾਸ਼ਟਰੀ ਰਾਜਮਾਰਗਾਂ ਉੱਤੇ ਲਗਾਏ ਗਏ ਟੋਲ ਟੈਕਸ ਦੇ ਗੰਭੀਰ ਮੁੱਦੇ ਨੂੰ ਵਿਸਥਾਰਪੂਰਵਕ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ।
ਅਜੈਵੀਰ ਸਿੰਘ ਲਾਲਪੁਰਾ ਨੇ ਮੰਤਰੀ ਨੂੰ ਦੱਸਿਆ ਕਿ ਇਹ ਸਿਰਫ਼ ਟੋਲ ਟੈਕਸ ਦਾ ਮਾਮਲਾ ਨਹੀਂ, ਸਗੋਂ ਇਸ ਦਾ ਸਿੱਧਾ ਅਸਰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਲੱਖਾਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ, ਵਪਾਰਕ ਗਤੀਵਿਧੀਆਂ ਅਤੇ ਆਪਸੀ ਸਮਾਜਿਕ ਸਬੰਧਾਂ ਉੱਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਗੁਆਂਢੀ ਰਾਜਾਂ ਦੇ ਲੋਕ ਸਾਲਾਂ ਤੋਂ ਆਪਸੀ ਭਾਈਚਾਰੇ, ਵਪਾਰ ਅਤੇ ਰੋਜ਼ਗਾਰ ਦੇ ਰਿਸ਼ਤਿਆਂ ਨਾਲ ਜੁੜੇ ਹੋਏ ਹਨ, ਪਰ ਅਜਿਹੇ ਫ਼ੈਸਲੇ ਲੋਕਾਂ ਲਈ ਬੇਲੋੜੀਆਂ ਮੁਸ਼ਕਲਾਂ ਅਤੇ ਵਾਧੂ ਆਰਥਿਕ ਬੋਝ ਪੈਦਾ ਕਰ ਰਹੇ ਹਨ।
ਲਾਲਪੁਰਾ ਨੇ ਕਿਹਾ ਕਿ ਰੂਪਨਗਰ, ਨੰਗਲ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਹਰ ਰੋਜ਼ ਲਗਭਗ ਹਜਾਰਾਂ ਲੋਕ ਰੋਜ਼ਗਾਰ, ਕਾਰੋਬਾਰ, ਉਦਯੋਗਿਕ ਕੰਮਾਂ, ਸਿੱਖਿਆ ਅਤੇ ਹੋਰ ਜ਼ਰੂਰੀ ਕਾਰਜਾਂ ਲਈ ਹਿਮਾਚਲ ਪ੍ਰਦੇਸ਼ ਜਾਂਦੇ ਹਨ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਆਉਣ ਵਾਲੇ ਸੈਲਾਨੀਆਂ, ਵਪਾਰਕ ਆਵਾਜਾਈ ਅਤੇ ਜ਼ਰੂਰੀ ਸਪਲਾਈ ਦਾ ਇੱਕ ਵੱਡਾ ਹਿੱਸਾ ਵੀ ਪੰਜਾਬ ਦੇ ਇਸੇ ਖੇਤਰ ਰਾਹੀਂ ਗੁਜ਼ਰਦਾ ਹੈ। ਅਜਿਹੇ ਵਿੱਚ ਰਾਸ਼ਟਰੀ ਰਾਜਮਾਰਗਾਂ ਉੱਤੇ ਵਾਧੂ ਟੋਲ ਲਗਾਉਣਾ ਨਾ ਤਾਂ ਲੋਕ ਹਿੱਤ ਵਿੱਚ ਹੈ ਅਤੇ ਨਾ ਹੀ ਦੇਸ਼ ਦੀ ਏਕਤਾ ਅਤੇ ਆਰਥਿਕ ਵਿਕਾਸ ਦੀ ਭਾਵਨਾ ਦੇ ਅਨੁਕੂਲ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਹਮੇਸ਼ਾ ਲੋਕਾਂ ਨੂੰ ਜੋੜਨ ਦੀ ਬਜਾਏ ਵੰਡਣ ਵਾਲੀਆਂ ਰਹੀਆਂ ਹਨ। ਹਿਮਾਚਲ ਸਰਕਾਰ ਦਾ ਇਹ ਫ਼ੈਸਲਾ ਵੀ ਲੋਕਾਂ ਵਿਚਕਾਰ ਬੇਲੋੜੀਆਂ ਰੁਕਾਵਟਾਂ ਖੜ੍ਹੀਆਂ ਕਰਦਾ ਹੈ, ਜਿਸ ਨਾਲ ਦੋਵੇਂ ਰਾਜਾਂ ਦੇ ਆਮ ਨਾਗਰਿਕਾਂ, ਵਪਾਰੀਆਂ, ਉਦਯੋਗਪਤੀਆਂ ਅਤੇ ਯਾਤਰੀਆਂ ਨੂੰ ਬੇਵਜ੍ਹਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਲੋਕ ਹਿੱਤ ਦੇ ਮੁੱਦੇ ਉੱਤੇ ਕੇਂਦਰ ਸਰਕਾਰ ਵੱਲੋਂ ਜਲਦ ਤੋਂ ਜਲਦ ਪ੍ਰਭਾਵਸ਼ਾਲੀ ਦਖਲ ਦਿੱਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ।
ਕੇਂਦਰੀ ਰਾਜ ਮੰਤਰੀ ਸ੍ਰੀ ਹਰਸ਼ ਮਲਹੋਤਰਾ ਨੇ ਅਜੈਵੀਰ ਸਿੰਘ ਲਾਲਪੁਰਾ ਵੱਲੋਂ ਉਠਾਏ ਗਏ ਮੁੱਦੇ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਲੋਕਾਂ ਦੇ ਹਿੱਤਾਂ ਨਾਲ ਜੁੜੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ” ਦੇ ਸੰਕਲਪ ਅਨੁਸਾਰ ਕੇਂਦਰ ਸਰਕਾਰ ਹਮੇਸ਼ਾ ਲੋਕ ਹਿੱਤ ਨੂੰ ਪਹਿਲ ਦਿੰਦੀ ਹੈ ਅਤੇ ਇਸ ਮਾਮਲੇ ਵਿੱਚ ਵੀ ਨਿਆਂਸੰਗਤ ਅਤੇ ਉਚਿਤ ਹੱਲ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਅਜੈਵੀਰ ਸਿੰਘ ਲਾਲਪੁਰਾ ਨੇ ਕੇਂਦਰੀ ਮੰਤਰੀ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਦੇ ਸਕਾਰਾਤਮਕ ਦਖਲ ਨਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਲੱਖਾਂ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਦੋਵੇਂ ਰਾਜਾਂ ਵਿਚਕਾਰ ਆਵਾਜਾਈ, ਵਪਾਰ ਅਤੇ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤੀ ਮਿਲੇਗੀ।
- Download Babushahi App
-
-